Your Advertisement
ਅਮਰੀਕਾ ਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ ਹਿੰਦੂ ਭਾਈਚਾਰਾ : ਰਿਪੋਰਟ

ਵਾਸ਼ਿੰਗਟਨ — ਭਾਰਤੀ-ਅਮਰੀਕੀ ਭਾਈਚਾਰੇ ਨੇ ਅਮਰੀਕਾ ਵਿਚ ਸਭ ਤੋਂ ਵੱਧ ਅਮੀਰ ਅਤੇ ਸਭ ਤੋਂ ਵੱਧ ਸਿੱਖਿਅਤ ਹੋਣ ਦੇ ਰੂਪ ਵਿਚ ਆਪਣੀ ਪਛਾਣ ਬਣਾਈ ਹੈ। ਇਕ ਨਵੇਂ ਅਧਿਐਨ ਮੁਤਾਬਕ ਅਮਰੀਕੀ ਧਾਰਮਿਕ ਸਮੂਹ ਵਿਚ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ 'ਤੇ ਸਭ ਤੋਂ ਵੱਧ ਸਿੱਖਿਅਤ ਹੈ। ਹਿੰਦੂ ਭਾਈਚਾਰੇ ਦੇ ਬਾਅਦ ਯੂਨੀਟੇਰੀਅਨ ਯੂਨੀਵਰਸਲਿਸਟ, ਯਹੂਦੀ, ਐਂਗਲੀਕਨ ਅਤੇ ਈਪਿਸਕੋਪਲ ਹਨ।
ਅਧਿਐਨ ਲਈ ਅਧਿਐਨਕਰਤਾਵਾਂ ਨੇ 4 ਸਾਲ ਦੀ ਕਾਲਜ ਡਿਗਰੀ ਦੀ ਮਾਰਕਰ ਦੇ ਤੌਰ 'ਤੇ ਵਰਤੋਂ ਕੀਤੀ।  ਅਧਿਐਨਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਆਮਤੌਰ 'ਤੇ ਆਰਥਿਕ ਸਫਲਤਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਾਲਜ ਡਿਗਰੀ ਪਾਉਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਹਿੰਦੂਆਂ ਦੀ ਹੈ। ਇਹ ਅੰਕੜਾ 77 ਫੀਸਦੀ ਹੈ। ਯੂਨੀਟੇਰੀਅਨ 67 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਹਨ।  ਇਹ ਭਾਈਚਾਰਾ ਨੈਤਿਕ ਅਧਿਕਾਰ ਵਿਚ ਵਿਸ਼ਵਾਸ ਰੱਖਦਾ ਹੈ ਨਾ ਕਿ ਭਗਵਾਨ ਦੀ ਬ੍ਰਹਮਤਾ ਵਿਚ। ਯਹੂਦੀ ਅਤੇ ਐਂਗਲੀਕਨ 59 ਫੀਸਦੀ ਦੇ ਨਾਲ ਤੀਜੇ ਨੰਬਰ 'ਤੇ ਹਨ ਅਤੇ ਐਪਿਸਕੋਪਲ ਚਰਚ 56 ਫੀਸਦੀ ਦੇ ਨਾਲ ਟੌਪ ਪੰਜ ਵਿਚ ਸ਼ਾਮਲ ਹੈ।
ਨਾਸਤਿਕ (ਈਸ਼ਵਰ ਦੀ ਹੋਂਦ ਨਾ ਮੰਨਣ ਵਾਲਾ ਭਾਈਚਾਰਾ) 43 ਫੀਸਦੀ ਅਤੇ ਸ਼ੰਕਾਵਾਦੀ (ਈਸ਼ਵਰ ਦੀ ਹੋਂਦ ਨੂੰ ਨਾ ਤਾਂ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅਪ੍ਰਮਾਣਿਤ ਕੀਤਾ ਜਾ ਸਕਦਾ ਹੈ, ਨੂੰ ਮੰਨਣ ਵਾਲਾ ਭਾਈਚਾਰਾ) 42 ਫੀਸਦੀ 'ਤੇ ਹੈ। ਡਿਗਰੀ ਵਾਲਿਆਂ ਵਿਚ ਮੁਸਲਿਮਾਂ ਦਾ ਅੰਕੜਾ 39 ਫੀਸਦੀ ਅਤੇ ਕੈਥੋਲਿਕਾਂ ਦਾ 26 ਫੀਸਦੀ ਹੈ। ਧਰਮ ਦੇ ਆਧਾਰ 'ਤੇ ਅਮਰੀਕਾ ਦੀ ਜਨਸੰਖਿਆ ਦੀ ਗਣਨਾ ਨਹੀਂ ਕੀਤੀ ਗਈ। ਪਰ ਇਕ ਅਨੁਮਾਨਿਤ ਅੰਕੜੇ ਮੁਤਾਬਕ ਇੱਥੋਂ ਦੀ ਕੁੱਲ 325 ਮਿਲੀਅਨ ਦੀ ਜਨਸੰਖਿਆ ਵਿਚੋਂ 0.7 ਫੀਸਦੀ ਹਿੰਦੂ ਹਨ। ਇਹ ਗੱਲ ਪੀ.ਯੂ. ਰਿਸਰਚ ਸੈਂਟਰ ਦੇ ਸਾਲ 2014 ਦੇ ਅਧਿਐਨ ਵਿਚ ਕਹੀ ਗਈ ਹੈ। ਹੋਰ ਅਨੁਮਾਨਾਂ ਮੁਤਾਬਕ ਇਹ ਗਿਣਤੀ 2-3 ਮਿਲੀਅਨ ਹੋ ਸਕਦੀ ਹੈ। ਅਮਰੀਕਾ ਵਿਚ ਰਹਿ ਰਹੀ ਆਬਾਦੀ ਵਿਚ ਵੱਡੀ ਗਿਣਤੀ ਵਿਚ ਹਿੰਦੂ ਭਾਰਤੀ ਮੂਲ ਦੇ ਹਨ। ਇਹ ਜਾਂ ਤਾਂ ਭਾਰਤ ਤੋਂ ਜਾਂ ਫਿਰ ਅਫਰੀਕਾ ਅਤੇ ਕੈਰੇਬੀਅਨ ਤੋਂ ਪ੍ਰਵਾਸੀ ਹਨ।
ਪੀ.ਯੂ. ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਜ਼ਿਆਦਾ ਸਿੱਖਿਅਤ ਹੋਣ ਕਾਰਨ ਹੀ ਹਿੰਦੂ ਅਤੇ ਯਹੂਦੀ ਦੇਸ਼ ਵਿਚ ਅਮੀਰ ਹਨ। ਇਸ ਸੰਗਠਨ ਨੇ ਆਰਥਿਕ ਸਫਲਤਾ ਅਤੇ ਸਿੱਖਿਆ ਵਿਚਲੇ ਸਬੰਧ ਦੇ ਬਾਰੇ ਵਿਚ ਦੱਸਿਆ ਹੈ। ਪੀ.ਯੂ. ਦੇ ਸਾਲ 2014 ਦੇ ਅਧਿਐਨ ਮੁਤਾਬਕ ਯਹੂਦੀ ਅਤੇ ਹਿੰਦੂਆਂ ਦੀ ਸਾਲਾਨਾ ਆਮਦਨ ਜ਼ਿਆਦਾ ਹੈ। ਯਹੂਦੀਆਂ ਵਿਚ 10 ਵਿਚੋਂ 4 (44 ਫੀਸਦੀ) ਅਤੇ ਹਿੰਦੂਆਂ ਵਿਚ 10 ਵਿਚੋਂ 3 (36 ਫੀਸਦੀ) ਲੋਕ ਅਜਿਹੇ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ ਇਕ ਲੱਖ ਡਾਲਰ ਦੇ ਕਰੀਬ ਹੈ।

No Comment posted
Name*
Email(Will not be published)*
Website