Your Advertisement
ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੀ ਚੋਣ ਅੱਜ

ਨਵੀਂ ਦਿੱਲੀ-ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਸੋਮਵਾਰ ਨੂੰ ਹੋਵੇਗੀ, ਜਿਸ ਵਿੱਚ ਚੋਣਕਾਰਾਂ ਸਾਹਮਣੇ ਟੀਮ ਦੇ ਦੂਜੇ ਤੇ ਚੌਥੇ ਨੰਬਰ ਦੇ ਬੱਲੇਬਾਜ਼ ਅਤੇ ਵਾਧੂ ਤੇਜ਼ ਗੇਂਦਬਾਜ਼ ਦੀ ਲੋੜ ਵਰਗੇ ਅਹਿਮ ਮਸਲੇ ਹੋਣਗੇ। ਆਸਟਰੇਲੀਆ ਖ਼ਿਲਾਫ਼ ਘਰੇਲੂ ਲੜੀ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਸੀ ਕਿ ਸਿਰਫ਼ ਇੱਕ ਥਾਂ ਬਚੀ ਹੈ, ਜਦਕਿ ਕੋਰ ਟੀਮ ਇੱਕ ਸਾਲ ਪਹਿਲਾਂ ਹੀ ਤੈਅ ਹੋ ਗਈ ਸੀ।
ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਮੈਂਬਰ ਲਗਪਗ ਤੈਅ ਹਨ, ਪਰ ਟੀਮ ਦਾ ਤਾਲਮੇਲ ਬਿਠਾਉਣ ’ਤੇ ਵਿਚਾਰ ਹੋਵੇਗਾ। ਦੂਜੇ ਵਿਕਟਕੀਪਰ ਲਈ ਨੌਜਵਾਨ ਰਿਸ਼ਭ ਪੰਤ ਦਾ ਮੁਕਾਬਲਾ ਦਿਨੇਸ਼ ਕਾਰਤਿਕ ਨਾਲ ਹੈ। ਪੰਤ ਅਜੇ ਤੱਕ ਆਈਪੀਐਲ ਵਿੱਚ 222 ਦੌੜਾਂ ਬਣਾ ਚੁੱਕਿਆ ਹੈ, ਜਦਕਿ ਕਾਰਤਿਕ ਨੇ 93 ਦੌੜਾਂ ਬਣਾਈਆਂ ਹਨ। ਪੰਤ ਵੱਧ ਮਜ਼ਬੂਤ ਲੱਗ ਰਿਹਾ ਹੈ ਕਿਉਂਕਿ ਉਹ ਪਹਿਲੇ ਤੋਂ ਸੱਤਵੇਂ ਨੰਬਰ ਤੱਕ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਵਿਕਟਕੀਪਿੰਗ ਵਿੱਚ ਕਾਰਤਿਕ ਦਾ ਬੀਤੇ ਇੱਕ ਸਾਲ ਦਾ ਪ੍ਰਦਰਸ਼ਨ ਅਜਿਹਾ ਨਹੀਂ ਰਿਹਾ ਕਿ ਉਹ ਦਾਅਵਾ ਕਰ ਸਕੇ।
ਤੀਜੇ ਸਲਾਮੀ ਬੱਲੇਬਾਜ਼ ਲਈ ਕੇਐਲ ਰਾਹੁਲ ਦਾ ਵੀ ਦਾਅਵਾ ਪੁਖ਼ਤਾ ਹੈ, ਜਿਸ ਨੇ ਆਈਪੀਐਲ ਵਿੱਚ ਹੁਣ ਤੱਕ 335 ਦੌੜਾਂ ਬਣਾ ਲਈਆਂ ਹਨ। ਉਹ ਤੀਜੇ ਸਲਾਮੀ ਬੱਲੇਬਾਜ਼ ਤੋਂ ਇਲਾਵਾ ਦੂਜੇ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਅ ਸਕਦਾ ਹੈ। ਰਾਹੁਲ ਨੂੰ ਲੈਣ ’ਤੇ ਚੌਥੇ ਨੰਬਰ ਦੇ ਬੱਲੇਬਾਜ਼ ਵਜੋਂ ਅੰਬਾਤੀ ਰਾਇਡੂ ਲਈ ਥਾਂ ਬਣ ਸਕਦੀ ਹੈ। ਬੀਤੇ ਨਵੰਬਰ ਮਹੀਨੇ ਤੱਕ ਰਾਇਡੂ ਚੌਥੇ ਨੰਬਰ ਲਈ ਕੋਹਲੀ ਅਤੇ ਰਵੀ ਸ਼ਾਸਤਰੀ ਦੀ ਪਹਿਲੀ ਪਸੰਦ ਸੀ, ਪਰ ਘਰੇਲੂ ਕ੍ਰਿਕਟ ਨਾ ਖੇਡਣ ਦਾ ਉਸ ਦਾ ਫ਼ੈਸਲਾ ਅਤੇ ਤੇਜ਼ ਗੇਂਦਬਾਜ਼ੀ ਖ਼ਿਲਾਫ਼ ਕਮਜ਼ੋਰ ਤਕਨੀਕ ਉਸ ਦੇ ਖ਼ਿਲਾਫ਼ ਭੁਗਤੀ। ਟੀਮ ਪ੍ਰਬੰਧਨ ਜੇਕਰ ਵਿਜੈ ਸ਼ੰਕਰ ਨੂੰ ਚੁਣਦਾ ਹੈ ਤਾਂ ਰਾਇਡੂ ਲਈ ਦਰਵਾਜੇ ਬੰਦ ਹੋ ਜਾਣਗੇ। ਇੰਗਲੈਂਡ ਦੀਆਂ ਤੇਜ਼ ਪਿੱਚਾਂ ’ਤੇ ਚੌਥਾ ਵਾਧੂ ਤੇਜ਼ ਗੇਂਦਬਾਜ਼ ਚੁਣਨਾ ਵੀ ਸੌਖਾ ਕੰਮ ਨਹੀਂ ਹੋਵੇਗਾ। ਉਮੇਸ਼ ਯਾਦਵ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ, ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਵਿੱਚ ਜੂਝ ਦੀ ਘਾਟ ਹੈ।

No Comment posted
Name*
Email(Will not be published)*
Website