Your Advertisement
ਭਾਰਤ ਵਿੱਚ ਅੱਜ ਲਿਖੇ ਜਾਣਗੇ ਫੁਟਬਾਲ ਇਤਿਹਾਸ ਦੇ ਨਵੇਂ ਹਰਫ਼

ਨਵੀਂ ਦਿੱਲੀ/ਮੁੰਬਈ - ਭਾਰਤੀ ਟੀਮ ਦੇ ਖਿਡਾਰੀ ਭਲਕੇ ਅਮਰੀਕਾ ਖ਼ਿਲਾਫ਼ ਫੀਫਾ ਅੰਡਰ-17 ਵਿਸ਼ਵ ਕੱਪ ਦੇ ਸ਼ੁਰੂਆਤੀ ਲੀਗ ਮੁਕਾਬਲੇ ਲਈ ਜਵਾਹਰਲਾਲ ਨਹਿਰੂ ਸਟੇਡੀਅਮ, ਦਿੱਲੀ ਵਿੱਚ ਉਤਰਦਿਆਂ ਹੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਹਿੱਸਾ ਬਣ ਜਾਣਗੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਮੈਦਾਨ ’ਤੇ ਨਤੀਜੇ ਦੀ ਚਿੰਤਾ ਦੀ ਥਾਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਤੇ ਅਹਿਮ ਤਜਰਬਾ ਹਾਸਲ ਕਰਨ ’ਤੇ ਟਿਕੀਆਂ ਹੋਣਗੀਆਂ। ਮਨੀਪੁਰ ਦੇ ਮਿਡ -ਫੀਲਡਰ ਅਮਰਜੀਤ ਸਿੰਘ ਕਿਆਮ ਦੀ ਅਗਵਾਈ ਵਾਲੀ ਭਾਰਤੀ ਟੀਮ ਕਿਸੇ ਵੀ ਫੀਫਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਟੀਮ ਬਣ ਜਾਵੇਗੀ। ਭਾਰਤ ਦੇ ਸਟਾਰ ਫੁਟਬਾਲਰ ਬਾਈਚੁੰਗ ਭੂਟੀਆ, ਆਈ ਐਮ ਵਿਜਯਨ ਅਤੇ ਸੁਨੀਲ ਛੇਤਰੀ ਵੀ ਇਹ ਮੁਕਾਮ ਹਾਸਲ ਕਰਨ ਵਿੱਚ ਅਸਫ਼ਲ ਰਹੇ ਹਨ।
ਸੱਠ ਵਰ੍ਹਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਭਾਰਤ ਨੇ ਯੁਰੂਗੁਏ (ਉਦੋਂ ਇਹ ਸੱਦੇ ’ਤੇ ਆਧਾਰਤ ਟੂਰਨਾਮੈਂਟ ਹੁੰਦਾ ਸੀ) ਵਿੱਚ 1950 ਦੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਸੱਦਾ ਸਟੱਡ (ਬੂਟ) ਪਾ ਕੇ ਖੇਡਣ ਦੀ ਸ਼ਰਤ ਕਾਰਨ ਠੁਕਰਾ ਦਿੱਤਾ ਸੀ। ਉਸ ਤੋਂ ਬਾਅਦ ਭਾਰਤ ਨੂੰ ਫੁਟਬਾਲ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਮੌਕਾ ਹੁਣ ਮਿਲਿਆ ਹੈ। ਭਾਰਤ ਪਹਿਲੀ ਵਾਰ ਕਿਸੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਸਦਕਾ ਉਸ ਨੂੰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ ਹੈ। ਇਸ ਟੂਰਨਾਮੈਂਟ ਤਹਿਤ ਕੁਲ 52 ਮੈਚ ਕਰਵਾਏ ਜਾਣੇ ਹਨ, ਜਿਹੜੇ ਭਲਕੇ ਤੋਂ 28 ਅਕਤੂਬਰ ਤੱਕ ਦਿੱਲੀ, ਮੁੰਬਈ, ਕੋਚੀ, ਗੋਆ, ਗੁਹਾਟੀ ਅਤੇ ਕੋਲਕਾਤਾ ਵਿੱਚ ਹੋਣਗੇ। ਚੀਨ, ਜਾਪਾਨ, ਦੱਖਣੀ ਅਫ਼ਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਭਾਰਤ ਪੰਜਵਾਂ ਏਸ਼ਿਆਈ ਦੇਸ਼ ਹੈ, ਜਿਹੜਾ 1985 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਅਮਰੀਕਾ, ਕੋਲੰਬੀਆ ਅਤੇ ਦੋ ਵਾਰ ਦੀ ਚੈਂਪੀਅਨ ਘਾਨਾ ਨਾਲ ਫ਼ਸਵੇਂ ਗਰੁੱਪ ਏ ਵਿੱਚ ਸ਼ਾਮਲ ਭਾਰਤੀ ਟੀਮ ਨੂੰ 24 ਟੀਮਾਂ ਦੇ ਇਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਪੁੱਜਣ ਦੀ ਦਾਅਵੇਦਾਰ ਟੀਮ ਵਜੋਂ ਨਹੀਂ ਦੇਖਿਆ ਜਾ ਰਿਹਾ। ਉਧਰ ਭਾਰਤ ਦੇ ਖਿਡਾਰੀ ਪੂਰੇ ਜੋਸ਼ ਵਿੱਚ ਹਨ ਅਤੇ ਆਪਣਾ ਸਰਬੋਤਮ ਪ੍ਰਦਰਸ਼ਨ ਲਈ ਪੱਬਾਂ ਭਾਰ ਹਨ। ਇਸ ਗਰੁੱਪ ਵਿੱਚ ਅਮਰੀਕੀ ਟੀਮ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਹੈ, ਜਿਸ ਦੇ ਜ਼ਿਆਦਾਤਰ ਖਿਡਾਰੀ ਮੇਜਰ ਲੀਗ ਸਾਕਰ ਦੀ ਯੂਥ ਟੀਮ ਵਿੱਚ ਖੇਡ ਚੁੱਕੇ ਹਨ ਅਤੇ ਕੁਝ ਤਾਂ ਸਿਖਰਲੇ ਯੂਰੋਪੀ ਕਲੱਬਾਂ ਲਈ ਖੇਡਣ ਵਾਸਤੇ ਵੀ ਤਿਆਰ ਹਨ। ਭਾਰਤੀ ਟੀਮ ਦੇ ਕੋਚ ਲੂਈ ਨੋਰਟਨ ਡੀ ਮੈਟੋਸ ਨੂੰ ਖਿਡਾਰੀਆਂ ਨਾਲ ਤਿਆਰੀ ਲਈ ਸਿਰਫ਼ ਅੱਠ ਮਹੀਨੇ ਦਾ ਸਮਾਂ ਮਿਲਿਆ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਭਾਰਤੀ ਟੀਮ ਕਿਸੇ ਵੀ ਲੀਗ ਮੈਚ ਵਿੱਚ ਨਹੀਂ ਹਾਰਦੀ ਅਤੇ ਡਰਾਅ ਕਰ ਲੈਂਦੀ ਹੈ ਤਾਂ ਇਹ ਚੰਗਾ ਪ੍ਰਦਰਸ਼ਨ ਹੀ ਹੋਵੇਗਾ।
ਹਾਲਾਂਕਿ ਆਲ ਇੰਡੀਆ ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਮੇਜ਼ਬਾਨ ਹੋਣ ਨਾਤੇ ਆਪਣੇ ਖਿਡਾਰੀਆਂ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਟੀਮ ਨੂੰ ਕੌਮਾਂਤਰੀ ਪੱਧਰ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਯੂਰੋਪ ਦਾ ਟਰੇਨਿੰਗ ਦੌਰਾ ਅਤੇ ਮੈਕਸਿਕੋ ਵਿਚਲੇ ਟੂਰਨਾਮੈਂਟ ਸ਼ਾਮਲ ਹਨ। ਪਰ ਖਿਡਾਰੀਆਂ ਪੱਖੋਂ ਸਿਰਫ਼ ਐਨੇ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ, ਜਿਨ੍ਹਾਂ ਨੂੰ ਕਮਜ਼ੋਰ ਬੁਨਿਆਦੀ ਢਾਂਚੇ ਨਾਲ ਜੂਝਣਾ ਪੈਂਦਾ ਹੈ ਅਤੇ ਜ਼ਮੀਨੀ ਪੱਧਰ ’ਤੇ ਕੋਈ ਖ਼ਾਸ ਵਿਕਾਸ ਪ੍ਰੋਗਰਾਮ ਨਹੀਂ ਹਨ ਤੇ ਕੋਚਿੰਗ ਦਾ ਪ੍ਰਬੰਧ ਵੀ ਪ੍ਰਭਾਵਸ਼ਾਲੀ ਨਹੀਂ ਹੈ।
ਫੈਡਰੇਸ਼ਨ ਦੇ ਨਾਲ-ਨਾਲ ਕੁਝ ਸਾਬਕਾ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਤੋਂ ਖਾਸੀਆਂ ਆਸਾਂ ਹਨ ਕਿ ਭਾਰਤ 1950 ਅਤੇ 1960 ਦੇ ਦਹਾਕਿਆਂ ਵਰਗਾ ਮਜ਼ਬੂਤ ਬਣਨ ਦੀ ਸ਼ੁਰੂਆਤ ਕਰੇਗਾ। ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਯਕੀਨੀ ਤੌਰ ’ਤੇ ਵੱਡਾ ਟੂਰਨਾਮੈਂਟ ਕਰਵਾਉਣ ਦੇ ਰਾਹ ਖੁੱਲ੍ਹ ਜਾਣਗੇ, ਜਿਨ੍ਹਾਂ ਵਿੱਚ ਅੰਡਰ-20 ਫੀਫਾ ਵਿਸ਼ਵ ਕੱਪ-2019 ਟੂਰਨਾਮੈਂਟ ਸ਼ਾਮਲ ਹੈ, ਜਿਸ ਲਈ ਭਾਰਤ ਨੇ ਬੋਲੀ ਲਾਈ ਹੈ।
ਭਾਰਤੀ ਟੀਮ ਤੋਂ ਹਾਲਾਂਕਿ ਕਿਸੇ ਨੇ ਬਹੁਤੀਆਂ ਆਸਾਂ ਨਹੀਂ ਲਾਈਆਂ ਹਨ ਤੇ ਉਸ ਦੇ ਗਰੁੱਪ ਮੈਚਾਂ ਤੋਂ ਅਗਲੇ ਗੇੜ ਵਿੱਚ ਪੁੱਜਣ ਦੀਆਂ ਸੰਭਾਵਨਾਵਾਂ ਵੀ ਘੱਟ ਹਨ ਪਰ ਭਾਰਤੀ ਕੋਚ ਚਾਹੁੰਦੇ ਹਨ ਕਿ ਖਿਡਾਰੀ ਬਿਨਾਂ ਕਿਸੇ ਦਬਾਅ ਦੇ ਖੇਡਣ ਅਤੇ ਗੋਲ ਕਰਨ ਦਾ ਕੋਈ ਵੀ ਮੌਕਾ ਨਾ ਗਵਾਉਣ। ਉਨ੍ਹਾਂ ਨੇ ਅਮਰੀਕਾ ਖ਼ਿਲਾਫ਼ ਮੁਕਾਬਲੇ ਸਬੰਧੀ ਕਿਹਾ, ‘ਉਨ੍ਹਾਂ ਦਾ ਹਮਲਾ ਕਾਫ਼ੀ ਮਜ਼ਬੂਤ ਹੈ ਤੇ ਸਾਡੇ ਲਈ ਜ਼ਰੂਰੀ ਹੈ ਕਿ ਡਿਫੈਂਸ ਮਜ਼ਬੂਤ ਹੋਵੇ।’ ਉਧਰ ਅਮਰੀਕੀ ਕੋਚ ਜੌਨ ਹੈਕਵਰਥ ਨੇ ਭਾਰਤ ਨੂੰ ਆਸਾਨ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ, ‘ਅਸੀਂ ਪਹਿਲਾਂ ਇੱਕ ਵਾਰ ਭਾਰਤ ਖ਼ਿਲਾਫ਼ ਖੇਡ ਚੁੱਕੇ ਹਾਂ ਅਤੇ ਉਸ ਖ਼ਿਲਾਫ਼ ਸਫ਼ਲ ਰਹੇ ਸਾਂ ਪਰ ਉਹ ਵਿਸ਼ਵ ਕੱਪ ਦਾ ਸ਼ੁਰੂਆਤੀ ਮੈਚ ਨਹੀਂ ਸੀ ਤੇ ਉਸ ਵੇਲੇ ਭਾਰਤ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਨਹੀਂ ਕਰ ਰਿਹਾ ਸੀ।’ ਟੂਰਨਾਮੈਂਟ ਵਿੱਚ ਤਿੰਨ ਵਾਰ ਦੀ ਚੈਂਪੀਅਨ ਬ੍ਰਾਜ਼ੀਲ, ਸਪੇਨ ਅਤੇ ਮੈਕਸਿਕੋ ਟਰਾਫ਼ੀ ਜਿੱਤਣ ਦੀਆਂ ਮੁੱਖ ਦਾਅਵੇਦਾਰ ਹਨ ਜਦਕਿ ਦੋ ਵਾਰ ਦੀ ਚੈਂਪੀਅਨ ਘਾਨਾ, ਜਰਮਨੀ, ਇੰਗਲੈਂਡ ਅਤੇ ਅਮਰੀਕਾ ਵੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਸਕਦੀਆਂ ਹਨ। ਪਿਛਲੇ ਸਾਲ ਬਰਿਕਸ ਚੈਂਪੀਅਨਸ਼ਿਪ ਵਿੱਚ ਬ੍ਰਾਜ਼ੀਲ ਖ਼ਿਲਾਫ਼ ਸ਼ਾਨਦਾਰ ਗੋਲ ਕਰਨ ਵਾਲੇ ਮਿਡ-ਫੀਲਡਰ ਕੋਮਲ ਥਾਟਲ ਦੀ ਕੋਸ਼ਿਸ਼ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨ ’ਤੇ ਟਿਕੀਆਂ ਹੋਣਗੀਆਂ, ਜਿਸ ਦਾ ਮੰਨਣਾ ਹੈ ਕਿ ਟੀਮ ਦੇ ਖਿਡਾਰੀ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਪੂਰੀ ਤਰ੍ਹਾਂ ਤਿਆਰ ਹਨ।
ਉਧਰ ਨਿਊਜ਼ੀਲੈਂਡ ਦੀ ਟੀਮ ਭਲਕੇ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗਰੁੱਪ ਬੀ ਦੇ ਮੈਚ ਵਿੱਚ ਤੁਰਕੀ ਦੀ ਟੀਮ ਨਾਲ ਭਿੜੇਗੀ। ਅਭਿਆਸ ਮੈਚਾਂ ਦੌਰਾਨ ਬ੍ਰਾਜ਼ੀਲ ਅਤੇ ਇੰਗਲੈਂਡ ਤੋਂ ਕ੍ਰਮਵਾਰ 1-2 ਅਤੇ 2-3 ਨਾਲ ਹਾਰ ਕਾਰਨ ਟੀਮ ਦੀ ਡਿਫੈਂਸ ਸਬੰਧੀ ਕਮਜ਼ੋਰੀ ਜੱਗ ਜ਼ਾਹਰ ਹੋ ਗਈ ਹੈ, ਜਿਹੜੀ ਟੀਮ ਲਈ ਵੱਡੀ ਚੁਣੌਤੀ ਹੈ। ਤੁਰਕੀ ਦੀ ਟੀਮ ਨੂੰ ਅਭਿਆਸ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਇਸ ਟੀਮ ਨੇ ਇਸ ਤੋਂ ਪਹਿਲਾਂ ਦੋ ਵਾਰ ਅੰਡਰ-17 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਗਰੁੱਪ ਦੇ ਇੱਕ ਹੋਰ ਮੈਚ ਵਿੱਚ ਅਫ਼ਰੀਕੀ ਚੈਂਪੀਅਨ ਮਾਲੀ ਆਪਣੀ ਮੁਹਿੰਮ ਦੀ ਸ਼ੁਰੂਆਤ ਪੈਰਾਗੁਏ ਖ਼ਿਲਾਫ਼ ਮੈਚ ਨਾਲ ਕਰੇਗੀ। ਪਿਛਲੀ ਵਾਰ ਦੀ ਉਪ ਜੇਤੂ ਟੀਮ ਇਸ ਵਾਰ ਜੇਤੂ ਬਣਨ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ - ਧੀਰਜ ਸਿੰਘ, ਪ੍ਰਭਸੁਖਮਨ ਸਿੰਘ, ਸਨੀ ਧਾਲੀਵਾਲ, ਜਤਿੰਦਰ ਸਿੰਘ, ਅਨਵਰ ਅਲੀ, ਸੰਜੀਵ ਸਟਾਲਿਨ, ਹੈਂਡਰੀ ਐਨਟੋਨੀ, ਨਮਿਤ ਦੇਸ਼ਪਾਂਡੇ, ਸੁਰੇਸ਼ ਸਿੰਘ, ਨਿਨਥੋਇੰਗਾਨਬਾ ਮੀਤੇਈ, ਅਮਰਜੀਤ ਸਿੰਘ ਕਿਆਮ, ਅਭਿਜੀਤ ਸਰਕਾਰ, ਕੋਮਲ ਥਾਟਲ, ਲਾਲੇਨੰਗਮਾਵਿਆ, ਜੈਕਸਨ ਸਿੰਘ, ਨੋਂਗਦਾਂਬਾ ਨਾਓਰੇਮ, ਰਾਹੁਲ ਕਨੋਲੀ ਪ੍ਰਵੀਨ, ਮੁਹੰਮਦ ਸ਼ਾਹਜਹਾਂ, ਰਹੀਮ ਅਲੀ ਅਤੇ ਅਨੀਕੇਤ ਜਾਧਵ।
ਅਮਰੀਕਾ - ਐਲਕਸ ਬੁਡਕਿਨ, ਕਾਰਲੋਸ ਜੋਕਿਮ ਦੋਸ, ਜਸਟਿਨ ਗਾਰਸੇਸ, ਸਰਗਿਨੋ ਡੈਸਟ, ਕ੍ਰਿਸਟੋਫਰ ਗਲੋਸਟਰ, ਜੇਲਿਨ ਲਿੰਡਸੇ, ਜੇਮਜ਼ ਸੈਂਡਰਸ, ਟੇਲਰ ਸ਼ਾਵੇਰ, ਅਕਿਲ ਜੌਰਜ, ਟੇਲਰ ਬੂਥ, ਕ੍ਰਿਸਟੋਫਰ ਡੁਰਕਿਨ, ਬਲੇਨ ਫੇਰੀ, ਕ੍ਰਿਸ ਗੋਸਲਿਨ, ਇੰਡੀਆਨਾ ਵਾਸਿਲੇਵ, ਏ. ਅਕਿਨੋਲਾ, ਐਂਡਰੂ ਕਾਰਲੇਟਨ, ਜਾਕੋਬੋ ਰੇਅਸਨ, ਬ੍ਰਾਇਨ ਰੇਨਾਲਡ੍ਰਸ, ਜੋਸ਼ੂਆ ਸਰਜੈਂਟ, ਟਿਮ ਵੀ।
ਗਰੁੱਪ ਏ          ਗਰੁੱਪ ਬੀ            ਗਰੁੱਪ ਸੀ              ਗਰੁੱਪ ਡੀ              ਗਰੁੱਪ ਈ              ਗਰੁੱਪ ਐਫ
ਭਾਰਤ               ਪੈਰਾਗੁਏ              ਇਰਾਨ      ਕੋਰੀਆ ਡੀਪੀਆਰ     ਹੌਂਡੂਰਸ                  ਇਰਾਕ
ਅਮਰੀਕਾ            ਮਾਲੀ                 ਗਿਨੀ       ਨਾਈਜਰ              ਜਾਪਾਨ                  ਮੈਕਸਿਕੋ
ਕੋਲੰਬੀਆ           ਨਿਊਜ਼ੀਲੈਂਡ         ਜਰਮਨੀ             ਬ੍ਰਾਜ਼ੀਲ           ਨਿਊ ਸੈਲੇਡੋਨੀਆ      ਚਿਲੀ
ਘਾਨਾ                 ਤੁਰਕੀ               ਕੋਸਟਾਰੀਕਾ         ਸਪੇਨ        ਫਰਾਂਸ                 ਇੰਗਲੈਂਡ
ਅੱਜ ਹੋਣ ਵਾਲੇ ਮੈਚ
1. ਕੋਲੰਬੀਆ ਬਨਾਮ ਘਾਨਾ : ਦਿੱਲੀ: ਸ਼ਾਮ ਪੰਜ ਵਜੇ
2. ਨਿਊਜ਼ੀਲੈਂਡ ਬਨਾਮ ਤੁਰਕੀ: ਮੁੰਬਈ: ਸ਼ਾਮ ਪੰਜ ਵਜੇ
3. ਭਾਰਤ ਬਨਾਮ ਅਮਰੀਕਾ: ਦਿੱਲੀ: ਰਾਤ ਅੱਠ ਵਜੇ
4. ਪੈਰਾਗੁਏ ਬਨਾਮ ਮਾਲੀ: ਮੁੰਬਈ: ਰਾਤ ਅੱਠ ਵਜੇ
ਜਵਾਹਰ ਲਾਲ ਨਹਿਰੂ ਸਟੇਡੀਅਮ ਪੁੱਜਣਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ੁਰੂ ਹੋ ਰਹੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪਹਿਲੇ ਦਿਨ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਰਵਾਏ ਜਾਣ ਵਾਲੇ ਛੋਟੇ ਸਮਾਗਮ ਵਿੱਚ ਸ਼ਾਮਲ ਹੋਣਗੇ।
ਫੀਫਾ ਵੱਲੋਂ ਹਿੰਦੀ ਵਿੱਚ ਟਵਿਟਰ ਅਕਾਊਂਟ ਜਾਰੀ
ਵਿਸ਼ਵ ਫੁਟਬਾਲ ਸੰਚਾਲਨ ਸੰਸਥਾ ਫੀਫਾ ਨੇ ਭਲਕ ਤੋਂ ਸ਼ੁਰੂ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਲਈ ਹਿੰਦੀ ਵਿੱਚ ਟਵਿਟਰ ਅਕਾਊਂਟ ਜਾਰੀ ਕੀਤਾ। ਇਸ ਅਕਾਊਂਟ ’ਤੇ ਫੁਟਬਾਲ ਪ੍ਰੇਮੀਆਂ ਲਈ ਖ਼ਬਰਾਂ ਅਪਡੇਟ ਕੀਤੀਆਂ ਜਾਣਗੀਆਂ, ਟੂਰਨਾਮੈਂਟ ਦੀਆਂ ਫੋਟੋਆਂ ਤੇ ਵਿਡੀਓਜ਼ ਵੀ ਸਾਂਝੀਆਂ ਕੀਤੀਆਂ ਜਾਣਗੀਆਂ।

No Comment posted
Name*
Email(Will not be published)*
Website