Your Advertisement
ਹਰ ਦਿਲ ਰੋਇਆ ਤੇ ਹਰ ਅੱਖ ਨਮ ਹੋਈ
ਸੰਗਰੂਰ-ਫ਼ਤਹਿਵੀਰ ਦੀ ਮੌਤ ਨਾਲ ਪੰਜਾਬ ਭਰ ਵਿਚ ਸੋਗ ਦੀ ਲਹਿਰ ਹੈ। ਫ਼ਤਹਿਵੀਰ ਦੀ ਸਲਾਮਤੀ ਲਈ ਪਿਛਲੇ ਛੇ ਦਿਨਾਂ ਤੋਂ ਦੁਆਵਾਂ ਕਰ ਰਹੇ ਹਰ ਇਨਸਾਨ ਦਾ ਦਿਲ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਰੋ ਪਿਆ ਅਤੇ ਹਰ ਮਾਂ ਦੀ ਅੱਖ ਵਿਚੋਂ ਹੰਝੂ ਵਗ ਤੁਰੇ। ਸੋਸ਼ਲ ਮੀਡੀਆ ’ਤੇ ਫ਼ਤਹਿਵੀਰ ਦੇ ਵਿਛੋੜੇ ਦਾ ਦਰਦ ਸਾਫ਼ ਝਲਕ ਰਿਹਾ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ।
ਪੁੱਤਰਾਂ ਦੇ ਵਿਛੋੜੇ ਦੇ ਦਰਦ ਭਰੇ ਗੀਤ ਸੋਸ਼ਲ ਮੀਡੀਆ ’ਤੇ ਹਰ ਦਿਲ ਨੂੰ ਪਸੀਜ ਰਹੇ ਹਨ। ਕੋਈ ਆਖ ਰਿਹਾ ਹੈ, ‘‘ਮੁਆਫ਼ ਕਰੀਂ ਫ਼ਤਹਿਵੀਰ ਸਿਆਂ, ਤੇਰੇ ਨਾਲ ਖੂਨ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ, ਪਰ ਅੱਜ ਦਿਲ ਰੋਂਦਾ ਹੈ ਤੈਨੂੰ ਅਲਵਿਦਾ ਆਖਣ ਲੱਗਿਆਂ’, ਲੱਖ ਲਾਹਨਤਾਂ ਉਸ ਸਿਸਟਮ ’ਤੇ ਜੋ ਤੇਰੇ ਕੰਮ ਨਾ ਆ ਸਕਿਆ।’’
ਪਿਛਲੇ ਛੇ ਦਿਨਾਂ ਤੋਂ ਫ਼ਤਹਿਵੀਰ ਦੀ ਪੰਜਾਬ ਅਤੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨਾਲ ਜਜ਼ਬਾਤੀ ਸਾਂਝ ਜੁੜ ਗਈ ਸੀ, ਜਿਸ ਦੀ ਸਲਾਮਤੀ ਲਈ ਹਰ ਕੋਈ ਦੁਆਵਾਂ ਕਰ ਰਿਹਾ ਸੀ ਪਰ ਇਹ ਦੁਆਵਾਂ ਪ੍ਰਵਾਨ ਨਾ ਚੜ੍ਹੀਆਂ ਤੇ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ।
ਫ਼ਤਹਿਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਮਾਪਿਆਂ ਦੇ ਘਰ ਵਿਆਹ ਤੋਂ ਛੇ ਸਾਲਾਂ ਬਾਅਦ ਪੈਦਾ ਹੋਇਆ ਸੀ। ਬੀਤੇ ਦਿਨ 10 ਜੂਨ ਨੂੰ ਫ਼ਤਹਿਵੀਰ ਦਾ ਦੂਜਾ ਜਨਮ ਦਿਨ ਸੀ ਤੇ ਪਰਿਵਾਰ ਨੇ ਉਸ ਦੇ ਜਨਮ ਦਿਨ ਦੀਆਂ ਖ਼ੁਸ਼ੀਆਂ ਮਨਾਉਣੀਆਂ ਸਨ ਪਰ ਪਰਿਵਾਰ ਨੂੰ ਉਸ ਦਾ ਜਨਮ ਦਿਨ ਮਨਾਉਣ ਦਾ ਮੌਕਾ ਨਸੀਬ ਨਹੀਂ ਹੋਇਆ। ਜਨਮ ਦਿਨ ਤੋਂ ਚਾਰ ਦਿਨ ਪਹਿਲਾਂ ਫ਼ਤਹਿਵੀਰ ਕਰੀਬ ਸਵਾ ਸੌ ਫੁੱਟ ਡੂੰਘੇ ਬੋਰਵੈੱਲ ਵਿਚ ਜਾ ਡਿੱਗਿਆ ਸੀ, ਜਿਸ ਵਿਚੋਂ ਜਨਮ ਦਿਨ ਤੋਂ ਇਕ ਦਿਨ ਬਾਅਦ ਅੱਜ ਫ਼ਤਹਿਵੀਰ ਦੀ ਲਾਸ਼ ਹੀ ਨਿਕਲੀ ਹੈ। ਭਾਵੁਕ ਹੋਇਆ ਉਸ ਦਾ ਪਿਤਾ ਸੁਖਵਿੰਦਰ ਸਿੰਘ ਅੱਜ ਉਨ੍ਹਾਂ ਹੱਥਾਂ ਨਾਲ ਇਕਲੌਤੇ ਪੁੱਤਰ ਦੀ ਚਿਖਾ ਨੂੰ ਅਗਨੀ ਨਹੀਂ ਦੇ ਸਕਿਆ, ਜਿਨ੍ਹਾਂ ਹੱਥਾਂ ’ਚ ਫ਼ਤਹਿਵੀਰ ਖੇਡਿਆ ਸੀ।
No Comment posted
Name*
Email(Will not be published)*
Website