Your Advertisement
ਭਾਰਤ ਨੇ ਵੀ ਬੋਇੰਗ ਜਹਾਜ਼ਾਂ ਦੇ ਖੰਭ ਕੁਤਰੇ

ਨਵੀਂ ਦਿੱਲੀ, 14 ਮਾਰਚ-ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਅੱਜ ਭਾਰਤੀ ਏਅਰਲਾਈਨਾਂ ਵੱਲੋਂ ਉਡਾਏ ਜਾਂਦੇ ਬੋਇੰਗ 737 ਮੈਕਸ 8 ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ। ਸ਼ਹਿਰੀ ਹਵਾਬਾਜ਼ੀ ਸਕੱਤਰ ਪੀ.ਐਸ.ਖਰੋਲਾ ਨੇ ਕਿਹਾ ਕਿ ਉਡਾਣਾਂ ’ਤੇ ਪਾਬੰਦੀ ਦੇ ਚਲਦਿਆਂ ਭਲਕੇ ਵੀਰਵਾਰ ਦਾ ਦਿਨ ਕਾਫ਼ੀ ‘ਚੁਣੌਤੀਪੂਰਨ’ ਰਹੇਗਾ। ਡੀਜੀਸੀਏ ਦੇ ਮੁਖੀ ਬੀ.ਐਸ.ਭੁੱਲਰ ਨੇ ਕਿਹਾ ਕਿ ਬੋਇੰਗ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਦਾ ਫੈਸਲਾ ਕਿਸੇ ਕਾਹਲੀ ਵਿੱਚ ਨਹੀਂ ਲਿਆ ਗਿਆ, ਬਲਕਿ ਵੱਖ ਵੱਖ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਹੀ ਡਾਇਰੈਕਟੋਰੇਟ ਨੇ ਇਹ ਫੈਸਲਾ ਲਿਆ ਹੈ। ਉਂਜ ਡੀਜੀਸੀਏ ਨੇ ਜਹਾਜ਼ਾਂ ਦੇ ਪਰ ਕੁਤਰਨ ਦਾ ਫੈਸਲਾ ਮੰਗਲਵਾਰ ਰਾਤ ਹੀ ਲੈ ਲਿਆ ਸੀ। ਸਪਾਈਸਜੈੱਟ ਦੀ ਫਲੀਟ ਵਿੱਚ ਬੋਇੰਗ 737 ਮੈਕਸ 8 ਕਿਸਮ ਦੇ 12 ਜਹਾਜ਼ ਹਨ ਜਦੋਂਕਿ ਜੈੱਟ ਏਅਰਵੇਜ਼ ਕੋਲ ਅਜਿਹੇ ਪੰਜ ਜਹਾਜ਼ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ।
ਸ੍ਰੀ ਖਰੋਲਾ ਨੇ ਕਿਹਾ ਕਿ ਸਪਾਈਸਜੈੱਟ ਵੱਲੋਂ ਆਪਣੇ ਜ਼ਿਆਦਾਤਰ ਮੁਸਾਫ਼ਰਾਂ ਨੂੰ ਆਪਣੀ ਹੋਰਨਾਂ ਉਡਾਣਾਂ ਵਿੱਚ ਹੀ ਐਡਜਸਟ ਕੀਤਾ ਜਾਵੇਗਾ। ਉਂਜ ਜੇਕਰ ਲੋੜ ਪੈਂਦੀ ਹੈ ਤਾਂ ਹੋਰਨਾਂ ਅਪਰੇਟਰਾਂ (ਏਅਰਲਾਈਨਾਂ) ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਪਰੇਟਰਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਮੌਜੂਦਾ ਹਾਲਾਤ ਦੇ ਮੱਦੇਨਜ਼ਰ ‘ਟਿਕਟਾਂ ਨੂੰ ਦੂਜਿਆਂ ਦੇ ਮੁਕਾਬਲੇ ਸਸਤੇ ਭਾਅ ਵੇਚਣ’ ਜਿਹੀ ਭੇੜਚਾਲ ਵਿੱਚ ਨਹੀਂ ਪੈਣਗੇ। ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਇਥੋਪੀਅਨ ਏਅਰਲਾਈਨ ਦਾ ਬੋਇੰਗ 737 ਮੈਕਸ 8 ਜਹਾਜ਼ ਰਾਜਧਾਨੀ ਐਡੀਸ ਅਬਾਬਾ ਨੇੜੇ ਉਡਾਣ ਭਰਨ ਦੇ ਕੁਝ ਮਿੰਟਾਂ ਅੰਦਰ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਵਿੱਚ ਜਹਾਜ਼ ਦੇ ਅਮਲੇ ਸਮੇਤ 157 ਮੁਸਾਫ਼ਰਾਂ ਦੀ ਜਾਨ ਜਾਂਦੀ ਰਹੀ ਸੀ। ਇਨ੍ਹਾਂ ਮੁਸਾਫ਼ਰਾਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਸਨ। ਪਿਛਲੇ ਪੰਜ ਮਹੀਨਿਆਂ ਵਿੱਚ ਬੋਇੰਗ 737 ਮੈਕਸ 8 ਨਾਲ ਵਾਪਰਿਆ ਇਹ ਦੂਜਾ ਹਾਦਸਾ ਹੈ। ਇਸ ਦੌਰਾਨ ਨਿਊਜ਼ੀਲੈਂਡ, ਹਾਂਗਕਾਂਗ, ਲਿਬਨਾਨ, ਓਮਾਨ ਤੇ ਸਰਬੀਆ ਨੇ ਵੀ ਬੋਇੰਗ ਜਹਾਜ਼ਾਂ ਦੀ ਉਡਾਣ ’ਤੇ ਰੋਕ ਲਾ ਦਿੱਤੀ ਹੈ। ਉਧਰ ਈਥੋਪੀਅਨ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਨੂੰ ਵਿਸ਼ਲੇਸ਼ਣ ਲਈ ਬਾਹਰਲੇ ਮੁਲਕ ਭੇਜਿਆ ਜਾਵੇਗਾ। ਇਥੋਪੀਆ ਜਹਾਜ਼ ਹਾਦਸੇ ’ਚ ਮਾਰੀ ਗਈ ਯੂਐੱਨ ਸਲਾਹਕਾਰ ਸ਼ਿਖਾ ਗਰਗ ਦੀ ਦੇਹ ਲਿਆਉਣ ਲਈ ਉਸਦੇ ਪਤੀ ਸੌਮਿਆ ਭੱਟਿਆਚਾਰੀਆ ਭਾਰਤ ਸਰਕਾਰ ਦੀ ਮਦਦ ਨਾਲ ਇਥੋਪੀਆ ਜਾਣਗੇ। -ਪੀਟੀਆਈ
ਬੋਇੰਗ ਨੂੰ ਹੇਠਾਂ ਲਾਹੁਣ ਦਾ ਕੋਈ ਠੋਸ ਅਧਾਰ ਨਹੀਂ: ਅਮਰੀਕਾ
ਵਾਸ਼ਿੰਗਟਨ: ਅਮਰੀਕੀ ਹਵਾਬਾਜ਼ੀ ਰੈਗੂਲੇਟਰ ਦਾ ਕਹਿਣਾ ਹੈ ਕਿ ਬੋਇੰਗ 737 ਮੈਕਸ 8 ਕਿਸਮ ਦੇ ਜਹਾਜ਼ਾਂ ਨੂੰ ਅਸਮਾਨ ’ਚੋਂ ਹੇਠਾਂ ਲਾਹੁਣ ਦਾ ਅਜੇ ਕੋਈ ‘ਠੋਸ ਆਧਾਰ’ ਨਹੀਂ ਹੈ। ਸੰਘੀ ਐਵੀਏਸ਼ਨ ਪ੍ਰਸ਼ਾਸਨ ਦੇ ਮੁਖੀ ਡੈਨੀਅਲ ਐਲਵੈੱਲ ਨੇ ਕਿਹਾ, ‘ਹਾਲ ਦੀ ਘੜੀ ਜਿਹੜੀ ਨਜ਼ਰਸਾਨੀ ਕੀਤੀ ਗਈ ਹੈ, ਉਸ ਤੋਂ ਇਹੀ ਪਤਾ ਲੱਗਾ ਹੈ ਕਿ ਇਹ ਸਿਸਟਮ ਦੀ ਕਾਰਗੁਜ਼ਾਰੀ ਨਾਲ ਜੁੜਿਆ ਮੁੱਦਾ ਨਹੀਂ ਹੈ, ਲਿਹਾਜ਼ਾ ਜਹਾਜ਼ ਦੀ ਉਡਾਣ ’ਤੇ ਪਾਬੰਦੀ ਲਾਉਣ ਦਾ ਕੋਈ ਆਧਾਰ ਨਹੀਂ ਹੈ।

No Comment posted
Name*
Email(Will not be published)*
Website