Your Advertisement
ਚੋਣ ਖਰਚ ਵਿੱਚ ਸੰਤੋਖ ਸਿੰਘ ਦੀ ਚੌਧਰ

ਜਲੰਧਰ-ਲੋਕ ਸਭਾ ਚੋਣਾਂ ’ਚ ਉਮੀਦਵਾਰਾਂ ਵੱਲੋਂ ਕੀਤੇ ਗਏ ਚੋਣ ਖਰਚਿਆਂ ਦੇ ਹਿਸਾਬ ਵਿੱਚ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਬਾਜ਼ੀ ਮਾਰ ਲਈ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਖਤਮ ਹੋਣ ਤੱਕ 57 ਲੱਖ ਰੁਪਏ ਖਰਚ ਲਏ ਸਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਵੀ 47 ਲੱਖ ਖਰਚੇ ਦਾ ਅੰਕੜਾ ਪਾਰ ਕਰ ਲਿਆ ਹੈ। ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 29 ਲੱਖ 42 ਹਜ਼ਾਰ ਰੁਪਏ ਖਰਚ ਕੀਤੇ ਹਨ। ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰਾਂ ਨੇ ਚੌਧਰੀ ਸੰਤੋਖ ਸਿੰਘ ਕੋਲੋਂ ਖਰਚਿਆਂ ਬਾਰੇ ਬਣਾਏ ਗਏ ਰਜਿਸਟਰ ਮੰਗਵਾਏ ਸਨ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਕਾਰਨ ਚੌਧਰੀ ਸੰਤੋਖ ਸਿੰਘ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਵੀ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਚੋਣ ਖਰਚਾ ਅਬਜ਼ਰਵਰ ਹੁਣ 23 ਜੂਨ ਨੂੰ ਆ ਕੇ ਉਮੀਦਵਾਰਾਂ ਵੱਲੋਂ ਲਾਏ ਗਏ ਖਰਚਿਆਂ ਦੇ ਰਜਿਸਟਰ ਦਾ ਮਿਲਾਣ ਕਰਨਗੇ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਲੋਕ ਸਭਾ ਚੋਣਾਂ ਲਈ 70 ਲੱਖ ਰੁਪਏ ਹੀ ਖਰਚ ਕਰ ਸਕਦਾ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ 19 ਲੱਖ 67 ਹਜ਼ਾਰ ਦਾ ਖਰਚਾ ਦਿਖਾਇਆ ਹੈ। ਅਬਜ਼ਰਵਰਾਂ ਨੇ ਸਾਰੇ 19 ਉਮੀਦਵਾਰਾਂ ਦੇ ਖਰਚਿਆਂ ਦਾ ਲੇਖਾ-ਜੋਖਾ ਦੇਖਿਆ ਹੈ ਤੇ ਹੁਣ ਤੱਕ ਇਨ੍ਹਾਂ ਸਾਰੇ ਉਮੀਦਵਾਰਾਂ ਨੇ 1 ਕਰੋੜ 66 ਲੱਖ ਰੁਪਏ ਖਰਚ ਕੀਤੇ ਹਨ। ਅਜੇ ਚੋਣ ਕਮਿਸ਼ਨ ਨੂੰ ਇਨ੍ਹਾਂ ਨੇ ਅੰਤਮ ਹਿਸਾਬ-ਕਿਤਾਬ ਦੇਣਾ ਹੈ। ਦਿਲਚਸਪ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਰੋਡ ਸ਼ੋਅ ਸਮੇਂ ਸਿਰਫ ਤਿੰਨ-ਚਾਰ ਗੱਡੀਆਂ ਦਾ ਜ਼ਿਕਰ ਕੀਤਾ ਸੀ ਪਰ ਉਨ੍ਹਾਂ ਦੀ ਸੀ-ਵਿਜਲ ਐਪ ’ਤੇ ਸ਼ਿਕਾਇਤ ਕਰ ਦਿੱਤੀ ਸੀ, ਜਿਸ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲੈਂਦਿਆਂ ਚਰਨਜੀਤ ਸਿੰਘ ਅਟਵਾਲ ਸਿਰ 89 ਗੱਡੀਆਂ ਦੇ ਕਾਫਲੇ ਦਾ ਖਰਚਾ ਉਨ੍ਹਾਂ ਦੇ ਚੋਣ ਖਰਚਿਆਂ ’ਚ ਜੋੜ ਦਿੱਤਾ ਹੈ। ਅਟਵਾਲ ਨੇ ਤਾਂ ਆਪਣੇ ਕਾਗਜ਼ਾਂ ਵਿਚ 23 ਲੱਖ ਦਾ ਹੀ ਖਰਚਾ ਦਿਖਾਇਆ ਸੀ ਪਰ ਚੋਣ ਕਮਿਸ਼ਨ ਨੇ 18 ਮਈ ਤੱਕ 47 ਲੱਖ ਰੁਪਏ ਖਰਚਾ ਬਣਾ ਦਿੱਤਾ ਹੈ।
ਸਭ ਤੋਂ ਘੱਟ ਖਰਚਾ ਬਲਜਿੰਦਰ ਸੋਢੀ ਐੱਨਜੇਪੀ ਦੇ ਉਮੀਦਵਾਰ ਨੇ ਕੀਤਾ ਹੈ। ਉਸ ਦਾ ਖਰਚਾ 18 ਹਜ਼ਾਰ ਰੁਪਏ ਦਿਖਾਇਆ ਗਿਆ ਹੈ। ਆਪਣੇ ਖਾਤੇ ਵਿਚ 295 ਰੁਪਏ ਦੱਸਣ ਵਾਲੀ ਅੰਬੇਡਕਰ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਉਰਮਿਲਾ ਦੇਵੀ ਨੇ 87 ਹਜ਼ਾਰ ਰੁਪਏ ਖਰਚ ਦਿੱਤੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤੇ ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਦੇ ਉਮੀਦਵਾਰ ਕਸ਼ਮੀਰ ਘੁੱਗਸ਼ੋਰ ਨੇ 1 ਲੱਖ 45 ਹਜ਼ਾਰ ਰੁਪਏ ਦਾ ਖਰਚਾ ਦਿਖਾਇਆ ਹੈ।

No Comment posted
Name*
Email(Will not be published)*
Website