Your Advertisement
ਹਿਮਾਚਲ ’ਚ ਸੁੱਖੂ ਮੰਤਰੀ ਮੰਡਲ ਦਾ ਵਿਸਤਾਰ

ਸ਼ਿਮਲਾ, 9 ਜਨਵਰੀ - ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਚਾਰ ਹਫ਼ਤੇ ਪਹਿਲਾਂ ਬਣੀ ਕੈਬਨਿਟ ਦਾ ਵਿਸਤਾਰ ਕਰਦਿਆਂ ਅੱਜ ਸੱਤ ਨਵੇਂ ਮੰਤਰੀ ਸ਼ਾਮਲ ਕੀਤੇ ਗਏ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸੱਤ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀਆਂ ਦੀ ਗਿਣਤੀ ਨੌਂ ਹੋ ਗਈ ਹੈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਰਾਜ ਭਵਨ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਨਵ-ਨਿਯੁਕਤ ਮੰਤਰੀਆਂ ਨੂੰ ਸਹੁੰ ਚੁਕਵਾਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੁੱਖੂ ਵੱਲੋਂ ਇੱਕ ਸਾਦੇ ਸਮਾਗਮ ਵਿੱਚ ਛੇ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤੇ ਗਏ। ਕੈਬਨਿਟ ਦੇ ਵਿਸਤਾਰ ਨਾਲ ਸੱਤ ਵਿਧਾਇਕਾਂ ਵਾਲੇ ਜ਼ਿਲ੍ਹੇ ਸ਼ਿਮਲਾ ਨੂੰ ਤਿੰਨ ਮੰਤਰੀਆਂ ਅਤੇ ਇੱਕ ਮੁੱਖ ਸੰਸਦੀ ਸਕੱਤਰ ਨਾਲ ਮੰਤਰੀ ਮੰਡਲ ਦਾ ਵੱਡਾ ਹਿੱਸਾ ਮਿਲਿਆ ਹੈ, ਜਦਕਿ ਬਿਲਾਸਪੁਰ, ਮੰਡੀ ਅਤੇ ਲਾਹੌਲ ਅਤੇ ਸਪਿਤੀ ਨੂੰ ਕੋਈ ਪ੍ਰਤੀਨਿਧਤਾ ਨਹੀਂ ਮਿਲੀ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਤੋਂ ਇਲਾਵਾ ਤਿੰਨ ਅਹੁਦੇ ਹਾਲੇ ਵੀ ਖ਼ਾਲੀ ਹਨ। ਸੂਬੇ ਦੇ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਗਿਣਤੀ 12 ਤੋਂ ਵੱਧ ਤੋਂ ਨਹੀਂ ਹੋ ਸਕਦੀ। ਨਵੇਂ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ ਸਾਬਕਾ ਮੰਤਰੀ ਅਤੇ ਸੋਲਨ ਤੋਂ ਤਿੰਨ ਵਾਰ ਚੁਣੇ ਵਏ ਵਿਧਾਇਕ ਧਨੀਰਾਮ ਸ਼ਾਡਿਲ, ਸਾਬਕਾ ਮੰਤਰੀ ਅਤੇ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਤੋਂ ਛੇ ਵਾਰ ਚੁਣੇ ਵਿਧਾਇਕ ਚੰਦਰ ਕੁਮਾਰ, ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਤੋਂ ਛੇ ਵਾਰ ਦੇ ਵਿਧਾਇਕ ਹਰਸ਼ਵਰਧਨ ਚੌਹਾਨ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਕਿਨੌਰ ਜ਼ਿਲ੍ਹੇ ਤੋਂ ਪੰਜ ਵਾਰ ਚੁਣੇ ਗਏ ਵਿਧਾਇਕ ਜਗਤ ਸਿੰਘ ਨੇਗੀ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਵਾਰ ਦੇ ਵਿਧਾਇਕ ਰੋਹਿਤ ਠਾਕੁਰ, ਤਿੰਨ ਵਾਰ ਵਿਧਾਇਕ ਚੁਣੇ ਗਏ ਅਨਿਰੁੱਧ ਸਿੰਘ ਅਤੇ ਦੋ ਵਾਰ ਦੇ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ, ਜੋ ਕਰਮਵਾਰ ਜੁਬੱਲ-ਕੋਟਖਾਈ, ਕਸੁਮਟੀ ਅਤੇ ਸ਼ਿਮਲਾ (ਦਿਹਾਤੀ) ਤੋਂ ਵਿਧਾਇਕ ਹਨ। ਮੁੱਖ ਮੰਤਰੀ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ 11 ਦਸੰਬਰ ਨੂੰ ਸਹੁੰ ਚੁੱਕੀ ਸੀ ਅਤੇ ਮੰਤਰੀ ਮੰਡਲ ਦਾ ਵਿਸਤਾਰ ਇਸ ਤੋਂ 28 ਦਿਨ ਬਾਅਦ ਹੋਇਆ ਹੈ। ਮੰਤਰੀ ਮੰਡਲ ਵਿੱਚ ਪੰਜ ਰਾਜਪੂਤ, ਇੱਕ ਬ੍ਰਾਹਮਣ ਅਤੇ ਅਨੁਸੂਚਿਤ ਜਨਜਾਤੀ, ਅਨੁਸੂਚਿਤ ਜਾਤੀ ਅਤੇ ਓਬੀਸੀ ਵਰਗ ਦਾ ਇੱਕ-ਇੱਕ ਮੈਂਬਰ ਸ਼ਾਮਲ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੁੱਖੂ ਨੇ ਇੱਕ ਸਾਦੇ ਸਮਾਗਮ ਵਿੱਚ ਛੇ ਮੁੱਖ ਸੰਸਦੀ ਸਕੱਤਰ ਨਿਯੁਕਤ ਕਰਕੇ ਉਨ੍ਹਾਂ ਨੂੰ ਸਹੁੰ ਚੁਕਾਈ। ਇਨ੍ਹਾਂ ਮੁੱਖ ਸੰਸਦੀ ਸਕੱਤਰਾਂ ਵਿੱਚ ਕੁੱਲੂ ਤੋਂ ਸੁੰਦਰ ਸਿੰਘ ਠਾਕੁਰ, ਸ਼ਿਮਲਾ ਜ਼ਿਲ੍ਹੇ ਦੇ ਰੋਹਰੂ ਤੋਂ ਮੋਹਨ ਲਾਲ ਬਰਾਗਟਾ, ਸੋਲਨ ਜ਼ਿਲ੍ਹੇ ਦੇ ਦੂਨ ਤੋਂ ਰਾਮ ਕੁਮਾਰ ਚੌਧਰੀ, ਪਾਲਮਪੁਰ ਤੋਂ ਅਸ਼ੀਸ਼ ਬੁਟੇਲ, ਕਾਂਗੜਾ ਜ਼ਿਲ੍ਹੇ ਦੇ ਬੈਜਨਾਥ ਤੋਂ ਕਿਸ਼ੋਰੀ ਲਾਲ ਅਤੇ ਸੋਲਨ ਜ਼ਿਲ੍ਹੇ ਦੇ ਅਰਕੀ ਤੋਂ ਸੰਜੈ ਅਵਸਥੀ ਸ਼ਾਮਲ ਹਨ। -

No Comment posted
Name*
Email(Will not be published)*
Website