Your Advertisement
ਆਈਪੀਐਲ ਖ਼ਿਤਾਬ ਲਈ ਚੇਨੱਈ ਤੇ ਮੁੰਬਈ ਵਿਚਾਲੇ ਭੇੜ ਅੱਜ

ਹੈਦਰਾਬਾਦ-ਆਈਪੀਐਲ ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਜ਼ ਐਤਵਾਰ ਨੂੰ ਆਪਣੇ ਚੌਥੇ ਖ਼ਿਤਾਬ ਲਈ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ, ਜਿਸ ਕਾਰਨ ਦਰਸ਼ਕਾਂ ਨੂੰ ਦਿਲਚਸਪ ਮੁਕਾਬਲੇ ਦੀ ਉਮੀਦ ਰਹੇਗੀ। ਮੁੰਬਈ ਇੰਡੀਅਨਜ਼ ਫਾਈਨਲ ਵਿੱਚ ਪਹੁੰਚਣ ਵਾਲੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ੁਮਾਰ ਸੀ। ਉਹ ਟੂਰਨਾਮੈਂਟ ਦੇ ਇਸ ਗੇੜ ਵਿੱਚ ਤਿੰਨ ਵਾਰ ਚੇਨੱਈ ਸੁਪਰਕਿੰਗਜ਼ ਨੂੰ ਹਰਾ ਚੁੱਕੀ ਹੈ। ਇਸ ਬੀਤੇ ਮੰਗਲਵਾਰ ਨੂੰ ਚੇਨੱਈ ਵਿੱਚ ਹੋਇਆ ਕੁਆਲੀਫਾਇਰ ਇੱਕ ਵੀ ਸ਼ਾਮਲ ਹੈ। ਹਾਲਾਂਕਿ ਅੰਕੜੇ ਕਿਸੇ ਵੀ ਟੀਮ ਦੇ ਹੱਕ ਵਿੱਚ ਨਹੀਂ ਕਿਉਂਕਿ ਦੋਵੇਂ ਟੀਮਾਂ ਕਈ ਵਾਰ ਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਖ਼ਿਤਾਬ ਜਿੱਤ ਚੁੱਕੀਆਂ ਹਨ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਨੇ ਹੁਣ ਤੱਕ ਚਾਰ ਫਾਈਨਲ ਖੇਡੇ ਹਨ, ਜਿਨ੍ਹਾਂ ਵਿੱਚ ਤਿੰਨ ਵਿੱਚ ਖ਼ਿਤਾਬ ਉਸ ਦੀ ਝੋਲੀ ਰਿਹਾ ਹੈ, ਜਿਸ ਵਿੱਚ ਦੋ ਵਾਰ 2013 ਅਤੇ 2015 ਵਿੱਚ ਉਹ ਚੇਨੱਈ ਸੁਪਰਕਿੰਗਜ਼ ਦੇ ਹੀ ਖ਼ਿਲਾਫ਼ ਸੀ। ਇਸੇ ਤਰ੍ਹਾਂ ਤਿੰਨ ਵਾਰ ਦੀ ਚੈਂਪੀਅਨ ਚੇਨੱਈ ਸੁਪਰਕਿੰਗਜ਼ ਨੇ ਆਪਣੇ ਅੱਠਵੇਂ ਫਾਈਨਲ ਵਿੱਚ ਥਾਂ ਬਣਾਈ ਹੈ। ਉਸ ਲਈ ਇਹ ਸੈਸ਼ਨ ਕਾਫ਼ੀ ਚੰਗੀ ਰਿਹਾ। ਖ਼ਾਸ ਕਰਕੇ ਬੀਤੇ ਸਾਲ ਮਗਰੋਂ ਜਦੋਂ ਉਸ ਨੇ ਦੋ ਸਾਲ ਦੀ ਮੁਅੱਤਲੀ ਮਗਰੋਂ ਵਾਪਸੀ ਕਰਦਿਆਂ ਖ਼ਿਤਾਬ ਹਾਸਲ ਕੀਤਾ ਸੀ। ਨਤੀਜਾ ਚਾਹੇ ਕੋਈ ਵੀ ਰਹੇ, ਪਰ ਇਹ ਫਾਈਨਲ ਦੋਵਾਂ ਵਿਰੋਧੀ ਟੀਮਾਂ ਦੇ ਇਤਿਹਾਸ ਵਿੱਚ ਇੱਕ ਹੋਰ ਯਾਦਗਾਰੀ ਪੰਨਾ ਜੋੜ ਦੇਵੇਗਾ।
ਚੇਨੱਈ ਨੂੰ ਫਾਈਨਲ ਤੋਂ ਪਹਿਲਾਂ ਆਪਣੀ ਰਣਨੀਤੀ ਚੰਗੀ ਤਰ੍ਹਾਂ ਤਿਆਰ ਕਰਨੀ ਹੋਵੇਗੀ ਕਿਉਂਕਿ ਮੁੰਬਈ ਦੀ ਟੀਮ ਇਸ ਸੈਸ਼ਨ ਵਿੱਚ ਤਿੰਨ ਵਾਰ ਹਰਾ ਚੁੱਕੀ ਹੈ। ਰੋਹਿਤ ਦੀ ਟੀਮ ਨੂੰ ਚੇਨੱਈ ਦੇ ਸਪਿੰਨਰਾਂ ਨਾਲ ਕਾਫ਼ੀ ਚਤੁਰਾਈ ਨਾਲ ਨਜਿੱਠਣਾ ਹੋਵੇਗਾ ਕਿਉਂਕਿ ਹੋਰ ਟੀਮਾਂ ਦੇ ਬੱਲੇਬਾਜ਼ ਇਮਰਾਨ ਤਾਹਿਰ, ਹਰਭਜਨ ਸਿੰਘ ਅਤੇ ਰਵਿੰਦਰ ਜਡੇਜਾ ਸਾਹਮਣੇ ਟਿਕ ਨਹੀਂ ਸਕੇ। ਚੇਨੱਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹੜ ਨੇ ਵੀ ਪ੍ਰਭਾਵਿਤ ਕੀਤਾ ਹੈ। ਉਸ ਨੇ ਹੁਣ ਤੱਕ 19 ਵਿਕਟਾਂ ਲਈਆਂ ਹਨ। ਮੁੰਬਈ ਨੂੰ ਚਾਰ ਦਿਨ ਦਾ ਆਰਾਮ ਮਿਲ ਚੁੱਕਿਆ ਹੈ ਅਤੇ ਹੁਣ ਉਹ ਧੋਨੀ ਦੀ ਟੀਮ ’ਤੇ ਇਸ ਸੈਸ਼ਨ ਦੀ ਚੌਥੀ ਜਿੱਤ ਦਰਜ ਕਰਕੇ ਚੌਥਾ ਆਈਪੀਐਲ ਖ਼ਿਤਾਬ ਹਾਸਲ ਕਰਨਾ ਚਾਹੇਗੀ।
ਆਈਪੀਐਲ ’ਚ ਡੇਵਿਡ ਵਾਰਨਰ ਸਰਵੋਤਮ ਸਕੋਰਰ
ਆਈਪੀਐਲ ਮਗਰੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਤਾਂ ਆਸਟਰੇਲੀਆ ਦੇ ਪਾਬੰਦੀ ਝੱਲ ਚੁੱਕੇ ਸਿਤਾਰਿਆਂ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਲਈ ਲੀਗ ਕਾਫੀ ਅਹਿਮ ਰਹੀ, ਜਿਸ ਨੇ ਗੇਂਦ ਨਾਲ ਛੇੜਛਾੜ ਲਈ ਇੱਕ ਸਾਲ ਦੀ ਪਾਬੰਦੀ ਖ਼ਤਮ ਹੋਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਸੀ। ਵਾਰਨਰ ਨੇ ਆਈਪੀਐਲ 692 ਦੌੜਾਂ ਬਣਾਈਆਂ ਅਤੇ ਉਸ ਦੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਖਿਡਾਰੀ ਬਣੇ ਰਹਿਣ ਦੀ ਉਮੀਦ ਹੈ। ਜੌਹਨੀ ਬੇਅਰਸਟੋ ਨਾਲ ਉਸ ਦੀ ਜੋੜੀ ਕਾਫ਼ੀ ਖ਼ਤਰਨਾਕ ਰਹੀ। ਭਾਰਤ ਦੇ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਲਈ ਇਹ ਟੂਰਨਾਮੈਂਟ ਯਾਦਗਾਰ ਰਹੇਗਾ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਲੀਗ ਵਿੱਚ ਇਹ ਦੋਵੇਂ ਆਪਣੀ ਲੈਅ ਵਿੱਚ ਹਨ।

No Comment posted
Name*
Email(Will not be published)*
Website