Your Advertisement
ਪੰਜਾਬ ਦੇ 2300 ਕਰੋੜ ਦੇ ਬਕਾਏ ਮੋੜਨ ਲਈ ਕੇਂਦਰ ਤਿਆਰ: ਕੈਪਟਨ

ਨਵੀਂ ਦਿੱਲੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅਨਾਜ ਦੀ ਖਰੀਦ ਅਤੇ ਟੈਕਸਾਂ ਦੇ ਰੂਪ ਵਿੱਚ ਬਣਦਾ 2300 ਕਰੋੜ ਰੁਪਏ ਦਾ ਬਕਾਇਆ ਪੰਜਾਬ ਨੂੰ ਮੋੜਨ ਲਈ ਤਿਆਰ ਹੈ। ਮੁੱਖ ਮੰਤਰੀ ਨੂੰ ਇਹ ਭਰੋਸਾ ਅੱਜ ਇਥੇ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਕੀਤੀ ਮੀਟਿੰਗ ਦੌਰਾਨ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਹਾਲਾਂਕਿ ਮੁੱਖ ਮੰਤਰੀ ਨੂੰ ਸਾਫ ਕਰ ਦਿੱਤਾ ਕਿ ਬਕਾਇਆਂ ਦੀ ਅਦਾਇਗੀ ਜਲਦੀ ਤਾਂ ਹੀ ਹੋ ਸਕੇਗੀ ਜੇਕਰ ਦਾਅਵਿਆਂ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਸ੍ਰੀ ਪਾਸਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਬਕਾਇਆ ਬਿਲਾਂ ਨੂੰ ਕਲੀਅਰ ਕਰਨ ਲਈ ਯਤਨਸ਼ੀਲ ਹੈ।
ਸ੍ਰੀ ਪਾਸਵਾਨ ਨੇ ਸੂਬੇ ਵਿੱਚ ਝੋਨੇ ਦੀ ਖ਼ਰੀਦ ਦੇ ਚੱਲ ਰਹੇ ਸੀਜ਼ਨ ਲਈ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਜਾਰੀ ਕਰਵਾਉਣ ਲਈ ਲੰਬਿਤ ਪਏ ਸਾਰੇ ਮੁੱਦਿਆਂ ਦੇ ਸਮਾਂਬੱਧ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ। ਕੇਂਦਰੀ ਖੁਰਾਕ ਮੰਤਰੀ ਨੇ ਕਣਕ (ਆਰ.ਐਮ.ਐਸ. 2017-18) ’ਤੇ ਖ਼ਰੀਦ ਸਟਾਕ ਅਤੇ ਆਈ.ਡੀ.ਸੈਸ ਦੇ 500 ਕਰੋੜ ਰੁਪਏ ਦੇ ਬਕਾਏ ਦੇ ਮੁੜ ਭੁਗਤਾਨ ਨੂੰ ਤੁਰੰਤ ਜਾਰੀ ਕਰਨ ਵਾਸਤੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਇਆ। ਉਨ੍ਹਾਂ ਸਾਲ 2018 ਦੀ ਦੂਜੀ ਅਤੇ ਤੀਜੀ ਤਿਮਾਹੀ ਲਈ ਐਨ.ਐਫ.ਐਸ.ਏ. ਹੇਠ ਬਕਾਇਆ ਪਈ 857 ਕਰੋੜ ਰੁਪਏ ਦੀ ਸਬਸਿਡੀ ਦੇ 400 ਕਰੋੜ ਰੁਪਏ ਇਕ ਜਾਂ ਦੋ ਦਿਨਾਂ ਵਿੱਚ ਜਾਰੀ ਕਰਨ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ 1,154 ਕਰੋੜ ਰੁਪਏ ਦੀ ਦੇਣਦਾਰੀ ਇਸੇ ਮਹੀਨੇ ਦੇ ਅੰਤ ਤਕ ਖਤਮ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਟੋਰ ਕੀਤੇ ਅਨਾਜ ਦੀ ਬਿਨਾਂ ਅੜਚਨ ਨਿਕਾਸੀ ਦਾ ਮੁੱਦਾ ਵੀ ਉਠਾਇਆ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਪਾਸਵਾਨ ਨੂੰ ਅਪੀਲ ਕੀਤੀ ਕਿ ਉਹ ਇਸ ਨਿਕਾਸੀ ਨੂੰ ਤੇਜ਼ੀ ਨਾਲ ਕਰਵਾਉਣ ਲਈ ਐਫਸੀਆਈ ਨੂੰ ਨਿਰਦੇਸ਼ ਜਾਰੀ ਕਰਨ ਤਾਂ ਜੋ ਨਵੇਂ ਅਨਾਜ ਨੂੰ ਸਟੋਰ ਕਰਨ ਲਈ ਥਾਂ ਬਣ ਸਕੇ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਪੰਜਾਬ ਵਿੱਚ ਇਕ ਲੱਖ ਕੁਇੰਟਲ ਦੀ ਪਹਿਲਾਂ ਹੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਸਬਸਿਡੀ ਦਰਾਂ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮਸ਼ੀਨਾਂ/ਸਾਜ਼ੋ-ਸਮਾਨ ਦੇ ਨਾਲ ਕੁਝ ਹੱਦ ਤੱਕ ਪਰਾਲੀ ਸਾੜਨ ‘ਤੇ ਕਾਬੂ ਪੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਅਫੀਮ ਦੀ ਕਾਸ਼ਤ ਨੂੰ ਆਗਿਆ ਦੇਣ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਪੰਜਾਬ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਲੜ ਰਿਹਾ ਹੈ।

No Comment posted
Name*
Email(Will not be published)*
Website