
ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਉਸ ਦਾ ਖ਼ਿਤਾਬੀ ਸੁਫ਼ਨਾ ਤੋੜ ਦਿੱਤਾ ਅਤੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਮ ਕਰ ਲਈ। ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਬੈੱਥ ਮੂਨੀ ਅਤੇ ਐਲਿਸਾ ਹੀਅਲੀ ਦੇ ਨੀਮ-ਸੈਂਕੜੇ ਦੀ ਬਦੌਲਤ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ, ਫਿਰ ਮੈਗਨ ਸ਼ੱਟ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ 19.1 ਓਵਰਾਂ ਵਿੱਚ 99 ਦੌੜਾਂ ’ਤੇ ਸਮੇਟ ਦਿੱਤਾ।
ਕੌਮਾਂਤਰੀ ਮਹਿਲਾ ਦਿਵਸ ਦੇ ਦਿਨ ਖੇਡੇ ਗਏ ਮੁਕਾਬਲੇ ਵਿੱਚ ਆਸਟਰੇਲਿਆਈ ਟੀਮ ਛੇਵੀਂ ਵਾਰ ਫਾਈਨਲ ਵਿੱਚ ਪਹੁੰਚੀ ਸੀ, ਜਦੋਂਕਿ ਭਾਰਤ ਦਾ ਇਹ ਪਹਿਲਾ ਖ਼ਿਤਾਬੀ ਮੁਕਾਬਲਾ ਸੀ। ਭਾਰਤੀ ਟੀਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਮੀਂਹ ਕਾਰਨ ਰੱਦ ਹੋ ਗਿਆ ਸੀ। ਗਰੁੱਪ ਗੇੜ ਵਿੱਚ ਚੋਟੀ ’ਤੇ ਰਹਿਣ ਕਾਰਨ ਭਾਰਤ ਨੂੰ ਫਾਈਨਲ ਖੇਡਣ ਦਾ ਮੌਕਾ ਮਿਲਿਆ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਆਸਟਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਟੀਮ ਅੱਜ ਦਬਾਅ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਸੀਨੀਅਰ ਕ੍ਰਮ ਦੇ ਡਿੱਗਣ ਨਾਲ ਉਸ ਦੀ ਪਹਿਲਾ ਖ਼ਿਤਾਬ ਜਿੱਤਣ ਦੀ ਉਮੀਦ ਟੁੱਟ ਗਈ।
ਦੂਜੇ ਪਾਸੇ ਆਸਟਰੇਲੀਆ ਦਾ ਇਹ ਪੰਜਵਾ ਖ਼ਿਤਾਬ ਹੈ। ਉਸ ਨੇ ਇਸ ਤੋਂ ਪਹਿਲਾਂ ਚਾਰ ਖ਼ਿਤਾਬ (2010, 2012, 2014, 2018) ਜਿੱਤੇ ਸਨ, ਜਦਕਿ 2016 ਵਿੱਚ ਉਸ ਨੂੰ ਫਾਈਨਲ ਵਿੱਚ ਵੈਸਟ ਇੰਡੀਜ਼ ਨੇ ਹਰਾਇਆ ਸੀ। ਪਹਿਲੇ ਮੈਚ ਵਿੱਚ ਭਾਰਤ ਤੋਂ ਹਾਰਨ ਦੇ ਬਾਵਜੂਦ ਮੈੱਗ ਲੈਨਿੰਗ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਦਾ ਟੂਰਨਾਮੈਂਟ ਵਿੱਚ ਸਫ਼ਰ ਸ਼ਾਨਦਾਰ ਰਿਹਾ।