Your Advertisement
ਪਾਰਟੀ ਦੀ ਅੰਦਰੂਨੀ ਖਿੱਚੋਤਾਣ ਕਾਰਨ ਨਵਜੋਤ ਸਿੱਧੂ ਪੰਜਾਬ ਚ ਚੋਣ ਪ੍ਰਚਾਰ ਤੋਂ ਦੂਰ

ਟੱਲੇਵਾਲ-ਪਿਛਲੇ ਦੋ ਵਰ੍ਹਿਆਂ ਤੋਂ ਅਕਾਲੀ-ਭਾਜਪਾ ਲੀਡਰਸ਼ਿਪ ’ਤੇ ਸਭ ਤੋਂ ਜ਼ੋਰਦਾਰ ਹਮਲਾ ਕਰਨ ਵਾਲੇ ਵਜ਼ੀਰ ਨਵਜੋਤ ਸਿੱਧੂ ਨੇ ਸੂਬੇ ਅੰਦਰ ਪਾਰਟੀ ਲਈ ਚੋਣ ਪ੍ਰਚਾਰ ਤੋਂ ਪਾਸਾ ਵੱਟ ਰੱਖਿਆ ਹੈ। ਕਾਂਗਰਸ ਦਾ ਇਹ ਵੱਡਾ ਸਟਾਰ ਪ੍ਰਚਾਰਕ ਲਗਭਗ ਇੱਕ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਪੰਜਾਹ ਤੋਂ ਵੱਧ ਚੋਣ ਰੈਲੀਆਂ ਕਰ ਚੁੱਕਾ ਹੈ ਪਰ ਹੁਣ ਤਕ ਇਸ ਤੇਜ਼ਤਰਾਰ ਆਗੂ ਨੇ ਆਪਣੇ ਜੱਦੀ ਸੂਬੇ ਵੱਲ ਮੂੰਹ ਹੀ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੇ ਚਾਰ ਵਾਰ ਦੇ ਸੰਸਦ ਮੈਂਬਰ ਸਿੱਧੂ ਬਾਦਲਾਂ ਪ੍ਰਤੀ ਪਾਰਟੀ ਦੇ ਨਰਮ ਰੁਖ਼ ਦੇ ਪ੍ਰਤੀਕਰਮ ਵਜੋਂ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਉਨ੍ਹਾਂ ਦੀ ਬਾਦਲਾਂ ਅਤੇ ਮਜੀਠੀਆ ਪਰਿਵਾਰ ਨਾਲ ਰਾਜਨੀਤਕ ਲੜਾਈ ਨਿੱਜੀ ਲੜਾਈ ਵਿਚ ਬਦਲਦੀ ਗਈ। ਆਰੰਭ ਤੋਂ ਹੀ ਬਹੁਤੇ ਮਾਮਲਿਆਂ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਵੱਖਰੀ ਰਾਏ ਰੱਖਣ ਵਾਲੇ ਸਿੱਧੂ ਦਾ ਕਾਂਗਰਸ ਅੰਦਰ ਵਿਰੋਧ ਵੀ ਹੁੰਦਾ ਰਿਹਾ ਹੈ।
ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਇਸ ਵਾਰ ਸੂਬੇ ਅੰਦਰ ਚੋਣ ਕੈਂਪੇਨ ਕਮੇਟੀ ਦਾ ਇੰਚਾਰਜ ਲਾਇਆ ਜਾ ਸਕਦਾ ਹੈ, ਪਰ ਅਜਿਹਾ ਨਾ ਹੋਇਆ। ਚੋਣਾਂ ਤੋਂ ਐਨ ਪਹਿਲਾਂ ਰਾਹੁਲ ਗਾਂਧੀ ਦੀ ਮੋਗਾ ਰੈਲੀ ਵਿਚ ਸਿੱਧੂ ਨੂੰ ਬੋਲਣ ਦਾ ਸਮਾਂ ਹੀ ਨਾ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਐਮਐਲਏ ਦੀ ਚੰਡੀਗੜ੍ਹ ਟਿਕਟ ਤੋਂ ਦਾਅਵੇਦਾਰੀ ਖ਼ਾਰਜ ਕਰਦਿਆਂ ਇਸ ਵਾਰ ਫਿਰ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ। ਨਵਜੋਤ ਕੌਰ ਦੇ ਬਠਿੰਡਾ ਤੋਂ ਚੋਣ ਲੜਨ ਵਿਰੁਧ ਪਾਰਟੀ ਦੇ ਕੁਝ ਆਗੂਆਂ ਦੇ ਬਿਆਨਾਂ ਤੋਂ ਵੀ ਸਿੱਧੂ ਦੀ ਨਾਰਾਜ਼ਗੀ ਵਧੀ। ਕਾਂਗਰਸ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਦਾ ਸਿੱਖ ਚਿਹਰੇ ਦੇ ਤੌਰ ‘ਤੇ ਤੇਜ਼ੀ ਨਾਲ ਉਭਾਰ ਹੋਇਆ ਹੈ। ਉਨ੍ਹਾਂ ਨੂੰ ਬਹੁਤੇ ਲੋਕ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਵਿਚ ਜਾਨਸ਼ੀਨ ਵੀ ਮੰਨਦੇ ਹਨ। ਇਸ ਸਮੇਂ ਸੂਬੇ ‘ਚ ਚੋਣਾਂ ਲੜ ਰਹੇ ਬਹੁਤੇ ਉਮੀਦਵਾਰ ਨਵਜੋਤ ਸਿੱਧੂ ਨੂੰ ਅੰਦਰਖਾਤੇ ਆਪਣੇ ਹਲਕਿਆਂ ‘ਚ ਰੈਲੀ ਕਰਨ ਵਾਸਤੇ ਜ਼ੋਰ ਪਾ ਰਹੇ ਹਨ। ਪਰ ਸਿੱਧੂ ਨੇ ਹਾਲੇ ਤਕ ਕਿਸੇ ਨੂੰ ਵੀ ਪੱਲਾ ਨਹੀਂ ਫੜਾਇਆ।

No Comment posted
Name*
Email(Will not be published)*
Website