Your Advertisement
ਨਿਊਜ਼ੀਲੈਂਡ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ

ਨਿਊਜ਼ੀਲੈਂਡ ਨੇ ਰੋਸ ਟੇਲਰ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੂੰ ਲਗਾਤਾਰ ਦੂਜੇ ਇੱਕ ਰੋਜ਼ਾ ਵਿੱਚ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾਈ। ਨਿਊਜ਼ੀਲੈਂਡ ਨੇ ਪਹਿਲਾ ਇੱਕ ਰੋਜ਼ਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਕਿਵੀ ਟੀਮ ਨੇ ਸਾਲ 2014 ਮਗਰੋਂ ਪਹਿਲੀ ਵਾਰ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ ਹੈ। ਦੂਜੇ ਪਾਸੇ ਦੋਵਾਂ ਟੀਮਾਂ ਵਿਚਾਲੇ ਹੋਈਆਂ ਦੁਵੱਲੀਆਂ ਲੜੀਆਂ ’ਚੋਂ ਤਿੰਨੋਂ (2016, 2017 ਅਤੇ 2019) ਭਾਰਤ ਨੇ ਆਪਣੇ ਨਾਮ ਕੀਤੀਆਂ ਹਨ। ਨਿਊਜ਼ੀਲੈਂਡ ਲਈ ਪਹਿਲਾ ਮੈਚ ਖੇਡ ਰਹੇ ਕਾਈਲ ਜੈਮੀਸਨ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਉਸ ਨੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਨ ਮਗਰੋਂ ਨਾਬਾਦ 25 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ।
ਲੈਅ ਵਿੱਚ ਚੱਲ ਰਹੇ ਟੇਲਰ ਦੇ ਨਾਬਾਦ ਨੀਮ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਅੱਠ ਵਿਕਟਾਂ ’ਤੇ 273 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 48.3 ਓਵਰਾਂ ਵਿੱਚ 251 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੇ 32ਵੇਂ ਓਵਰ ਤੱਕ 153 ਦੌੜਾਂ ’ਤੇ ਸੱਤ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਰਵਿੰਦਰ ਜਡੇਜਾ ਅਤੇ ਨਵਦੀਪ ਸੈਣੀ ਨੇ 76 ਦੌੜਾਂ ਦੀ ਭਾਈਵਾਲੀ ਕਰਕੇ ਮੈਚ ਨੂੰ ਦਿਲਚਸਪ ਬਣਾ ਦਿੱਤਾ। ਹਾਲਾਂਕਿ ਜੈਮੀਸਨ ਨੇ ਸੈਣੀ ਨੂੰ 45ਵੇਂ ਓਵਰ ਵਿੱਚ ਆਊਟ ਕਰਕੇ ਆਪਣੀ ਟੀਮ ਨੂੰ ਫਿਰ ਮੁਕਾਬਲੇ ’ਚ ਲਿਆਂਦਾ। ਭਾਰਤ ਨੂੰ ਆਖ਼ਰੀ ਦੋ ਓਵਰਾਂ ਵਿੱਚ 23 ਦੌੜਾਂ ਚਾਹੀਦੀਆਂ ਸਨ, ਪਰ ਜਡੇਜਾ 49ਵੇਂ ਓਵਰ ਵਿੱਚ ਜਿੰਮੀ ਨੀਸ਼ਾਮ ਦੀ ਗੇਂਦ ’ਤੇ ਕੋਲਿਨ ਡੀ ਗਰੈਂਡਹੋਮ ਨੂੰ ਕੈਚ ਦੇ ਬੈਠਾ। ਜਡੇਜਾ ਨੇ 73 ਗੇਂਦਾਂ ’ਤੇ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਈਆਂ, ਜਦਕਿ ਸੈਣੀ ਨੇ 40 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਨਾਲ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾ ਉਪਰੀ ਕ੍ਰਮ ਦੇ ਬੱਲੇਬਾਜ਼ਾਂ ਵਿੱਚ ਸਿਰਫ਼ ਸ਼੍ਰੇਅਸ ਅਈਅਰ ਚੱਲ ਸਕਿਆ, ਜਿਸ ਨੇ 52 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ 15 ਅਤੇ ਲੈਅ ਵਿੱਚ ਚੱਲ ਰਿਹਾ ਕੇਐੱਲ ਰਾਹੁਲ ਚਾਰ ਦੌੜਾਂ ਬਣਾ ਕੇ ਪਰਤ ਗਿਆ। ਨਿਊਜ਼ੀਲੈਂਡ ਦਾ ਟੇਲਰ 74 ਗੇਂਦਾਂ ਵਿੱਚ ਛੇ ਚੌਕੇ ਅਤੇ ਦੋ ਛੱਕੇ ਮਾਰ ਕੇ 73 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਨੌਵੀਂ ਵਿਕਟ ਲਈ ਜੈਮੀਸਨ ਨਾਲ 76 ਦੌੜਾਂ ਦੀ ਭਾਈਵਾਲੀ ਕੀਤੀ। ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਪਹਿਲੀ ਵਾਰ ਖੇਡ ਰਹੇ ਜੈਮੀਸਨ ਨੇ ਨਾਬਾਦ 25 ਦੌੜਾਂ ਬਣਾਈਆਂ। ਇੱਕ ਸਮੇਂ ਨਿਊਜ਼ੀਲੈਂਡ ਦਾ ਸਕੋਰ ਅੱਠ ਵਿਕਟਾਂ ’ਤੇ 197 ਦੌੜਾਂ ਸੀ, ਪਰ ਇਨ੍ਹਾਂ ਦੋਵਾਂ ਨੇ ਉਸ ਨੂੰ ਸੰਕਟ ’ਚੋਂ ਕੱਢਿਆ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 79 ਗੇਂਦਾਂ ਵਿੱਚ 79 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ, ਪਰ ਉਸ ਨੇ ਸੱਤ ਵਿਕਟਾਂ 55 ਦੌੜਾਂ ਦੇ ਅੰਦਰ ਗੁਆ ਲਈਆਂ। ਭਾਰਤ ਨੂੰ ਪਹਿਲੀ ਸਫਲਤਾ 17ਵੇਂ ਓਵਰ ਵਿੱਚ ਮਿਲੀ, ਜਦੋਂ ਯੁਜ਼ਵੇਂਦਰ ਚਾਹਲ ਨੇ ਨਿਕੋਲਸ ਨੂੰ ਆਊਟ ਕੀਤਾ। ਚਾਹਲ ਨੇ 15ਵੇਂ ਓਵਰ ਵਿੱਚ ਨਿਕੋਲਸ ਦਾ ਕੈਚ ਛੱਡ ਦਿੱਤਾ ਸੀ, ਪਰ ਪਹਿਲੀ ਵਿਕਟ ਡਿਗਣ ਮਗਰੋਂ ਕਿਵੀਆਂ ’ਤੇ ਦਬਾਅ ਬਣ ਗਿਆ। ਸ਼ਰਦੁਲ ਠਾਕੁਰ ਨੇ ਟੌਮ ਬਲੰਡੇਲ (22 ਦੌੜਾਂ) ਨੂੰ ਆਊਟ ਕੀਤਾ। ਇਸ ਮਗਰੋਂ ਗੁਪਟਿਲ ਤੇਜ਼ੀ ਨਾਲ ਦੌੜਾਂ ਲੈਣ ਦੇ ਯਤਨ ਵਿੱਚ ਠਾਕੁਰ ਦੇ ਥਰੋਅ ’ਤੇ ਰਨ ਆਊਟ ਹੋ ਗਿਆ। ਨਿਊਜ਼ੀਲੈਂਡ ਦੀਆਂ ਤਿੰਨ ਵਿਕਟਾਂ 157 ਦੌੜਾਂ ਦੇ ਸਕੋਰ ’ਤੇ ਡਿੱਗ ਗਈਆਂ। ਰਵਿੰਦਰ ਜਡੇਜਾ ਨੇ ਟੌਮ ਲੈਥਮ ਨੂੰ ਆਊਟ ਕੀਤਾ ਅਤੇ ਜਿੰਮੀ ਨੀਸ਼ਾਮ ਨੂੰ ਰਨ ਆਊਟ ਕਰ ਦਿੱਤਾ। ਡੀ ਗਰੈਂਡਹੋਮ ਨੂੰ ਠਾਕੁਰ ਨੇ ਬਾਹਰ ਦਾ ਰਾਹ ਵਿਖਾਇਆ, ਜਦਕਿ ਚਾਹਲ ਨੇ ਮਾਰਕ ਚੈਪਮੇਨ ਦਾ ਖ਼ੁਦ ਹੀ ਕੈਚ ਲੈ ਲਿਆ। ਜਦੋਂ ਚਾਹਲ ਨੇ ਟਿਮ ਸਾਊਦੀ ਨੂੰ ਆਊਟ ਕੀਤਾ ਤਾਂ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਟੀਮ 200 ਦੌੜਾਂ ਵੀ ਪਾਰ ਨਹੀਂ ਕਰ ਸਕੇਗੀ। ਚਾਹਲ ਨੇ 58 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਟੇਲਰ ਅਤੇ ਜੈਮੀਸਨ ਨੇ ਹਾਲਾਂਕਿ ਨਿਊਜ਼ੀਲੈਂਡ ਨੂੰ ਨਮੋਸ਼ੀ ਤੋਂ ਬਚਾਇਆ। ਟੇਲਰ ਨੇ 61 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਦੋਵਾਂ ਦੀ 50 ਦੌੜਾਂ ਦੀ ਭਾਈਵਾਲੀ 35 ਗੇਂਦਾਂ ਵਿੱਚ ਪੂਰੀ ਹੋਈ। ਨਿਊਜ਼ੀਲੈਂਡ ਨੇ ਆਖ਼ਰੀ ਪੰਜ ਓਵਰਾਂ ਵਿੱਚ 53 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਸ ਦੌਰੇ ’ਤੇ ਪਹਿਲੀ ਵਾਰ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੇ ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ ਦੀ ਥਾਂ ਯੁਜ਼ਵੇਂਦਰ ਚਾਹਲ ਅਤੇ ਨਵਦੀਪ ਸੈਣੀ ਨੂੰ ਉਤਾਰਿਆ।

No Comment posted
Name*
Email(Will not be published)*
Website