Your Advertisement
ਅਰਥਚਾਰੇ ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ
ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਬੂਲ ਕੀਤਾ ਕਿ ਇਸ ਮੌਕੇ ਘਰੇਲੂ ਅਰਥਚਾਰੇ ਦੀ ਰਫ਼ਤਾਰ ਹੌਲੀ ਹੈ ਅਤੇ ਇਸ ਨੂੰ ਅੰਦਰੂਨੀ ਅਤੇ ਬਾਹਰੀ ਪੱਧਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਾਸ਼ਾ ਦਾ ਰਾਗ ਅਲਾਪਣ ਦੀ ਬਜਾਏ ਅੱਗੇ ਦੇ ਮੌਕਿਆਂ ਨੂੰ ਦੇਖਣਾ ਚਾਹੀਦਾ ਹੈ। ਸ੍ਰੀ ਦਾਸ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਮੁਲਕ ਦੇ ਵੱਡੇ ਕਾਰੋਬਾਰੀ ਘਰਾਣੇ ਹੁਣੇ ਜਿਹੇ ਬਜਟ ’ਚ ਲਏ ਗਏ ਕੁਝ ਫ਼ੈਸਲਿਆਂ ਨੂੰ ਲੈ ਕੇ ਸਰਕਾਰ ਤੋਂ ਨਾਖੁਸ਼ ਹਨ। ਇਨ੍ਹਾਂ ’ਚ ਅਮੀਰਾਂ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ’ਤੇ ਟੈਕਸ ਵਧਾਉਣਾ ਸ਼ਾਮਲ ਹੈ। ਰਿਜ਼ਰਵ ਬੈਂਕ ਦੇ ਗਵਰਨਰ ਦਾਸ ਨੇ ਇਥੇ ਫਿੱਕੀ ਵੱਲੋਂ ਕਰਵਾਏ ਗਏ ਕੌਮੀ ਬੈਂਕਿੰਗ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ,‘‘ ਅਖ਼ਬਾਰਾਂ ਪੜ੍ਹ ਕੇ ਜਾਂ ਬਿਜ਼ਨਸ ਟੀਵੀ ਚੈਨਲ ਨੂੰ ਦੇਖ ਕੇ ਮੈਨੂੰ ਜਾਪਦਾ ਹੈ ਕਿ ਲੋਕਾਂ ਦੇ ਮਨਾਂ ’ਚ ਵਾਧੂ ਉਤਸ਼ਾਹ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਇਹ ਨਹੀਂ ਆਖ ਰਹੇ ਹਨ ਕਿ ਉਹ ਹਰ ਹਾਲ ’ਚ ਖੁਸ਼ ਨਜ਼ਰ ਆਉਣ ਅਤੇ ਹਰ ਮੁਸ਼ਕਲ ਘੜੀ ਨੂੰ ਹਾਸੇ ’ਚ ਭੁਲਾ ਦੇਣ ਪਰ ਅਰਥਚਾਰੇ ’ਚ ਮੂਡ ਦੀ ਵੱਡੀ ਚੁਣੌਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਅਰਥਚਾਰੇ ’ਚ ਬਹੁਤ ਮੌਕੇ ਹਨ। ਜ਼ਿਕਰਯੋਗ ਹੈ ਕਿ ਆਰਬੀਆਈ ਨੇ ਆਪਣੀ ਪਿਛਲੀ ਨੀਤੀਗਤ ਸਮੀਖਿਆ ਬੈਠਕ ’ਚ ਮੌਜੂਦਾ ਵਿੱਤੀ ਵਰ੍ਹੇ ’ਚ ਆਰਥਿਕ ਵਿਕਾਸ ਦਰ ਦੇ ਆਪਣੇ ਅਨੁਮਾਨ ਨੂੰ ਸੱਤ ਫ਼ੀਸਦ ਤੋਂ ਘਟਾ ਕੇ 6.9 ਫ਼ੀਸਦ ਕਰ ਦਿੱਤਾ ਸੀ। ਉਨ੍ਹਾਂ ਗ਼ੈਰ ਬੈਂਕਿੰਗ ਵਿੱਤੀ ਸੰਸਥਾਨਾਂ ਦੇ ਕੰਮਕਾਜ ’ਤੇ ਨਜ਼ਰਸਾਨੀ ਕਰਨ ਤੋਂ ਇਨਕਾਰ ਕਰ ਦਿੱਤਾ।
No Comment posted
Name*
Email(Will not be published)*
Website