Your Advertisement
ਚੰਦਾ ਕੋਛੜ ਵੱਲੋਂ ਆਈਸੀਆਈਸੀਆਈ ਬੈਂਕ ਤੋਂ ਅਸਤੀਫ਼ਾ

ਨਵੀਂ ਦਿੱਲੀ - ਕੁਨਬਾਪ੍ਰਸਤੀ ਤੇ ਹਿੱਤਾਂ ਦੇ ਟਕਰਾਅ ਨਾਲ ਸਬੰਧਤ ਦੋਸ਼ਾਂ ਕਰਕੇ ਜਾਂਚ ਦੇ ਘੇਰੇ ਵਿੱਚ ਆਈ ਆਈਸੀਆਈਸੀਆਈ ਬੈਂਕ ਦੀ ਪ੍ਰਬੰਧਕੀ ਨਿਰਦੇਸ਼ਕ ਤੇ ਸੀਈਓ ਚੰਦਾ ਕੋਛੜ (57) ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਂਜ ਬੈਂਕ ਦੇ ਮੁਖੀ ਵਜੋਂ ਉਨ੍ਹਾਂ ਦੇ ਅਹੁਦੇ ਦੀ ਮਿਆਦ ਖ਼ਤਮ ਹੋਣ ਨੂੰ ਅਜੇ ਛੇ ਮਹੀਨੇ ਪਏ ਸਨ। ਉਧਰ ਕੋਛੜ ਦੇ ਅਸਤੀਫ਼ੇ ਤੋਂ ਫ਼ੌਰੀ ਮਗਰੋਂ ਬੈਂਕ ਨੇ ਮੁੱਖ ਅਪਰੇਟਿੰਗ ਅਧਿਕਾਰੀ (ਸੀਓਓ) ਸੰਦੀਪ ਬਖ਼ਸ਼ੀ (58) ਨੂੰ ਅਗਲੇ ਪੰਜ ਸਾਲਾਂ ਲਈ ਨਵਾਂ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਥਾਪ ਦਿੱਤਾ ਹੈ। ਬੈਂਕ ਨੇ ਇਕ ਬਿਆਨ ਵਿੱਚ ਸਾਫ਼ ਕਰ ਦਿੱਤਾ ਕਿ ਬੋਰਡ ਵੱਲੋਂ ਮਈ ਵਿੱਚ ਕੋਛੜ ਖ਼ਿਲਾਫ਼ ਵਿੱਢੀ ਬਾਹਰੀ ਜਾਂਚ ਜਾਰੀ ਰਹੇਗੀ ਤੇ ਉਸ ਨੂੰ ਮਿਲਣ ਵਾਲੇ ਲਾਭ ਜਾਂਚ ਦੇ ਨਤੀਜਿਆਂ ’ਤੇ ਨਿਰਭਰ ਕਰਨਗੇ। ਚੇਤੇ ਰਹੇ ਕਿ ਆਈਸੀਆਈਸੀਆਈ ਬੋਰਡ ਵੱਲੋਂ ਕੋਛੜ ਨਾਲ ਸਬੰਧਤ ਮਾਮਲੇ ਦੀ ਜਾਂਚ ਸੁਪਰੀਮ
ਕੋਰਟ ਦੇ ਸੇਵਾ ਮੁਕਤ ਜਸਟਿਸ ਬੀ.ਐੱਨ. ਸ੍ਰੀਕ੍ਰਿਸ਼ਨਾ ਨੂੰ ਦਿੱਤੇ ਜਾਣ ਦੇ ਫ਼ੈਸਲੇ ਮਗਰੋਂ ਕੋਛੜ ਮਈ ਵਿੱਚ ਛੁੱਟੀ ’ਤੇ ਚਲੀ ਗਈ ਸੀ। ਦੱਸਣਾ ਬਣਦਾ ਹੈ ਕਿ ਚੰਦਾ ਕੋਛੜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਵੀਡੀਓਕੋਨ ਗਰੁੱਪ ਨੂੰ ਦਿੱਤੇ ਕਰਜ਼ੇ ਦੇ ਵੱਟੇ ’ਚ ਛੋਟਾਂ ਲੈਣ ਦਾ ਦੋਸ਼ ਲੱਗਾ ਸੀ।
ਆਈਸੀਆਈਸੀਆਈ ਬੈਂਕ ਨੇ ਇਕ ਬਿਆਨ ’ਚ ਕਿਹਾ, ‘ਅਸਤੀਫ਼ੇ ਦਾ ਬੋਰਡ ਵੱਲੋਂ ਵਿੱਢੀ ਜਾਂਚ (ਕੋਛੜ ਖ਼ਿਲਾਫ਼) ’ਤੇ ਕੋਈ ਅਸਰ ਨਹੀਂ ਪਏਗਾ ਤੇ ਜਾਂਚ ਜਾਰੀ ਰਹੇਗੀ। ਹਾਂ ਕੁਝ ਲਾਹੇ ਇਸ ਜਾਂਚ ਦੇ ਨਤੀਜਿਆਂ ’ਤੇ ਮੁਨੱਸਰ ਕਰਨਗੇ। ਕੋਛੜ ਨੂੰ ਬੈਂਕ ਅਧੀਨ ਹੋਰਨਾਂ ਅਦਾਰਿਆਂ ਦੇ ਬੋਰਡ ਆਫ ਡਾਇਰੈਕਟਰਜ਼ ’ਚੋਂ ਵੀ ਮੁਕਤ ਕਰ ਦਿੱਤਾ ਜਾਵੇਗਾ। ਆਈਸੀਆਈਸੀਆਈ ਬੈਂਕ ਦੇ ਬੋਰਡ ਡਾਇਰੈਕਟਰਾਂ ਨੇ ਚੰਦਾ ਕੋਛੜ ਦੀ ਬੈਂਕ ਤੋਂ ਅਗਾਊਂ ਸੇਵਾ ਮੁਕਤ ਹੋਣ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।’ ਉਂਜ ਕੋਛੜ ਦਾ ਸੀਈਓ ਵਜੋਂ ਪੰਜ ਸਾਲ ਦਾ ਕਾਰਜਕਾਲ 31 ਮਾਰਚ 2019 ਨੂੰ ਖ਼ਤਮ ਹੋਣਾ ਸੀ। ਕੋਛੜ ਦੇ ਛੁੱਟੀ ’ਤੇ ਜਾਣ ਮਗਰੋਂ ਆਈਸੀਆਈਸੀਆਈ ਨੇ ਬਖ਼ਸ਼ੀ, ਜੋ ਉਸ ਮੌਕੇ ਆਈਸੀਆਈਸੀਆਈ ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦਾ ਐਮਡੀ ਤੇ ਸੀਈਓ ਸੀ, ਨੂੰ ਜੂਨ 18 ਤੋਂ ਬੈਂਕ ਦਾ ਸੀਓਓ ਥਾਪ ਦਿੱਤਾ ਸੀ। ਬਖ਼ਸ਼ੀ ਦੀ ਐਮਡੀ ਤੇ ਸੀਈਓ ਵਜੋਂ ਨਿਯੁਕਤੀ ਪੰਜ ਸਾਲ ਭਾਵ 3 ਅਕਤੂਬਰ 2023 ਤਕ ਹੋਵੇਗੀ। ਬਿਆਨ ਮੁਤਾਬਕ ਬਖ਼ਸ਼ੀ ਦੀ ਨਿਯੁਕਤੀ ਵਾਲੀਆਂ ਸ਼ਰਤਾਂ ਜਿਵੇਂ ਮਿਹਨਤਾਨਾ ਪਹਿਲਾਂ ਵਾਲੇ ਹੀ ਰਹਿਣਗੇ। ਬਖ਼ਸ਼ੀ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਡਿਗਰੀ ਧਾਰਕ ਹੈ ਤੇ ਉਨ੍ਹਾਂ ਸਾਲ 1986 ਵਿੱਚ ਆਈਸੀਆਈਸੀਆਈ ਲਿਮਟਿਡ ’ਚ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ। ਇਸ ਦੌਰਾਨ ਬੈਂਕ ਵਿੱਚ ਸਿਖਰਲੇ ਪੱਧਰ ’ਤੇ ਹੋਏ ਇਸ ਫੇਰਬਦਲ ਦਾ ਸ਼ੇਅਰ ਬਾਜ਼ਾਰ ’ਤੇ ਕੋਈ ਬਹੁਤਾ ਅਸਰ ਨਹੀਂ ਪਿਆ ਤੇ ਬੀਐਸਈ ਵਿੱਚ ਬੈਂਕ ਦੇ ਸ਼ੇਅਰ 3.94 ਫੀਸਦ ਦੇ ਉਛਾਲ ਨਾਲ 315.55 ਰੁਪਏ ਨੂੰ ਬੰਦ ਹੋਏ। ਸੈਂਸੈਕਸ ਸੂਚਕਾਂਕ ਵਿੱਚ ਕੰਪਨੀ ਦੇ ਸ਼ੇਅਰਾਂ ਨੂੰ 2 ਫੀਸਦ ਤੋਂ ਵੱਧ ਦਾ ਝਟਕਾ ਜ਼ਰੂਰ ਲੱਗਾ।
ਕੋਛੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 ਵਿੱਚ ਆਈਸੀਆਈਸੀਆਈ ਲਿਮ ਤੋਂ ਕੀਤੀ ਸੀ। ਸਾਲ 2011 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਨ ਦੇ ਐਜਾਜ਼ ਨਾਲ ਸਨਮਾਨਿਆ ਗਿਆ ਸੀ। ਉਹ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਵਿਸ਼ਵ ਦੀਆਂ ਸੌ ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ’ਚ ਵੀ ਸ਼ੁਮਾਰ ਰਹੇ।

No Comment posted
Name*
Email(Will not be published)*
Website