ਮਸਜਿਦਾਂ ਚ ਈਦ ਦੀ ਨਮਾਜ਼ ਅਦਾ ਕਰਨ ਦੀ ਖੁੱਲ੍ਹ

ਨਵੀਂ ਦਿੱਲੀ/ਜੰਮੂ/ਸ੍ਰੀਨਗਰ-ਕਸ਼ਮੀਰ ਘਾਟੀ ’ਚ ਭਲਕੇ ਈਦ-ਉਲ-ਜ਼ੁਹਾ ਮੌਕੇ ਲੋਕਾਂ ਨੂੰ ਮਸਜਿਦਾਂ ’ਚ ਨਮਾਜ਼ ਅਦਾ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਮੋਬਾਈਲ ਤੇ ਲੈਂਡਲਾਈਨ ਫੋਨ ’ਤੇ ਲੱਗੀ ਪਾਬੰਦੀ ਜਲਦੀ ਹਟਾ ਲਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਵ ਸ਼ਾਂਤੀ ਕਾਇਮ ਰੱਖਣਾ ਤੇ ਜੰਮੂ ਕਸ਼ਮੀਰ ’ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ ਦੇਣਾ ਹੈ। ਭਾਰਤੀ ਅਥਾਰਿਟੀ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਈਦ ਤੋਂ ਇਕ ਦਿਨ ਪਹਿਲਾਂ ਮੁੜ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੋਕਾਂ ਨੂੰ ਘਰਾਂ ਅੰਦਰ ਜਾਣ ਲਈ ਕਿਹਾ ਗਿਆ ਹੈ।
ਅਧਿਕਾਰੀ ਦਾ ਕਹਿਣਾ ਹੈ ਕਿ ਸੰਚਾਰ ਸਾਧਨਾਂ ’ਤੇ ਲਾਈਆਂ ਗਈਆਂ ਪਾਬੰਦੀਆਂ ‘ਆਰਜ਼ੀ’ ਹਨ ਤੇ ਗੁਮਰਾਹਕੁਨ ਸੁਨੇਹਿਆਂ ਤੇ ਅਫ਼ਵਾਹਾਂ ਨੂੰ ਰੋਕਣ ਲਈ ਲਾਈਆਂ ਗਈਆਂ ਹਨ। ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਪਾਬੰਦੀਆਂ ਤੋਂ ਛੋਟ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਾਰੇ ਫ਼ੈਸਲੇ ਕੇਂਦਰ ਸਰਕਾਰ ਨਹੀਂ ਲੈ ਰਹੀ ਤੇ ਲੋੜ ਮੁਤਾਬਕ ਸਥਾਨਕ ਪ੍ਰਸ਼ਾਸਨ ਕਾਨੂੰਨ-ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈ ਰਿਹਾ ਹੈ। ਕਸ਼ਮੀਰ ਦੇ ਸਾਰੇ ਹਿੱਸਿਆਂ ਵਿਚ ਸਥਿਤੀ ਆਮ ਵਾਂਗ ਹੈ ਤੇ ਹਿੰਸਕ ਘਟਨਾਵਾਂ ਦੀ ਕਿਸੇ ਇਲਾਕੇ ਤੋਂ ਵੀ ਕੋਈ ਸੂਚਨਾ ਨਹੀਂ ਹੈ। ਇਸੇ ਦੌਰਾਨ ਅੱਜ ਬਾਜ਼ਾਰ ਖੁੱਲ੍ਹੇ ਤੇ ਲੋਕਾਂ ਨੇ ਈਦ ਲਈ ਖ਼ਰੀਦਦਾਰੀ ਵੀ ਕੀਤੀ। ਸਰਕਾਰ ਵੱਲੋਂ ਲੋੜੀਂਦੇ ਖ਼ੁਰਾਕੀ ਪਦਾਰਥਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵਾਦੀ ਦੇ ਸਾਰੇ ਹਿੱਸਿਆਂ ’ਚ ਯਕੀਨੀ ਬਣਾਈ ਜਾ ਰਹੀ ਹੈ। ਈਦ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਕੁਝ ਬਾਜ਼ਾਰਾਂ ਤੋਂ ਇਲਾਵਾ ਬੈਂਕਾਂ ਤੇ ਐਟੀਐੱਮਜ਼ ਵੀ ਖੁੱਲ੍ਹੇ ਰਹੇ। ਸ੍ਰੀਨਗਰ ਦੇ ਡੀਸੀ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ‘ਸਭ ਕੁਝ ਸ਼ਾਂਤੀਪੂਰਨ ਹੈ। ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ ਤੇ ਆਵਾਜਾਈ ਵੀ ਵਧੀ ਹੈ’। ਆਮ ਲੋਕਾਂ ਦੀ ਮਦਦ ਲਈ ਹਰ ਸੰਵੇਦਨਸ਼ੀਲ ਥਾਂ ’ਤੇ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ। ਸ੍ਰੀਨਗਰ ਵਿਚ ਛੇ ‘ਮੰਡੀਆਂ’ ਲਾਈਆਂ ਗਈਆਂ ਹਨ ਜਿੱਥੇ 2.5 ਲੱਖ ਭੇਡਾਂ ਈਦ ਮੌਕੇ ਕੁਰਬਾਨੀ ਲਈ ਉਪਲੱਬਧ ਕਰਵਾਈਆਂ ਗਈਆਂ ਹਨ। ਸਬਜ਼ੀਆਂ, ਗੈਸ ਸਿਲੰਡਰਾਂ, ਪੌਲਟਰੀ ਤੇ ਆਂਡਿਆਂ ਦੀ ਸਪਲਾਈ ਲਈ ਡੋਰ-ਟੂ-ਡੋਰ ਵੈਨਾਂ ਲਾਈਆਂ ਗਈਆਂ ਹਨ। ਜੰਮੂ ਕਸ਼ਮੀਰ ਦੇ ਗਵਰਨਰ ਮੁਤਾਬਕ 300 ਵਿਸ਼ੇਸ਼ ਟੈਲੀਫੋਨ ਬੂਥ ਕਾਇਮ ਕੀਤੇ ਜਾ ਰਹੇ ਹਨ ਤਾਂ ਕਿ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਣ। ਹਰ ਜ਼ਿਲ੍ਹੇ ਵਿਚ ਰਾਸ਼ਨ ‘ਘਾਟ’ ਕਾਇਮ ਕੀਤੇ ਗਏ ਹਨ ਤਾਂ ਕਿ ਲੋਕ ਖ਼ੁਰਾਕੀ ਵਸਤਾਂ ਖ਼ਰੀਦ ਸਕਣ। ਹਾਲਾਂਕਿ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਈਦ ਮੌਕੇ ਉਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ। ਹੱਜ ਤੋਂ ਪਰਤਣ ਵਾਲਿਆਂ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਹਵਾਈ ਅੱਡਿਆਂ ’ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਜੋ 18 ਅਗਸਤ ਤੋਂ ਪਰਤਣ ਵਾਲੇ ਯਾਤਰੀਆਂ ਦੀ ਘਰ ਪਹੁੰਚਣ ਵਿਚ ਮਦਦ ਕਰਨਗੇ। ਐਤਵਾਰ ਨੂੰ ਬਜ਼ਾਰ ਖੁੱਲ੍ਹਣ ਮੌਕੇ ਲੋਕ ਕਤਾਰਾਂ ਵਿਚ ਲੱਗ ਕੇ ਵਸਤਾਂ ਖ਼ਰੀਦਦੇ ਦੇਖੇ ਗਏ। ਅਲੀਗੜ੍ਹ, ਨਵੀਂ ਦਿੱਲੀ ਸਣੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦਾ ਈਦ ਮੌਕੇ ਪਰਿਵਾਰ ਨਾਲ ਰਾਬਤਾ ਬਣਾਉਣ ਲਈ ਵੀ ਪ੍ਰਬੰਧ ਕੀਤੇ ਗਏ ਹਨ।
ਸੀਆਰਪੀਐੱਫ ਨੇ ਉਨ੍ਹਾਂ ਕਸ਼ਮੀਰੀ ਲੋਕਾਂ ਲਈ ਸ੍ਰੀਨਗਰ ਅਧਾਰਿਤ ਇਕ ਖ਼ਾਸ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਪਰਿਵਾਰ ਲਈ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ। ‘ਮਦਦਗਾਰ’ ਨਾਂ ਦੀ ਇਸ ਹੈਲਪਲਾਈਨ ਦਾ ਨੰਬਰ ‘9469793260’ ਹੈ। ਫ਼ੌਜ ਨੇ ਜੰਮੂ ਵਿਚ ‘ਮਿਸ਼ਨ ਰੀਚ ਆਊਟ’ ਆਰੰਭਿਆ ਹੈ। ਇਸ ਦਾ ਮੰਤਵ ਲੋਕਾਂ ਨੂੰ ਜ਼ਰੂਰੀ ਵਰਤੋਂ ਦੀਆਂ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸਬੰਧੀ ਵ੍ਹਾਈਟ ਨਾਈਟ ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਪਰਮਜੀਤ ਸਿੰਘ ਦੀ ਅਗਵਾਈ ’ਚ ਨਗਰੋਟਾ ਮਿਲਟਰੀ ਸਟੇਸ਼ਨ ’ਤੇ ਅੱਜ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਹੀ ਕਿਸ਼ਤਵਾੜ ’ਚ ਵੀ ਅੱਜ ਸਵੇਰੇ 8 ਵਜੇ ਤੋਂ ਕਰਫ਼ਿਊ ਵਿਚ ਰਾਹਤ ਦਿੱਤੀ ਗਈ ਹੈ। ਡੀਜੀਪੀ ਦਿਲਬਾਗ ਸਿੰਘ ਨੇ ਅੱਜ ਕਿਸ਼ਤਵਾੜ ਦਾ ਦੌਰਾ ਕੀਤਾ। ਪੀਟੀਆਈ
ਸ੍ਰੀਨਗਰ: ਭਾਰਤੀ ਅਥਾਰਿਟੀ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਈਦ ਤੋਂ ਇਕ ਦਿਨ ਪਹਿਲਾਂ ਮੁੜ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੋਕਾਂ ਨੂੰ ਘਰਾਂ ਅੰਦਰ ਜਾਣ ਲਈ ਕਿਹਾ ਗਿਆ ਹੈ। ਸਰਕਾਰ ਨੂੰ ਖ਼ਦਸ਼ਾ ਹੈ ਕਿ ਵੱਡੇ ਇਕੱਠ ਰੋਸ ਪ੍ਰਦਰਸ਼ਨਾਂ ਨੂੰ ਜਨਮ ਦੇ ਸਕਦੇ ਹਨ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਮਗਰੋਂ ਨੌਜਵਾਨਾਂ ਵੱਲੋਂ ਕੀਤੇ ਮੁਜ਼ਾਹਰੇ ਨੂੰ ਕੁਝ ਕੌਮਾਂਤਰੀ ਬਰਾਡਕਾਸਟ ਅਦਾਰਿਆਂ ਨੇ ਨਸ਼ਰ ਕੀਤਾ ਸੀ। ਸੂਬੇ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਮੰਨਿਆ ਹੈ ਕਿ 1000-1500 ਲੋਕ ਸ਼ੁੱਕਰਵਾਰ ਨੂੰ ਜਦ ਨਮਾਜ਼ ਅਦਾ ਕਰ ਕੇ ਪਰਤ ਰਹੇ ਸਨ ਤਾਂ ‘ਕੁਝ ਗੜਬੜੀ ਪੈਦਾ ਕਰਨ ਵਾਲੇ ਅਨਸਰਾਂ’ ਨੇ ਸੁਰੱਖਿਆ ਬਲਾਂ ਵੱਲ ਪੱਥਰ ਸੁੱਟੇ। ਉਨ੍ਹਾਂ ਕਿਹਾ ਕਿ ਇਸ ਦੇ ਜਵਾਬ ’ਚ ਹਲਕੀ ਫਾਇਰਿੰਗ ਕੀਤੀ ਗਈ।