Your Advertisement
ਭਾਰਤ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਚ

ਸਾਵਰ (ਬੰਗਲਾਦੇਸ਼) - ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਸੀਨੀਅਰ ਟੀਮਾਂ ਵਿਚਾਲੇ ਏਸ਼ੀਆ ਕੱਪ ਦਾ ਮੁਕਾਬਲਾ ਬੇਸ਼ੱਕ ਟਾਈ ਰਿਹਾ ਹੋਵੇ, ਪਰ ਭਾਰਤ ਦੀ ਜੂਨੀਅਰ ਟੀਮ ਨੇ ਅਫ਼ਗਾਨਿਸਤਾਨ ਨੂੰ ਅੱਜ 51 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।
ਭਾਰਤੀ ਟੀਮ ਨੇ ਗਰੁਪ ‘ਏ’ ਦੇ ਆਪਣੇ ਆਖ਼ਰੀ ਮੈਚ ਵਿੱਚ 45.3 ਓਵਰਾਂ ਵਿੱਚ 221 ਦੌੜਾਂ ਬਣਾਈਆਂ ਅਤੇ ਅਫ਼ਗਾਨਿਸਤਾਨ ਨੂੰ 45.4 ਓਵਰਾਂ ਵਿੱਚ 170 ਦੌੜਾਂ ’ਤੇ ਢੇਰ ਕਰ ਦਿੱਤਾ। ਅਫ਼ਗਾਨਿਸਤਾਨ ਦੀ ਟੀਮ ਨੇ ਇਸ ਹਾਰ ਦੇ ਬਾਵਜੂਦ ਗਰੁਪ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ। ਗਰੁਪ ‘ਬੀ’ ਤੋਂ ਸ੍ਰੀਲੰਕਾ ਅਤੇ ਬੰਗਲਾਦੇਸ਼ ਸੈਮੀਫਾਈਨਲ ਵਿੱਚ ਪਹੁੰਚੀਆਂ ਹਨ।
ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਵੀਰਵਾਰ ਨੂੰ ਅਤੇ ਸ੍ਰੀਲੰਕਾ ਦਾ ਮੁਕਾਬਲਾ ਅਫ਼ਗਾਨਿਸਤਾਨ ਨਾਲ ਸ਼ੁਕਰਵਾਰ ਨੂੰ ਹੋਵੇਗਾ। ਫਾਈਨਲ ਐਤਵਾਰ ਨੂੰ ਖੇਡਿਆ ਜਾਣਾ ਹੈ। ਭਾਰਤ ਨੇ ਮੁਕਾਬਲੇ ਵਿੱਚ ਕਾਫ਼ੀ ਖ਼ਰਾਬ ਸ਼ੁਰੂਆਤ ਕੀਤੀ ਅਤੇ ਸਿਰਫ਼ 14 ਦੌੜਾਂ ਤੱਕ ਅਨੁਜ ਰਾਵਤ (ਸਿਫ਼ਰ), ਕਪਤਾਨ ਪਵਨ ਸ਼ਾਹ (12) ਅਤੇ ਨੇਹਲ ਵਢੇਰਾ (ਸਿਫ਼ਰ) ਦੀਆਂ ਵਿਕਟਾਂ ਗੁਆ ਲਈਆਂ। ਭਾਰਤ ਦੀ ਪਾਰੀ ਨੂੰ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਸੰਭਾਲਿਆ, ਜਿਸ ਨੇ 93 ਗੇਂਦਾਂ ’ਤੇ 13 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 92 ਦੌੜਾਂ ਦੀ ਹਮਲਾਵਰ ਪਾਰੀ ਖੇਡੀ।
ਜੈਸਵਾਲ ਨੇ ਪ੍ਰਭਸਿਮਰਨ ਸਿੰਘ (17) ਨਾਲ ਚੌਥੀ ਵਿਕਟ ਲਈ 62 ਦੌੜਾਂ ਅਤੇ ਅਯੂਸ਼ ਬਦੌਨੀ (65) ਨਾਲ ਪੰਜਵੀਂ ਵਿਕਟ ਲਈ 80 ਦੌੜਾਂ ਜੋੜੀਆਂ। ਬਦੌਨੀ ਨੇ 66 ਗੇਂਦਾਂ ਦੀ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਇੱਕ ਛੱਕਾ ਮਾਰਿਆ। ਜੈਸਵਾਲ ਦੀ ਵਿਕਟ 156 ਅਤੇ ਬਦੌਨੀ ਦੀ ਵਿਕਟ 202 ਦੌੜਾਂ ਦੇ ਸਕੋਰ ’ਤੇ ਡਿਗੀ। ਭਾਰਤ ਨੇ ਆਪਣੀਆਂ ਆਖ਼ਰੀ ਪੰਜ ਵਿਕਟਾਂ 19 ਦੌੜਾਂ ਲੈਣ ਦੇ ਚੱਕਰ ਵਿੱਚ ਗੁਆਈਆਂ ਅਤੇ ਉਸ ਦੀ ਪਾਰੀ 221 ਦੌੜਾਂ ’ਤੇ ਢੇਰ ਹੋ ਗਈ। ਅਜ਼ਮਤੁੱਲਾਹ ਨੇ 46 ਦੌੜਾਂ ’ਤੇ ਤਿੰਨ ਵਿਕਟਾਂ, ਕੈਸ ਅਹਿਮਦ ਨੇ 33 ਦੌੜਾਂ ’ਤੇ ਤਿੰਨ ਵਿਕਟਾਂ ਅਤੇ ਆਬਿਦ ਮੁਹੰਮਦੀ ਨੇ 28 ਦੌੜਾਂ ’ਤੇ ਦੋ ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਦਿਆਂ ਅਫ਼ਗਾਨਿਸਤਾਨ ਨੇ 56 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ, ਪਰ ਸਲਾਮੀ ਜੋੜੀ ਦੇ ਟੁੱਟਦਿਆਂ ਭਾਰਤੀ ਗੇਂਦਬਾਜ਼ਾਂ ਨੇ ਦਬਾਅ ਬਣਾਇਆ ਅਤੇ ਅਫ਼ਗਾਨਿਸਤਾਨ ਦੀਆਂ ਛੇ ਵਿਕਟਾਂ 105 ਦੌੜਾਂ ’ਤੇ ਡਿੱਗ ਗਈਆਂ। ਅਫ਼ਗਾਨਿਸਤਾਨ ਦੀ ਪਾਰੀ 170 ਦੌੜਾਂ ’ਤੇ ਢੇਰ ਹੋ ਗਈ। ਸਿਧਾਰਥ ਦੇਸਾਈ ਨੇ 37 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਹਰਸ਼ ਤਿਆਗੀ ਨੇ 40 ਦੌੜਾਂ ਦੇ ਕੇ ਤਿੰਨ, ਸਮੀਰ ਚੌਧਰੀ ਨੇ 12 ਦੌੜਾਂ ਦੇ ਕੇ ਦੋ ਅਤੇ ਬਦੌਨੀ ਨੇ 28 ਦੌੜਾਂ ਦੇ ਕੇ ਇੱਕ ਵਿਕਟ ਲਈ। ਭਾਰਤ ਨੇ ਆਪਣੇ ਗਰੁਪ ਵਿੱਚ ਸਾਰੇ ਤਿੰਨ ਮੈਚ ਜਿੱਤੇ, ਜਦਕਿ ਅਫ਼ਗਾਨਿਸਤਾਨ ਨੇ ਦੋ ਮੈਚ ਜਿੱਤੇ। ਗਰੁਪ ‘ਬੀ’ ਤੋਂ ਸ੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ, ਜਦਕਿ ਪਾਕਿਸਤਾਨ ਦੀ ਟੀਮ ਤੀਜੇ ਨੰਬਰ ’ਤੇ ਰਹਿ ਕੇ ਬਾਹਰ ਹੋ ਗਈ ਹੈ।

No Comment posted
Name*
Email(Will not be published)*
Website