Your Advertisement
ਪੀਐਚਡੀ ਵਿਚਾਲੇ ਛੱਡ ਕੇ ਕਮਾਂਡਰ ਬਣਿਆ ਵਾਨੀ ਮੁਕਾਬਲੇ ਚ ਹਲਾਕ

ਸ੍ਰੀਨਗਰ - ਏਐਮਯੂ ’ਚ ਪੀਐਚਡੀ ਵਿਚਾਲੇ ਛੱਡ ਕੇ ਦਹਿਸ਼ਤੀ ਸਫ਼ਾਂ ’ਚ ਸ਼ਾਮਲ ਹੋਣ ਵਾਲਾ ਕਮਾਂਡਰ ਮਨਾਨ ਬਸ਼ੀਰ ਵਾਨੀ (27) ਉੱਤਰੀ ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਵਾਨੀ ਅਲਾਈਡ ਜਿਓਲੌਜੀ ਦੀ ਪੀਐਚਡੀ ਕਰ ਰਿਹਾ ਸੀ ਜਦੋਂ ਉਹ ਇਸ ਸਾਲ ਜਨਵਰੀ ’ਚ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ’ਚ ਸ਼ਾਮਲ ਹੋ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਦੇ ਪਿੰਡ ਸ਼ਤਗੁੰਡ ’ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਇਕ ਹੋਰ ਹਿਜ਼ਬੁਲ ਦਹਿਸ਼ਤਗਰਦ ਆਸ਼ਿਕ ਹੁਸੈਨ, ਜੋ ਹੰਦਵਾੜਾ ਦੇ ਲੰਗੇਟ ਇਲਾਕੇ ਦਾ ਵਸਨੀਕ ਸੀ, ਅਪਰੇਸ਼ਨ ਦੌਰਾਨ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਹਨ। ਮੁਕਾਬਲਾ ਤੜਕੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਵਾਨੀ ਅਤੇ ਦੋ ਹੋਰ ਦਹਿਸ਼ਤਗਰਦਾਂ ਦੀ ਪਿੰਡ ’ਚ ਮੌਜੂਦਗੀ ਬਾਰੇ ਪੁਖ਼ਤਾ ਸੂਹ ਮਿਲੀ। ਅਧਿਕਾਰੀ ਨੇ ਕਿਹਾ ਕਿ ਪੁਲੀਸ ਅਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ’ਤੇ ਘਿਰੇ ਹੋਏ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਹ ਮੁਕਾਬਲਾ ਸਵੇਰੇ 11 ਵਜੇ ਤਕ ਚਲਿਆ। ਪੜ੍ਹਾਈ-ਲਿਖਾਈ ’ਚ ਹੁਸ਼ਿਆਰ ਵਾਨੀ ਨੇ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਸੈਨਿਕ ਸਕੂਲ ਮਾਨਸਬਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ ਅਤੇ ਉੱਤਰੀ ਕਸ਼ਮੀਰ ’ਚ ਉਹ ਦਹਿਸ਼ਤਗਰਦ ਭਰਤੀ ਕਰਨ ਦਾ ਮੁਖੀ ਸਮਝਿਆ ਜਾਂਦਾ ਸੀ। ਕਾਨੂੰਨੀ ਪ੍ਰਕਿਰਿਆ ਮਗਰੋਂ ਵਾਨੀ ਦੀ ਦੇਹ ਪਰਿਵਾਰ ਨੂੰ ਅੰਤਿਮ ਰਸਮਾਂ ਲਈ ਸੌਂਪ ਦਿੱਤੀ ਗਈ ਜਿਥੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਜਿਵੇਂ ਹੀ ਵਾਨੀ ਦੀ ਮੌਤ ਦੀ ਖ਼ਬਰ ਫੈਲੀ ਤਾਂ ਲੋਕ ਸੜਕਾਂ ’ਤੇ ਨਿਕਲ ਆਏ ਅਤੇ ਕੁਝ ਥਾਵਾਂ ਉਪਰ ਉਨ੍ਹਾਂ ਸੁਰੱਖਿਆ ਬਲਾਂ ’ਤੇ ਪੱਥਰਾਅ ਕੀਤਾ। ਅਧਿਕਾਰੀਆਂ ਨੇ ਇਹਤਿਆਤ ਵਜੋਂ ਸਕੂਲ, ਵਿਦਿਅਕ ਅਦਾਰੇ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਵੱਖਵਾਦੀ ਆਗੂਆਂ ਨੇ ਸ਼ੁੱਕਰਵਾਰ ਨੂੰ ਵਾਦੀ ’ਚ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਧਰ ਅਣਪਛਾਤੇ ਬੰਦੂਕਧਾਰੀਆਂ ਨੇ ਸ਼ੋਪੀਆਂ ਜ਼ਿਲ੍ਹੇ ’ਚ ਹੁਰੀਅਤ ਕਾਨਫਰੰਸ ਦੇ ਕਾਰਕੁਨ ਮੌਲਵੀ ਤਾਰਿਕ ਅਹਿਮਦ ਗਨਾਈ ਨੂੰ ਮਾਰ ਦਿੱਤਾ।
ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ ’ਚ ਜਵਾਨ ਜ਼ਖ਼ਮੀ
ਜੰਮੂ - ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਉਨ੍ਹਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਭਾਰਤੀ ਫ਼ੌਜ ਦਾ ਜਵਾਨ ਜ਼ਖ਼ਮੀ ਹੋ ਗਿਆ। ਗੋਲੀਬੰਦੀ ਦੀ ਉਲੰਘਣਾ ਕੱਲ ਰਾਤ ਸਾਢੇ 9 ਵਜੇ ਕੀਤੀ ਗਈ। ਜ਼ਖ਼ਮੀ ਜਵਾਨ ਖ਼ਤਰੇ ਤੋਂ ਬਾਹਰ ਹੈ।

No Comment posted
Name*
Email(Will not be published)*
Website