Your Advertisement
ਪੰਜਾਬ ਬੋਰਡ ਦੇ ਬਾਰ੍ਹਵੀਂ ਦੇ ਨਤੀਜੇ ਚ ਲੜਕੀਆਂ ਨੇ ਬਾਜ਼ੀ ਮਾਰੀ

ਐੱਸ.ਏ.ਐੱਸ. ਨਗਰ (ਮੁਹਾਲੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.86 ਫੀਸਦੀ ਹੈ ਜਦੋਂਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 82.08 ਫੀਸਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਐਤਕੀਂ ਕਿਸੇ ਵਿਦਿਆਰਥੀ ਨੂੰ ਵਾਧੂ ਅੰਕ ਜਾਂ ਕਰੈਡਿਟ ਅੰਕ ਨਹੀਂ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 2,69,228 ਵਿਦਿਆਰਥੀ ਅਪੀਅਰ ਹੋਏ ਸਨ, ਇਨ੍ਹਾਂ ’ਚੋਂ 2,32,639 ਵਿਦਿਆਰਥੀ ਪਾਸ ਹੋਏ ਹਨ। ਸੂਬੇ ਦੀ ਪਾਸ ਪ੍ਰਤੀਸ਼ਤਤਾ 86.41 ਫੀਸਦੀ ਬਣਦੀ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਅਕਾਦਮਿਕ ਸ਼੍ਰੇਣੀ ਵਿੱਚ ਪੰਜਾਬ ਭਰ ਵਿੱਚ ਮੋਹਰੀ ਰਹੇ ਤਿੰਨ ਵਿਦਿਆਰਥੀਆਂ ਨੇ 445 ਬਰਾਬਰ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦਾ ਸਰਵਜੋਤ ਸਿੰਘ ਬਾਂਸਲ (ਕਾਮਰਸ ਗਰੁੱਪ), ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਅਮਨ (ਹਿਊਮੈਨਿਟੀਜ਼ ਗਰੁੱਪ) ਅਤੇ ਕੇਆਰਐੱਮਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਮੁਸਕਾਨ ਸੋਨੀ (ਸਾਇੰਸ ਗਰੁੱਪ) ਸ਼ਾਮਲ ਹਨ। ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਲਵਲੀਨ ਵਰਮਾ (ਸਾਇੰਸ ਗਰੁੱਪ) ਨੇ 444 ਅੰਕ ਲੈ ਕੇ ਦੂਜਾ ਅਤੇ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੇਰਾ ਖੇੜਾ, ਫਾਜ਼ਿਲਕਾ ਦੀ ਨਾਜ਼ੀਆ ਕੰਬੋਜ (ਹਿਊਮੈਨਿਟੀਜ਼ ਗਰੁੱਪ) ਅਤੇ ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਮੁਸਕਾਨ (ਹਿਊਮੈਨਿਟੀਜ਼ ਗਰੁੱਪ) ਨੇ 443 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਖੇਡ ਕੋਟੇ ’ਚੋਂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਘ, ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ (ਹਿਊਮੈਨਿਟੀਜ਼ ਗਰੁੱਪ) ਅਤੇ ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਭੁਨ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ (ਹਿਊਮੈਨਿਟੀਜ਼ ਗਰੁੱਪ) ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਰਵਜੀਤ ਕੌਰ (ਕਾਮਰਸ ਗਰੁੱਪ) ਨੇ 100 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੁੱਡੀਆਂ, ਸੰਗਰੂਰ ਦੀ ਲਵਪ੍ਰੀਤ ਕੌਰ 448 (99.56 ਫੀਸਦੀ) ਅੰਕ ਲੈ ਕੇ ਦੂਜਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਮਨਪ੍ਰੀਤ ਕੌਰ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਕੋਟ ਸੁਖੀਆ, ਫ਼ਰੀਦਕੋਟ ਦੀ ਹਰਮਨਪ੍ਰੀਤ ਕੌਰ ਨੇ 445 ਬਰਾਬਰ (98.89 ਫੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਬੋਰਡ ਮੁਖੀ ਨੇ ਦੱਸਿਆ ਕਿ ਓਪਨ ਸਕੀਮ ਤਹਿਤ 21690 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 12694 ਬੱਚੇ ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.52 ਫੀਸਦੀ ਹੈ। ਉਨ੍ਹਾਂ ਦੱਸਿਆ ਕਿ 1,20,022 ਲੜਕੀਆਂ ਬਾਰ੍ਹਵੀਂ ਦੀ ਪ੍ਰੀਖਿਆ ’ਚ ਅਪੀਅਰ ਹੋਈਆਂ ਸਨ, ਜਿਨ੍ਹਾਂ ’ਚੋਂ 1,09,053 (90.86 ਫੀਸਦੀ) ਪਾਸ ਹੋਈਆਂ ਹਨ ਜਦੋਂਕਿ 1,49,206 ਲੜਕਿਆਂ ’ਚੋਂ 1,23,586 (82.83 ਫੀਸਦੀ) ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ 85.73 ਫੀਸਦੀ ਪਾਸ ਹਨ ਜਦੋਂਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦ 86.94 ਹੈ। ਇਸੇ ਤਰ੍ਹਾਂ ਐਫੀਲੀਏਟਿਡ ਅਤੇ ਆਦਰਸ਼ ਸਕੂਲਾਂ ਦੇ 87,386 ਵਿਦਿਆਰਥੀਆਂ ’ਚੋਂ 85.35 ਫੀਸਦੀ ਪਾਸ ਹੋਏ ਹਨ। ਐਸੋਸੀਏਟਿਡ ਸਕੂਲਾਂ ਦੇ 15,963 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਜਿਨ੍ਹਾਂ’ ਚੋਂ 83.69 ਫੀਸਦੀ ਪਾਸ ਹੋਏ। ਸਰਕਾਰੀ ਮੈਰੀਟੋਰੀਅਸ ਸਕੂਲਾਂ ਦੇ 2,615 ਵਿਦਿਆਰਥੀਆਂ ’ਚੋਂ 99.46 ਫੀਸਦੀ, ਸਰਕਾਰੀ ਸਕੂਲਾਂ ਦੇ 1,32,126 ਵਿਦਿਆਰਥੀਆਂ ’ਚੋਂ 1,16,460 (88.14 ਫੀਸਦੀ), ਏਡਿਡ ਸਕੂਲਾਂ ਦੇ 31,138 ਵਿਦਿਆਰਥੀਆਂ ’ਚੋਂ 25,639 (82.34 ਫੀਸਦੀ) ਪਾਸ ਹੋਏ ਹਨ।

No Comment posted
Name*
Email(Will not be published)*
Website