Your Advertisement
ਕਰਤਾਰਪੁਰ ਲਾਂਘੇ ਬਾਰੇ ਵਚਨ ਤੇ ਕਾਇਮ ਰਹੇ ਪਾਕਿ: ਕੈਪਟਨ
ਚੰਡੀਗੜ੍ਹ-ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ਵਿੱਚ ਗਤੀਵਿਧੀਆਂ ਦੀ ਰਫ਼ਤਾਰ ਮੱਠੀ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਨੂੰ ਇਸ ਅਹਿਮ ਪ੍ਰਾਜੈਕਟ ’ਤੇ ਆਪਣੀ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ ਹੈ ਜਿਸ ਦੀ ਸਿੱਖਾਂ ਲਈ ਧਾਰਮਿਕ ਤੌਰ ’ਤੇ ਸਭ ਤੋਂ ਵੱਧ ਅਹਿਮੀਅਤ ਹੈ।
ਮੁੱਖ ਮੰਤਰੀ ਦਾ ਇਹ ਬਿਆਨ ਕਰਤਾਰਪੁਰ ਲਾਂਘੇ ਬਾਰੇ ਲਏ ਪ੍ਰਮੁੱਖ ਫ਼ੈਸਲਿਆਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਕਰਨ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਭੇਜੇ ਯਾਦ ਪੱਤਰ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਹਿਜ਼ ਤਿੰਨ ਮਹੀਨਿਆਂ ਦਾ ਸਮਾਂ ਬਾਕੀ ਹੈ ਅਤੇ ਅਜਿਹੇ ਸਮੇਂ ’ਤੇ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋ ਜਾਣ ਨਾਲ ਇਤਿਹਾਸਕ ਮੌਕੇ ’ਤੇ ਇਹ ਅਧੂਰਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਕਦਮ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਠੇਸ ਪਹੁੰਚੇਗੀ। ਭਾਰਤ ਨਾਲ ਸਫ਼ਾਰਤੀ ਅਤੇ ਵਪਾਰਕ ਸਬੰਧਾਂ ਦਾ ਦਰਜਾ ਘਟਾਉਣ ਮਗਰੋਂ ਅਟਾਰੀ-ਵਾਹਗਾ ਸਰਹੱਦ ’ਤੇ ਵਪਾਰ ਰੁਕਣ ਬਾਰੇ ਉਨ੍ਹਾਂ ਕਿਹਾ ਕਿ ਸਿਆਸੀ ਚਿੰਤਾਵਾਂ ਨੂੰ ਕਿਸੇ ਵੀ ਫ਼ੈਸਲੇ ਨਾਲ ਘੇਰਿਆ ਨਹੀਂ ਜਾਣਾ ਚਾਹੀਦਾ ਹੈ ਜਿਸ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਫ਼ੈਸਲੇ ਨਾਲ ਗਰੀਬਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਕਿਉਂਕਿ ਮਾਲ ਹੁਣ ਇਰਾਨ ਜਾਂ ਦੁਬਈ ਰਾਹੀਂ ਲੰਮਾ ਸਮੁੰਦਰੀ ਰਸਤਾ ਤੈਅ ਕਰਕੇ ਪਹੁੰਚੇਗਾ। ਵਪਾਰ ਠੱਪ ਹੋਣ ਨਾਲ ਦੋਵਾਂ ਪਾਸਿਆਂ ਦੇ ਹਜ਼ਾਰਾਂ ਪੋਰਟਰਾਂ, ਟਰੱਕ, ਰੇਲ ਡਰਾਈਵਰਾਂ, ਸਟਾਫ ਆਦਿ ਦੀਆਂ ਨੌਕਰੀਆਂ ਅਤੇ ਰੋਜ਼ੀ-ਰੋਟੀ ਨੂੰ ਗੰਭੀਰ ਘਾਟਾ ਪਵੇਗਾ।
ਭਾਰਤ ਦੁਆਰਾ ਆਪਣੇ ਅੰਦਰੂਨੀ ਮਾਮਲੇ ’ਤੇ ਕੀਤੀ ਗਈ ਕੁਝ ਕਾਰਵਾਈ ਪਿੱਛੋਂ ਪਾਕਿਸਤਾਨ ਵੱਲੋਂ ਇਸ ਦਾ ਬਹਾਨਾ ਬਣਾ ਕੇ ਵਪਾਰ ਰੋਕਣ ਨੂੰ ‘ਸੌੜੀ ਸੋਚ’ ਵਾਲਾ ਕਦਮ ਕਰਾਰ ਦਿੰਦਿਆਂ ਉਨ੍ਹਾਂ ਗੁਆਂਢੀ ਮੁਲਕ ਨੂੰ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਦੇ ਹਿੱਤ ਵਿੱਚ ਕਾਰੋਬਾਰ ਦੀ ਮੁਅੱਤਲੀ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਹੱਦ ’ਤੇ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਵਿਕਾਸ ਚਾਹੁੰਦਾ ਹੈ ਜਿੱਥੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਲਗਾਤਾਰ ਹਿੰਸਾ ਅਤੇ ਦੁਸ਼ਮਣੀ ਕਾਰਨ ਬਹੁਤ ਨੁਕਸਾਨ ਸਹਿਣਾ ਪਿਆ ਹੈ।
No Comment posted
Name*
Email(Will not be published)*
Website