Your Advertisement
ਖੇਤੀਬਾੜੀ ਵਿਭਾਗ ਵੱਲੋਂ ਦਸ ਕੁਇੰਟਲ ਨਕਲੀ ਕੀਟਨਾਸ਼ਕ ਬਰਾਮਦ
ਸੰਗਰੂਰ/ਮਾਲੇਰਕੋਟਲਾ-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠਲੀ ਚੌਕਸੀ ਟੀਮ ਨੇ ਇਕ ਟੈਂਪੂ ਰਾਹੀਂ ਲਿਜਾਈਆਂ ਜਾ ਰਹੀਆਂ 10 ਕੁਇੰਟਲ ਨਕਲੀ ਕੀੜੇਮਾਰ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਥਾਣਾ ਸਿਟੀ-2 ਮਾਲੇਰਕੋਟਲਾ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ-ਰਾਏਕੋਟ ਰੋਡ ’ਤੇ ਇਕ ਵਾਹਨ ਰਾਹੀਂ ਕਾਰਗਿਲ 4ਜੀ ਨਾਂ ਦੇ ਨਕਲੀ ਕੀਟਨਾਸ਼ਕ ਲਿਜਾਏ ਜਾ ਰਹੇ ਹਨ। ਇਸ ’ਤੇ ਉਨ੍ਹਾਂ ਨੇ ਆਪਣੀ ਟੀਮ ਸਮੇਤ ਕਾਰਵਾਈ ਕਰਦਿਆਂ ਟੈਂਪੂ ਨੂੰ ਰੋਕ ਕੇ ਉਸ ਵਿਚੋਂ 10 ਕੁਇੰਟਲ ਨਕਲੀ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਟੈਂਪੂ ਵਿਚੋਂ ਕਾਰਗਿਲ 4ਜੀ ਦੇ ਪੰਜ-ਪੰਜ ਕਿੱਲੋ ਦੀ ਪੈਕਿੰਗ ਵਾਲੇ ਦਸ ਕੁਇੰਟਲ ਦੇ ਪੈਕਟ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਐੱਸਐੱਨ ਪੈਸਟੀਸਾਈਡ ਅਤੇ ਕੈਮੀਕਲ ਕੰਪਨੀ ਗੁਜਰਾਤ ਦਾ ਬਿੱਲ ਵੀ ਪ੍ਰਾਪਤ ਹੋਇਆ ਹੈ, ਜਿਸ ਸਬੰਧੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਅਮਿਤ ਕੁਮਾਰ ਵਾਸੀ ਸੰਗਰੂਰ ਵੱਲੋਂ ਦਿੱਲੀ ਤੋਂ ਨਕਲੀ ਕੀਟਨਾਸ਼ਕ ਮੰਗਵਾਏ ਜਾਂਦੇ ਸਨ ਅਤੇ ਸਪਲਾਈ ਕੀਤੇ ਜਾਂਦੇ ਸਨ ਜਦੋਂਕਿ ਮੁਹੰਮਦ ਸ਼ਕੀਲ ਵਾਸੀ ਮਾਲੇਰਕੋਟਲਾ ਵੱਲੋਂ ਅਜਿਹੀਆਂ ਗ਼ੈਰ ਮਿਆਰੀ ਦਵਾਈਆਂ ਅੱਗੇ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਸਨ। ਕਾਰਵਾਈ ਕਰਨ ਵਾਲੀ ਵਿਭਾਗੀ ਟੀਮ ਵਿਚ ਖੇਤੀਬਾੜੀ ਅਫ਼ਸਰ ਡਾ. ਹਰੀਪਾਲ ਸਿੰਘ ਅਤੇ ਜੈਸਮਿਨ ਸਿੱਧੂ ਸ਼ਾਮਲ ਸਨ।
No Comment posted
Name*
Email(Will not be published)*
Website