Your Advertisement
ਵੰਸ਼ਵਾਦ ਵਿੱਚ ਕੋਈ ਖਰਾਬੀ ਨਹੀਂ: ਰਾਹੁਲ

ਵਾਸ਼ਿੰਗਟਨ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਨੀਤੀ ਹੋਵੇ ਜਾਂ ਵਪਾਰ, ਭਾਰਤ ਵਿੱਚ ਵੰਸ਼ਵਾਦ ਆਮ ਹੈ। ਭਾਰਤ ਸ਼ਾਹੀ ਘਰਾਣਿਆਂ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਵੰਸ਼ਵਾਦ ਵਿੱਚ ਕੋਈ ਖਰਾਬੀ ਨਹੀਂ ਹੈ। ਖਾਨਦਾਨ ਨਾਲੋਂ ਵਿਅਕਤੀ ਦੀ ਸਮਰੱਥਾ ਵਧੇਰੇ ਮਹੱਤਵਪੂਰਨ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਵੰਡ ਵਾਲੀ ਰਾਜਨੀਤੀ ਕਰਨ ਦਾ ਦੋਸ਼ ਵੀ ਲਾਇਆ। ਸ੍ਰੀ ਗਾਂਧੀ ਇਥੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਤਕਰੀਰ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਉਹ ਕਾਂਗਰਸ ਦੀ ਕਮਾਨ ਸੰਭਾਲਣ ਲਈ ਤਿਆਰ ਹਨ ।

ਰਾਹੁਲ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਤਿਵਾਦ ਵਧ ਰਿਹਾ ਹੈ ਅਤੇ ਅਰਥਚਾਰਾ ਤਬਾਹ ਹੋ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਕਮਾਨ   ਸੰਭਾਲਣ ਲਈ ਤਿਆਰ ਹਨ ਜੇ ਪਾਰਟੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿੰਦੀ ਹੈ। ਕਾਂਗਰਸ ਪਾਰਟੀ ’ਤੇ ਵੰਸ਼ਵਾਦ ਭਾਰੂ ਹੋਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਲੀਲ ਦਿੱਤੀ ਕਿ ਭਾਰਤ ਰਾਜਵੰਸ਼ ਵਲੋਂ ਚਲਾਇਆ ਜਾ ਰਿਹਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਵਿੱਚ ਵੱਡੀ ਗਿਣਤੀ ਲੋਕ ਹਨ ਜਿਹੜੇ ਕਿਸੇ ਖਾਨਦਾਨੀ ਪਰਿਵਾਰਾਂ ਨਾਲ ਸਬੰਧਤ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਾਂਗਰਸ ਵੱਲੋਂ ਆਰੰਭੇ ਕਾਰਜਾਂ ਨੂੰ ਲਾਗੂ ਕਰ ਰਹੀ ਹੈ।
ਦੂਜੇ ਪਾਸੇ ਖਾਨਦਾਨੀ ਰਾਜਨੀਤੀ ਦਾ ਸਮਰਥਨ ਕਰਨ ’ਤੇ ਭਾਜਪਾ ਨੇ ਰਾਹੁਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਨਾਕਾਮ ਰਾਜਵੰਸ਼ੀ ਅਤੇ ਨਾਕਾਮ ਰਾਜਨੇਤਾ ਕਹਿ ਕੇ ਭੰਡਿਆ। ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਨੇ ਰਾਹੁਲ ਦੇ ਦਾਖਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ 2012 ਤੋਂ ਹੰਕਾਰੀ ਹੋ ਗਈ ਸੀ ਜੋ ਵੱਡਾ ਰਾਜਨੀਤਕ ਕਬੁੂਲਨਾਮਾ ਹੈ ਜਿਸ ਦਾ ਪਰਛਾਵਾਂ ਸੋਨੀਆ ਗਾਂਧੀ ਤੋਂ ਮਿਲਦਾ ਹੈ ਜੋ ਉਦੋਂ ਤੋਂ ਹੀ ਕਾਂਗਰਸ ਪ੍ਰਧਾਨ ਚਲੇ ਆ ਰਹੇ ਹਨ। ਸ੍ਰੀਮਤੀ ਇਰਾਨੀ ਨੇ ਕਿਹਾ ਕਿ ਇਸ ਨਾਕਾਮ ਰਾਜਵੰਸ਼ੀ ਨੇ ਆਪਣੇ ਨਾਕਾਮ ਰਾਜਨੀਤਕ ਸਫਰ ਬਾਰੇ ਅਮਰੀਕਾ ਵਿੱਚ ਬੋਲਣ ਦਾ ਫੈਸਲਾ ਕੀਤਾ ਕਿਉਂਕਿ ਉਸ ਨੂੰ ਭਾਰਤ ਵਿੱਚ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਨੇ ਪਾਰਟੀ ਪ੍ਰਧਾਨ ’ਤੇ ਕਟਾਖਸ਼ ਕੀਤਾ ਹੈ। ਹੁਣ ਪਾਰਟੀ ਨੂੰ ਇਸ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਮੋਦੀ ਦੀ ਆਲੋਚਨਾ ਕਰਨ ’ਤੇ ਰਾਹੁਲ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ।
ਭਾਜਪਾ ਵੱੱਲੋਂ ਰਾਹੁਲ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਰਾਹੁਲ ਗਾਂਧੀ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ’ਤੇ ਭਾਰਤ ਨੂੰ  ਭਿ੍ਸ਼ਟ ਮੁਲਕ ਕਿਹਾ ਸੀ ਤੇ ਕਿਹਾ ਸੀ  ਕਿ ਇਸ ਦੀ ਪਛਾਣ ਹੱਥ ਵਿੱਚ ਕਟੋਰਾ ਲੈ ਕੇ ਘੁੰਮਣ ਵਾਲੇ ਭਿਖਾਰੀਆਂ ਦੀ ਹੈ। ਇਸ ਟਿੱਪਣੀ ਕਾਰਨ ਵਿਦੇਸ਼ੀ ਧਰਤੀ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ   ਭਾਰੀ ਨਮੋਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਨਾ ਕਿ ਦੇਸ਼ ਦੀ, ਜੋ ਲੋਕਤੰਤਰ ਦੀ ਵਿਸ਼ੇਸ਼ਤਾ  ਹੈ।
ਪ੍ਰਧਾਨ ਮੰਤਰੀ ਦੀ ਆਰਥਿਕ ਨੀਤੀ ਦੀ ਕੀਤੀ ਆਲੋਚਨਾ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਨ੍ਹਾਂ ਨੀਤੀਆਂ ਕਾਰਨ ਭਾਰਤੀ ਅਰਥਚਾਰੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜਲਦੀਬਾਜ਼ੀ ਵਿੱਚ ਜੀਐਸਟੀ ਨੂੰ ਲਾਗੂ ਕਰਨ ਦਾ ਫੈਸਲਾ ਗਲਤ ਸੀ। 8 ਨਵੰਬਰ ਨੂੰ ਨੋਟਬੰਦੀ ਦਾ ਫੈਸਲਾ ਮੁੱਖ ਆਰਥਿਕ ਸਲਾਹਕਾਰ ਅਤੇ ਸੰਸਦ ਤੋਂ ਪੁੱਛੇ ਬਗੈਰ ਲਿਆ ਗਿਆ ਜਿਸ ਕਾਰਨ ਅਰਥਚਾਰੇ ਨੂੰ ਭਾਰੀ ਨੁਕਸਾਨ ਪੁੱਜਿਆ। ਨੋਟਬੰਦੀ ਦੀ ਭਾਰਤ ਨੂੰ ਵੱਡੀ ਕੀਮਤ ਤਾਰਨੀ ਪਈ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਦਰ ਘਟਣ ਕਾਰਨ ਲੋਕਾਂ ਵਿੱਚ ਰੋਸ ਹੈ। ਰਾਹੁਲ ਨੇ ਸਰਕਾਰ ’ਤੇ ਨੋਟਬੰਦੀ ਰਾਹੀਂ ਲੱਖਾਂ ਦਾ ਰੁਜ਼ਗਾਰ ਖੋਹਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਧਰੁਵੀਕਰਨ ਦੀ ਰਾਜਨੀਤੀ ਦਾ ਭੱਦਾ ਚਿਹਰਾ ਸਿਰ ਚੁੱਕ ਰਿਹਾ ਹੈ।

No Comment posted
Name*
Email(Will not be published)*
Website