Your Advertisement
ਜਲ ਸਪਲਾਈ ਵਿਭਾਗ ਮੁਖੀ ਦੇ ਹੁਕਮਾਂ ਨਾਲ ਵਿਭਾਗ ਵਿਚ ਹਲਚਲ
ਪਟਿਆਲਾ-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁਖੀ ਅਮਿਤ ਤਲਵਾਰ ਵੱਲੋਂ ਆਪਣੀਆਂ ਸ਼ਕਤੀਆਂ ਡਿਪਟੀ ਡਾਇਰੈਕਟਰ (ਐਡਮਿਨ) ਨੂੰ ਦੇਣ ਨਾਲ ਵਿਭਾਗ ਵਿਚ ਹਲਚਲ ਪੈਦਾ ਹੋ ਗਈ ਹੈ। ਡਿਪਟੀ ਡਾਇਰੈਕਟਰ ਹੁਣ ਚੀਫ਼ ਇੰਜਨੀਅਰਜ਼ ਨਾਲ ਸਬੰਧਿਤ ਵਿੱਤੀ ਮਾਮਲੇ ਵੀ ਨਿਰਧਾਰਿਤ ਕਰੇਗਾ, ਜਿਸ ਨਾਲ ਸਾਰੇ ਚੀਫ਼ ਇੰਜਨੀਅਰ ਹੈਰਾਨ ਹਨ ਕਿਉਂਕਿ ਡਿਪਟੀ ਡਾਇਰੈਕਟਰ, ਚੀਫ਼ ਇੰਜਨੀਅਰ ਨਾਲੋਂ ਕਾਫ਼ੀ ਛੋਟੀ ਅਸਾਮੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁਖੀ ਅਮਿਤ ਤਲਵਾਰ ਨੇ ਸਕੱਤਰ ਵੱਲੋਂ ਮਿਲੀਆਂ ਆਪਣੀਆਂ ਸ਼ਕਤੀਆਂ ਡਿਪਟੀ ਡਾਇਰੈਕਟਰ (ਐਡਮਿਨ) ਦੇ ਹਵਾਲੇ ਕਰ ਦਿੱਤੀਆਂ ਹਨ। ਪੱਤਰ ਨੰਬਰ 4468 ਵਿਚ ਅਮਿਤ ਤਲਵਾਰ ਨੇ ਲਿਖਿਆ ਹੈ ਕਿ ਵਿਭਾਗ ਦੇ ਮੁਖੀ ਦੇ ਦਫ਼ਤਰ ਨਾਲ ਸਬੰਧਿਤ ਜਾਂ ਵਿਭਾਗ ਦੇ ਪ੍ਰਾਜੈਕਟਾਂ ਨਾਲ ਸਬੰਧਿਤ ਹੋਣ ਵਾਲੇ ਖ਼ਰਚੇ, ਤਨਖ਼ਾਹਾਂ, ਟੀ.ਏ, ਰਿਫਰੈਸ਼ਮੈਂਟ ਆਦਿ ਨੂੰ ਪ੍ਰਵਾਨਿਤ ਕਰਨ ਦੀ ਸ਼ਕਤੀ ਹੁਣ ਡਿਪਟੀ ਡਾਇਰੈਕਟਰ ਕੋਲ ਹੋਵੇਗੀ। ਇਸੇ ਤਰ੍ਹਾਂ ਵਿਭਾਗ ਦੀਆਂ ਪੰਜਾਬ ਵਿਚ ਕੰਮ ਕਰਨ ਵਾਲੀਆਂ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਿਤ ਤਨਖ਼ਾਹਾਂ ਤੇ ਇੰਕਰੀਮੈਂਟ ਨਾਲ ਸਬੰਧਿਤ ਕੰਮ ਵੀ ਡਿਪਟੀ ਡਾਇਰੈਕਟਰ ਕਰੇਗਾ। ਗਰੁੱਪ ਸੀ ਅਤੇ ਡੀ ਦੇ ਅਧਿਕਾਰੀਆਂ ਦੇ ਮਾਮਲੇ ਵੀ ਡਿਪਟੀ ਡਾਇਰੈਕਟਰ ਹੀ ਵਿਚਾਰੇਗਾ। ਸਾਰੀਆਂ ਸ਼੍ਰੇਣੀਆਂ ਦੇ ਪੈਨਸ਼ਨ ਕੇਸ ਵੀ ਇਸੇ ਅਧਿਕਾਰੀ ਦੇ ਹਵਾਲੇ ਕੀਤੇ ਗਏ ਹਨ।
ਹੁਣ ਵਿਭਾਗ ਵਿਚ ਇਸ ਗੱਲ ਦੀ ਹਲਚਲ ਪੈਦਾ ਹੋਈ ਹੈ ਕਿ ਚੀਫ਼ ਇੰਜਨੀਅਰ 10 ਹਜ਼ਾਰ ਗਰੇਡ ’ਤੇ ਕੰਮ ਕਰ ਰਹੇ ਹਨ ਜਦਕਿ ਡਿਪਟੀ ਡਾਇਰੈਕਟਰ (ਐਡਮਿਨ) 5400 ਗਰੇਡ ’ਤੇ ਕੰਮ ਕਰ ਰਿਹਾ ਹੈ। ਚੀਫ਼ ਇੰਜਨੀਅਰ ਸਿੱਧੇ ਤੌਰ ’ਤੇ ਸਕੱਤਰ ਦੇ ਅਧੀਨ ਆਉਂਦੇ ਹਨ ਪਰ ਇਹ ਕਿਵੇਂ ਹੋ ਗਿਆ ਕਿ ਚੀਫ਼ ਇੰਜਨੀਅਰਾਂ ਦੀਆਂ ਤਨਖ਼ਾਹਾਂ, ਇੰਕਰੀਮੈਂਟ ਤੇ ਹੋਰ ਵਿੱਤੀ ਮਾਮਲੇ ਡਿਪਟੀ ਡਾਇਰੈਕਟਰ ਪਾਸ ਕਰੇਗਾ। ਜਾਣਕਾਰੀ ਅਨੁਸਾਰ ਡਿਪਟੀ ਡਾਇਰੈਕਟਰ ਕੋਲ ਪਹਿਲਾਂ ਹੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਦਾ ਵਾਧੂ ਚਾਰਜ ਹੈ ਅਤੇ ਜਲ ਸਪਲਾਈ ਵਿਭਾਗ ਵਿਚ ਵੀ ਉਸ ਕੋਲ ਵਾਧੂ ਕੰਮ ਹੈ। ਉਸ ਕੋਲ ਜ਼ਿਆਦਾ ਸਟਾਫ਼ ਵੀ ਨਹੀਂ ਹੈ। ਅਮਿਤ ਤਲਵਾਰ ਇਹ ਆਰਡਰ ਕਰਨ ਤੋਂ ਤੁਰੰਤ ਬਾਅਦ ਛੁੱਟੀ ’ਤੇ ਚਲੇ ਗਏ ਹਨ। ਆਰਡਰਾਂ ਵਿਚ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਆਰਡਰ ਸਦਾ ਲਈ ਹਨ ਜਾਂ ਫਿਰ ਉਨ੍ਹਾਂ ਦੇ ਛੁੱਟੀ ਤੋਂ ਵਾਪਸ ਆਉਣ ਤਕ ਹਨ।
No Comment posted
Name*
Email(Will not be published)*
Website