Your Advertisement
ਭਾਰਤ ਤੇ ਇੰਗਲੈਂਡ ਚ ਪਹਿਲਾ ਇਕ-ਰੋਜ਼ਾ ਮੈਚ ਅੱਜ

ਨੋਟਿੰਘਮ - ਟੀ-20 ਲੜੀ ਜਿੱਤ ਕੇ ਸਵੈ-ਵਿਸ਼ਵਾਸ ਨਾਲ ਲਬਰੇਜ਼ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਭਲਕ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿੱਚ ਜੇਤੂ ਲੈਅ ਕਾਇਮ ਰੱਖਣ ਦੇ ਇਰਾਦੇ ਨਾਲ ਮੈਦਾਨ ’ਚ ਨਿੱਤਰੇਗੀ, ਜਿਸ ਨੂੰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਰਿਹਰਸਲ ਮੰਨਿਆ ਜਾ ਰਿਹਾ ਹੈ। ਅਗਲਾ ਵਿਸ਼ਵ ਕੱਪ ਬ੍ਰਿਟੇਨ ’ਚ ਹੀ ਖੇਡਿਆ ਜਾਣਾ ਹੈ, ਲਿਹਾਜ਼ਾ ਇਸ ਲੜੀ ਵਿੱਚ ਵਿਰਾਟ ਕੋਹਲੀ ਐਂਡ ਕੰਪਨੀ ਕੋਲ ਹਾਲਾਤ ਨੂੰ ਅਜ਼ਮਾਉਣ ਦਾ ਸੁਨਹਿਰੀ ਮੌਕਾ ਹੈ। ਅਗਲੇ ਸਾਲ ਇਨ੍ਹਾਂ ਦਿਨਾਂ ’ਚ ਹੀ ਵਿਸ਼ਵ ਕੱਪ ਖੇਡਿਆ ਜਾਣਾ ਹੈ।
ਭਾਰਤ ਨੇ ਟੀ-20 ਲੜੀ 2-1 ਨਾਲ ਜਿੱਤੀ ਹੈ। ਦੂਜੇ ਪਾਸੇ ਆਲਮੀ ਦਰਜਾਬੰਦੀ ਵਿੱਚ ਅੱਵਲ ਨੰਬਰ ਇੰਗਲੈਂਡ ਦੀ ਟੀਮ ਦੁਵੱਲੀ ਲੜੀ ਵਿੱਚ ਆਸਟਰੇਲੀਆ ਖ਼ਿਲਾਫ 6-0 ਦੀ ਜਿੱਤ ਮਗਰੋਂ ਆਤਮ ਵਿਸ਼ਵਾਸ ਨਾਲ ਸਰੋਬਾਰ ਹੈ। ਇੰਗਲੈਂਡ ਨੇ ਪਿਛਲੇ ਕੁਝ ਅਰਸੇ ਦੌਰਾਨ ਇਕ ਰੋਜ਼ਾ ਕ੍ਰਿਕਟ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਜੋਸ ਬਟਲਰ, ਜੇਸਨ ਰੌਇ, ਐਲਕਸ ਹੇਲਸ, ਜੌਨੀ ਬੇਅਰਸਟਾਅ ਤੇ ਇਓਨ ਮੌਰਗਨ ਲੈਅ ਵਿੱਚ ਹਨ ਤੇ ਬੈੱਨ ਸਟੋਕਸ ਦੀ ਮੌਜੂਦਗੀ ਨਾਲ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਭਾਰਤੀ ਟੀਮ ਪ੍ਰਬੰਧਨ ਨੂੰ ਵਿਸ਼ਵ ਕੱਪ ਦੇ ਮੱਦੇਨਜ਼ਰ ਵੱਖ ਵੱਖ ਸਮੀਕਰਨਾਂ ਨੂੰ ਅਜ਼ਮਾਉਣ ਦਾ ਮੌਕਾ ਮਿਲੇਗਾ। ਕੇ.ਐਲ.ਰਾਹੁਲ ਦੀ ਸ਼ਾਨਦਾਰ ਲੈਅ ਦੇ ਚਲਦਿਆਂ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰ ਸਕਦਾ ਹੈ। ਰਾਹੁਲ ਨੇ ਆਇਰਲੈਂਡ ਖ਼ਿਲਾਫ 70 ਤੇ ਪਹਿਲੇ ਟੀ-20 ਵਿੱਚ ਇੰਗਲੈਂਡ ਖ਼ਿਲਾਫ਼ ਨਾਬਾਦ 101 ਦੌੜਾਂ ਬਣਾਈਆਂ ਸਨ। ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ ਜਦੋਂਕਿ ਰਾਹੁਲ ਤੀਜੇ ਨੰਬਰ ’ਤੇ ਉਤਰੇਗਾ।
ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਨੇ ਟੀ-20 ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਲਿਹਾਜ਼ਾ ਉਸ ਨੂੰ ਆਖਰੀ ਗਿਆਰਾਂ ’ਚ ਥਾਂ ਮਿਲ ਸਕਦੀ ਹੈ। ਵਾਧੂ ਤੇਜ਼ ਗੇਂਦਬਾਜ਼ ਵਜੋਂ ਸਿਧਾਰਥ ਕੌਲ ਜਾਂ ਸ਼ਰਦੁਲ ਠਾਕੁਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਭੁਵਨੇਸ਼ਵਰ ਕੁਮਾਰ ਪਿੱਠ ਦੀ ਜਕੜਨ ਤੋਂ ਆਰਾਮ ਮਗਰੋਂ ਉਮੇਸ਼ ਯਾਦਵ ਨਾਲ ਨਵੀਂ ਗੇਂਦ ਸੰਭਾਲੇਗਾ।
 

No Comment posted
Name*
Email(Will not be published)*
Website