Your Advertisement
ਚੋਣ ਸਰਵੇਖਣ: ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਹਾਰ ਦੀ ਪੇਸ਼ੀਨਗੋਈ

ਨਵੀਂ ਦਿੱਲੀ - ਦੋ ਚੋਣ ਸਰਵੇਖਣਾਂ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਰਾਜਸਥਾਨ ’ਚ ਕਾਂਗਰਸ ਸਰਕਾਰ ਬਣਾ ਸਕਦੀ ਹੈ। ਏਬੀਪੀ ਨਿਊਜ਼-ਸੀਵੋਟਰ ਅਤੇ ਸੀ ਫੋਰ ਨੇ ਕਾਂਗਰਸ ਪਾਰਟੀ ਨੂੰ ਕਰੀਬ-ਕਰੀਬ 50 ਫ਼ੀਸਦੀ ਵੋਟ ਸ਼ੇਅਰ ਦਿੰਦਿਆਂ ਰਾਜਸਥਾਨ (200 ਸੀਟਾਂ) ’ਚ ਕ੍ਰਮਵਾਰ 142 ਅਤੇ 124-138 ਸੀਟਾਂ ਦਿੱਤੀਆਂ ਹਨ। ਏਬੀਪੀ ਨਿਊਜ਼-ਸੀਵੋਟਰ ਨੇ ਭਾਜਪਾ ਨੂੰ ਰਾਜਸਥਾਨ ਨੂੰ 56 ਸੀਟਾਂ ਦਿੱਤੀਆਂ ਹਨ। ਮੁੱਖ ਮੰਤਰੀ ਅਹੁਦੇ ਲਈ ਸੂਬਾ ਪ੍ਰਧਾਨ ਸਚਿਨ ਪਾਇਲਟ ਨੂੰ ਭਾਜਪਾ ਦੀ ਵਸੁੰਧਰਾ ਰਾਜੇ ਨਾਲੋਂ ਵੱਧ ਤਰਜੀਹ ਦਿੱਤੀ ਗਈ ਹੈ। ਸੀ ਫੋਰ ਨੇ ਸਿਰਫ਼ ਰਾਜਸਥਾਨ ਦਾ ਸਰਵੇਖਣ ਕੀਤਾ ਹੈ ਪਰ ਏਬੀਪੀ ਨਿਊਜ਼-ਸੀਵੋਟਰ ਨੇ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾਵਾਂ ਦਾ ਚੋਣ ਸਰਵੇਖਣ ਵੀ ਕੀਤਾ ਹੈ ਜਿਸ ’ਚ ਕਾਂਗਰਸ ਨੂੰ ਅੱਗੇ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਪਿਛਲੇ 15 ਸਾਲਾਂ ਤੋਂ ਸੱਤਾ ’ਚ ਹੈ। ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ’ਚ ਕਿਹਾ ਗਿਆ ਹੈ ਕਿ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਹੇਰ-ਫੇਰ ਨਾਲ ਦੋਵੇਂ ਮੁੱਖ ਪਾਰਟੀਆਂ ’ਚੋਂ ਕੋਈ ਵੀ ਅੱਗੇ ਨਿਕਲ ਸਕਦੀ ਹੈ ਕਿਉਂਕਿ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਵੋਟ ਸ਼ੇਅਰ ’ਚ ਮਾਮੂਲੀ ਫਰਕ ਦਿਖਾਇਆ ਗਿਆ ਹੈ। ਮੱਧ ਪ੍ਰਦੇਸ਼ ਦੀਆਂ 230 ਸੀਟਾਂ ’ਚੋਂ ਕਾਂਗਰਸ ਨੂੰ 122 ਸੀਟਾਂ ’ਤੇ ਅੱਗੇ ਦਿਖਾਇਆ ਗਿਆ ਹੈ ਜਦਕਿ ਛੱਤੀਸਗੜ੍ਹ (90) ’ਚ ਉਨ੍ਹਾਂ ਨੂੰ 47 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਭਾਜਪਾ ਨੂੰ ਦੋਵੇਂ ਸੂਬਿਆਂ ’ਚ ਕ੍ਰਮਵਾਰ 108 ਅਤੇ 40 ਸੀਟਾਂ ’ਤੇ ਸਿਮਟਦਿਆਂ ਦੱਸਿਆ ਗਿਆ ਹੈ। ਸੀ ਫੋਰ ਸਰਵੇਖਣ ’ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ’ਚੋਂ ਪਾਇਲਟ, ਗਹਿਲੋਤ ਅਤੇ ਰਾਜੇ ਨੂੰ ਵੋਟਰਾਂ ਨੇ ਕ੍ਰਮਵਾਰ ਤਰਜੀਹ ਦਿੱਤੀ ਹੈ। ਏਬੀਪੀ ਨਿਊਜ਼-ਸੀਵੋਟਰ ਦੇ ਸਰਵੇਖਣ ’ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਦੇ ਰਮਨ ਸਿੰਘ ਵੋਟਰਾਂ ਦੀ ਪਸੰਦ ਦੱਸੇ ਗਏ ਹਨ। ਸੀ ਫੋਰ ਨੇ ਰਾਜਸਥਾਨ ’ਚ 5788 ਵੋਟਰਾਂ ਜਦਕਿ ਏਬੀਪੀ ਨਿਊਜ਼-ਸੀਵੋਟਰ ਨੇ ਤਿੰਨ ਸੂਬਿਆਂ ’ਚ 26196 ਵੋਟਰਾਂ ਦੀ ਰਾਏ ਨਾਲ ਸਰਵੇਖਣ ਤਿਆਰ ਕੀਤਾ ਹੈ।

No Comment posted
Name*
Email(Will not be published)*
Website