Your Advertisement
ਸਤਲੁਜ ਨੇੜਲੇ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟਿਆ
ਸ੍ਰੀ ਆਨੰਦਪੁਰ ਸਾਹਿਬ/ਕੀਰਤਪੁਰ ਸਾਹਿਬ-ਸੁਰੱਖਿਆ ਦੇ ਮੱਦੇਨਜ਼ਰ ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਨਾਲ ਸਤਲੁਜ ਦਰਿਆ ਕਿਨਾਰੇ ਵਸਦੇ ਦਰਜਨਾਂ ਪਿੰਡ ਜਿੱਥੇ ਪਾਣੀ ਵਿਚ ਘਿਰ ਗਏ ਹਨ, ਉੱਥੇ ਹੀ ਦੇਰ ਸ਼ਾਮ ਤਕ ਉਨ੍ਹਾਂ ਦਾ ਸੰਪਰਕ ਹੋਰਨਾਂ ਇਲਾਕਿਆਂ ਨਾਲੋਂ ਟੁੱਟ ਗਿਆ ਹੈ। ਬੇਸ਼ੱਕ ਹੁਣ ਤੱਕ ਤਿੰਨ ਹਜ਼ਾਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪੁਲੀਸ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਿਆ ਹੈ ਪਰ ਪਾਣੀ ਦਾ ਪੱਧਰ ਵਧਣ ਨਾਲ ਪਿੰਡਾਂ ਵਿਚ ਸਹਿਮ ਦਾ ਮਹੌਲ ਹੈ। ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋਣ ਦੇ ਨਾਲ-ਨਾਲ ਲੋਕਾਂ ਦਾ ਘਰਾਂ ਦਾ ਸਾਮਾਨ, ਰਾਸ਼ਨ ਬਰਬਾਦ ਹੋ ਗਿਆ ਹੈ ਤੇ ਪਸ਼ੂਆਂ ਦਾ ਚਾਰਾ ਨਾ ਹੋਣ ਕਰਕੇ ਪਸ਼ੂ ਵੀ ਤੜਫਣ ਲੱਗੇ ਹਨ। ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਰਾਹੁਲ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਆਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਦੂਜੇ ਪਾਸੇ ਡੈਮ ਤੋਂ ਛੱਡੇ ਪਾਣੀ ਨਾਲ ਬਾਅਦ ਦੁਪਹਿਰ ਤਕ ਦਰਜਨਾਂ ਪਿੰਡਾਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਦੇਰ ਸ਼ਾਮ ਤੱਕ ਦਰਜਨਾਂ ਪਿੰਡਾਂ ਦਾ ਸੰਪਰਕ ਹੋਰਨਾਂ ਇਲਾਕਿਆਂ ਨਾਲੋਂ ਟੁੱਟ ਗਿਆ ਸੀ।
ਪਿੰਡ ਗੱਜਪੁਰ ਬੇਲਾ, ਹਰੀਵਾਲ, ਸ਼ਾਹਪੁਰ ਦੇ ਵਸਨੀਕਾਂ ਨੇ ਦੱਸਿਆ ਕਿ ਹੜ੍ਹ ਕਾਰਨ ਉਨ੍ਹਾਂ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ ਤੇ ਉਨ੍ਹਾਂ ਕੋਲ ਖਾਣ ਲਈ ਅਨਾਜ ਵੀ ਨਹੀਂ ਰਿਹਾ।
ਪਸ਼ੂਆਂ ਦਾ ਚਾਰਾ ਵੀ ਖ਼ਰਾਬ ਹੋ ਗਿਆ ਹੈ। ਪਿੰਡ ਕੋਟਲਾ ਤੋਂ ਗੱਜਪੁਰ ਬੇਲਾ, ਚੰਦਪੁਰ ਬੇਲਾ ਲਿੰਕ ਸੜਕ, ਹਰੀਵਾਲ ਲਿੰਕ ਸੜਕ, ਸ਼ਾਹਪੁਰ ਨੂੰ ਜਾਂਦੀ ਲਿੰਕ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਤੇ ਕਈ ਥਾਵਾਂ ’ਤੇ ਸੜਕਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ।
No Comment posted
Name*
Email(Will not be published)*
Website