Your Advertisement
ਕਿਮ ਅਤੇ ਪੂਤਿਨ ਵੱਲੋਂ ਨਜ਼ਦੀਕੀ ਸਬੰਧ ਬਣਾਉਣ ਦਾ ਅਹਿਦ

ਵਲਾਦੀਵੋਸਤੋਕ (ਰੂਸ), 26 ਅਪਰੈਲ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਨੇ ਵੀਰਵਾਰ ਨੂੰ ਆਪਣੀ ਪਹਿਲੀ ਬੈਠਕ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਕਾਰ ਨੇੜਲੇ ਸਬੰਧ ਸਥਾਪਤ ਕਰਨ ਦਾ ਅਹਿਦ ਲਿਆ।  ਰੂਸ ਦੇ ਵਲਾਦੀਵੋਸਤੋਕ ਸ਼ਹਿਰ ’ਚ ਇਹ ਬੈਠਕ ਉਸ ਸਮੇਂ ਹੋ ਰਹੀ ਹੈ ਜਦੋਂ ਕਿਮ ਅਮਰੀਕਾ ਨਾਲ ਆਪਣੇ ਪਰਮਾਣੂ ਅੜਿੱਕੇ ਦੇ ਸਬੰਧ ’ਚ ਹਮਾਇਤ ਹਾਸਲ ਕਰਨਾ ਚਾਹੁੰਦਾ ਹੈ ਅਤੇ ਪੂਤਿਨ ਇਸ ਮਾਮਲੇ ’ਚ ਰੂਸ ਨੂੰ ਵੀ ਇਕ ਧਿਰ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਬੈਠਕ ਲਈ ਜਾਣ ਤੋਂ ਪਹਿਲਾਂ ਦਿੱਤੇ ਸੰਖੇਪ ਬਿਆਨਾਂ ’ਚ ਦੋਵੇਂ ਆਗੂਆਂ ਨੇ ਰੂਸ ਅਤੇ ਉੱਤਰ ਕੋਰੀਆ ਦੇ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਉਮੀਦ ਜ਼ਾਹਰ ਕੀਤੀ। ਕਿਮ ਨੇ ਕਿਹਾ,‘‘ਮੈਨੂੰ ਜਾਪਦਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਰਿਸ਼ਤਿਆਂ ਨੂੰ ਵਧੇਰੇ ਮਜ਼ਬੂਤ ਅਤੇ ਸਥਿਰ ਬਣਾਉਣ ਦੀ ਦਿਸ਼ਾ ’ਚ ਇਹ ਬੈਠਕ ਲਾਹੇਵੰਦ ਹੋਵੇਗੀ, ਦੋਵੇਂ ਮੁਲਕਾਂ ਦੀ ਦੋਸਤੀ ਬਹੁਤ ਪੁਰਾਣੀ ਹੈ।’’ ਪੂਤਿਨ ਨੇ ਕਿਮ ਨੂੰ ਕਿਹਾ,‘‘ਦੁਨੀਆ ਦਾ ਧਿਆਨ ਕੋਰੀਆ ਖ਼ਿੱਤੇ ’ਤੇ ਕੇਂਦਰਤ ਹੈ। ਅਜਿਹੇ ’ਚ ਮੈਨੂੰ ਲਗਦਾ ਹੈ ਕਿ ਸਾਡੇ ਵਿਚਕਾਰ ਅਰਥ ਭਰਪੂਰ ਵਾਰਤਾ ਹੋਵੇਗੀ।’’ ਉਨ੍ਹਾਂ ਕਿਹਾ ਕਿ ਉਹ ਕੋਰੀਆ ਖ਼ਿੱਤੇ ’ਚ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਹਨ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਖੇਤਰ ’ਚ ਪਹਿਲ ਲਈ ਦੋਵੇਂ ਮੁਲਕਾਂ ਨੂੰ ਕਈ ਨਵੇਂ ਕਦਮ ਉਠਾਉਣੇ ਪੈਣਗੇ। ਇਸ ਤੋਂ ਪਹਿਲਾਂ ਕਿਮ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਸਿੰਗਾਪੁਰ ਤੇ ਮਗਰੋਂ ਵੀਅਤਨਾਮ ਦੇ ਸ਼ਹਿਰ ਹੈਨੋਈ ’ਚ ਸਿਖਰ ਵਾਰਤਾ ਕਰ ਚੁੱਕੇ ਹਨ, ਪਰ ਪਹਿਲੀ ਮੀਟਿੰਗ ਸਫ਼ਲ ਰਹਿਣ ਮਗਰੋਂ ਦੂਜੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਹੀ ਸਮਾਪਤ ਹੋ ਗਈ ਸੀ।

No Comment posted
Name*
Email(Will not be published)*
Website