Your Advertisement
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ

ਮਾਸਕੋ - ਅਹਿਮ ਮੌਕਿਆਂ ’ਤੇ ਗੋਲ ਕਰਨ ਦੀ ਆਪਣੀ ਕਾਬਲੀਅਤ ਤੇ ਕਿਸਮਤ ਦੇ ਦਮ ’ਤੇ ਫਰਾਂਸ ਅੱਜ ਇਥੇ 21ਵੇਂ ਫੁਟਬਾਲ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਜਿੱਤ ਕੇ ਵੀਹ ਸਾਲਾਂ ਮਗਰੋਂ ਮੁੜ ਚੈਂਪੀਅਨ ਬਣ ਗਿਆ। ਫਰਾਂਸ ਨੇ ਖ਼ਿਤਾਬੀ ਮੁਕਾਬਲੇ ’ਚ ਕ੍ਰੋਏਸ਼ੀਆ ਦੀ ਟੀਮ ਨੂੰ 4-2 ਨਾਲ ਹਰਾਇਆ। ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਕ੍ਰੋਏਸ਼ੀਆ ਦੀ ਟੀਮ ਨੇ ਹਾਫ਼ ਟਾਈਮ ਤੋਂ ਪਹਿਲਾਂ ਸਖ਼ਤ ਟੱਕਰ ਦਿੱਤੀ, ਪਰ ਇਸ ਦੇ ਬਾਵਜੂਦ ਫਰਾਂਸ ਨੇ 2-1 ਦੀ ਲੀਡ ਬਣਾ ਲਈ। ਕ੍ਰੋਏਸ਼ੀਆ ਦੇ ਸਟਰਾਈਕਰ ਮਾਰੀਓ ਮਾਂਜ਼ੁਕਿਚ ਨੇ 18ਵੇਂ ਮਿੰਟ ’ਚ ਆਤਮਘਾਤੀ ਗੋਲ ਕੀਤਾ। ਇਸ ਗੋਲ ਨਾਲ ਫਰਾਂਸ ਨੂੰ ਮੈਚ ਵਿੱਚ 1-0 ਦੀ ਲੀਡ ਮਿਲ ਗਈ, ਪਰ ਕ੍ਰੋਏਸ਼ੀਆ ਦੇ ਪੇਰਿਸਿਚ ਨੇ 28ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ’ਤੇ ਲੈ ਆਂਦਾ। ਫਰਾਂਸ ਨੂੰ ਹਾਲਾਂਕਿ ਜਲਦੀ ਹੀ ਪੈਨਲਟੀ ਮਿਲੀ, ਜਿਸ ਨੂੰ ਟੀਮ ਦੇ ਸਟਾਰ ਖਿਡਾਰੀ ਐਂਟਨੀ ਗ੍ਰੀਜ਼ਮੈਨ ਨੇ 38ਵੇਂ ਮਿੰਟ ਵਿੱਚ ਗੋਲ ’ਚ ਬਦਲ ਦਿੱਤਾ। ਪੌਲ ਪੋਗਬਾ ਨੇ 59ਵੇਂ ਮਿੰਟ ਵਿੱਚ ਤੀਜਾ ਗੋਲ ਦਾਗਿਆ ਜਦਕਿ ਕਾਇਲਾਨ ਮਬਾਪੇ ਨੇ 65ਵੇਂ ਮਿੰਟ ਵਿੱਚ ਫਰਾਂਸ ਦੀ ਲੀਡ ਨੂੰ 4-1 ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਹੁਣ ਕ੍ਰੋਏਸ਼ੀਆ ਹੱਥੋਂ ਮੌਕਾ ਨਿਕਲ ਚੁੱਕਾ ਹੈ ਤਾਂ ਮੈਂਡਜ਼ੁਕਿਚ ਨੇ 69ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਕੁਝ ਆਸ ਜਗਾਈ। ਉਂਜ ਸਾਲ 1974 ਮਗਰੋਂ ਫੁਟਬਾਲ ਵਿਸ਼ਵ ਕੱਪ ’ਚ ਇਹ ਪਹਿਲਾ ਮੌਕਾ ਹੈ ਜਦੋਂ ਖ਼ਿਤਾਬੀ ਮੁਕਾਬਲੇ ’ਚ ਹਾਫ਼ ਟਾਈਮ ਤੋਂ ਪਹਿਲਾਂ ਤਿੰਨ ਗੋਲ ਹੋਏ। ਇਸ ਤੋਂ ਪਹਿਲਾਂ ਫਰਾਂਸ 1998 ਵਿੱਚ ਵਿਸ਼ਵ ਚੈਂਪੀਅਨ ਬਣਿਆ ਸੀ, ਉਦੋਂ ਟੀਮ ਦੀ ਕਪਤਾਨ ਦਿਦੇਅਰ ਡੀਸ਼ਾਪਸ ਹੱਥ ਸੀ, ਜੋ ਅੱਜ ਟੀਮ ਦਾ ਕੋਚ ਹੈ। ਇਸ ਤਰ੍ਹਾਂ ਡੀਸ਼ਾਂਪਸ ਖਿਡਾਰੀ ਤੇ ਕੋਚ ਵਜੋਂ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਵਿਅਕਤੀ ਬਣ ਗਿਆ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਤੇ ਜਰਮਨੀ ਦੇ ਫਰੈਂਕ ਬੇਕਨਬਊਰ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਸੀ।
ਉਧਰ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿੱਚ ਪੁੱਜਾ ਸੀ। ਟੀਮ ਨੇ ਆਪਣੇ ਵੱਲੋਂ ਹਰ ਸੰਭਵ ਯਤਨ ਕੀਤਾ ਤੇ ਆਪਣੇ ਹੁਨਰ ਤੇ ਚੰਚਲਪੁਣੇ ਨਾਲ ਦਰਸ਼ਕਾਂ ਦਾ ਦਿਲ ਵੀ ਜਿੱਤਿਆ, ਪਰ ਆਖਿਰ ਨੂੰ ਜ਼ਲਾਟਕੋ ਡਾਲਿਚ ਦੀ ਟੀਮ ਨੂੰ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਉਂਜ ਦੋਵੇਂ ਟੀਮਾਂ ਅੱਜ ਮੈਦਾਨ ’ਤੇ 4-2-2-1 ਦੇ ਸਮੀਕਰਨ ਨਾਲ ਮੈਦਾਨ ’ਚ ਨਿੱਤਰੀਆਂ ਸਨ। ਕ੍ਰੋਏਸ਼ੀਆ ਨੇ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਵਾਲੀ ਸ਼ੁਰੂਆਤੀ ਗਿਆਰਾਂ ਖਿਡਾਰੀਆਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਦੋਂਕਿ ਡੀਸ਼ਾਂਪਸ ਨੇ ਆਪਣੀ ਰੱਖਿਆ ਲਾਈਨ ਨੂੰ ਮਜ਼ਬੂਤ ਕਰਨ ਵੱਲ ਵਧੇਰੇ ਤਰਜੀਹ ਦਿੱਤੀ।
ਇੰਗਲੈਂਡ ਦੇ ਹੈਰੀ ਕੇਨ ਨੂੰ ਮਿਲਿਆ ਗੋਲਡਨ ਬੂਟ
ਮਾਸਕੋ - ਇੰਗਲੈਂਡ ਦੀ ਟੀਮ ਫੀਫਾ ਵਿਸ਼ਵ ਕੱਪ ਵਿੱਚ ਭਾਵੇਂ ਚੌਥੇ ਸਥਾਨ ’ਤੇ ਰਹੀ, ਪਰ ਟੀਮ ਦਾ ਕਪਤਾਨ ਹੈਰੀ ਕੇਨ ਗੋਲਡਨ ਬੂਟ ਦਾ ਐਜਾਜ਼ ਹਾਸਲ ਕਰਨ ਵਿੱਚ ਸਫ਼ਲ ਰਿਹਾ। ਕੇਨ ਨੇ ਵਿਸ਼ਵ ਕੱਪ ਦੌਰਾਨ ਛੇ ਮੈਚਾਂ ਵਿੱਚ ਇੰਨੇ ਹੀ ਗੋਲ ਕੀਤੇ। ਕੇਨ ਫੁਟਬਾਲ ਵਿਸ਼ਵ ਕੱਪ ਵਿੱਚ ਗੋਲਡਨ ਬੂਟ ਜਿੱਤਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ 1986 ਵਿੱਚ ਮੈਕਸਿਕੋ ਵਿੱਚ ਹੋਏ ਵਿਸ਼ਵ ਕੱਪ ਵਿੱਚ ਗੈਰੀ ਲਿਨਾਕਰ ਨੇ ਇਹ ਐਜਾਜ਼ ਹਾਸਲ ਕੀਤਾ ਸੀ। ਲਿਨਾਕਰ ਨੇ ਵੀ ਛੇ ਗੋਲ ਕੀਤੇ ਸਨ। ਪੁਰਤਗਾਲ ਦਾ ਕਪਤਾਨ ਕ੍ਰਿਸਟਿਆਨੋ ਰੋਨਾਲਡੋ, ਬੈਲਜੀਅਮ ਦਾ ਰੋਮੇਲੁ ਲੁਕਾਕੂ ਤੇ ਰੂਸ ਦਾ ਡੈਨਿਸ ਚੇਰੀਸ਼ੇਵ ਚਾਰ ਚਾਰ ਗੋਲਾਂ ਨਾਲ ਸਾਂਝੇ ਦੂਜੇ ਸਥਾਨ ’ਤੇ ਰਹੇ। ਫਾਈਨਲ ਵਿੱਚ ਗੋਲ ਕਰਨ ਵਾਲਾ ਫਰਾਂਸ ਦਾ ਨੌਜਵਾਨ ਖਿਡਾਰੀ ਕਾਇਲਾਨ ਮਬਾਪੇ ਟੂਰਨਾਮੈਂਟ ਵਿੱਚ ਤਿੰਨ ਗੋਲ ਹੀ ਕਰ ਸਕਿਆ। ਇਸ ਦੌਰਾਨ ਇੰਗਲੈਂਡ ਦੇ ਮਬਾਪੇ ਨੂੰ ਬਿਹਤਰੀਨ ਨੌਜਵਾਨ ਖਿਡਾਰੀ ਦਾ ਐਜਾਜ਼ ਦਿੱਤਾ ਗਿਆ।

No Comment posted
Name*
Email(Will not be published)*
Website