Your Advertisement
ਬੈਂਸ ਨੇ ਵਿਧਾਨ ਸਭਾ ਸਪੀਕਰ ਕੋਲ ਕੀਤੀ ਡੀਸੀ ਦੀ ਸ਼ਿਕਾਇਤ

ਚੰਡੀਗੜ੍ਹ-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲ ਕੇ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਵਿਰੁੱਧ ਲੋਕਾਂ ਦੇ ਚੁਣੇ ਨੁਮਾਇੰਦੇ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਆਮ ਜਨਤਾ ਨਾਲ ਬਦਤਮੀਜ਼ੀ ਕਰਨ ਦੇ ਦੋਸ਼ਾਂ ਤਹਿਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸ੍ਰੀ ਬੈਂਸ ਵੱਲੋਂ ਸਪੀਕਰ ਨੂੰ ਡੀਸੀ ਦੀ ਕੀਤੀ ਸ਼ਿਕਾਇਤ ਵਿਚ ਵਰਨਣ ਕੀਤਾ ਹੈ ਕਿ ਜਦੋਂ ਉਹ ਬਟਾਲਾ ਵਿਚ ਪਟਾਕਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਦੇ ਪੀੜਤਾਂ ਨੂੰ ਮਿਲਣ ਗਏ ਸਨ ਤਾਂ ਹਸਪਤਾਲ ਵਿਚ ਹੀ ਇਕ ਪਰਿਵਾਰ ਵਿਰਲਾਪ ਕਰ ਰਿਹਾ ਸੀ ਕਿ ਉਨ੍ਹਾਂ ਦਾ ਪਰਿਵਾਰਕ ਮੈਂਬਰ ਸਤਨਾਮ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ, ਪਰ ਉਸ ਦੀ ਲਾਸ਼ ਨਹੀਂ ਮਿਲ ਰਹੀ। ਇਸ ਪਰਿਵਾਰ ਨੇ ਦੱਸਿਆ ਸੀ ਕਿ ਕੋਈ ਅਫ਼ਸਰ ਵੀ ਇਸ ਬਾਰੇ ਜਾਣਕਾਰੀ ਨਹੀਂ ਦੇ ਰਿਹਾ। ਸ੍ਰੀ ਬੈਂਸ ਨੇ ਸਪੀਕਰ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਡੀਸੀ ਹਸਪਤਾਲ ਦੇ ਹੀ ਇਕ ਕਮਰੇ ਵਿਚ ਬੈਠੇ ਹਨ। ਸ੍ਰੀ ਬੈਂਸ ਅਨੁਸਾਰ ਜਦੋਂ ਪੀੜਤ ਪਰਿਵਾਰ ਨਾਲ ਕਮਰੇ ਵਿਚ ਵੜੇ ਤਾਂ ਡੀਸੀ ਹੋਰ ਅਧਿਕਾਰੀਆਂ ਨਾਲ ਫਲ ਵਗੈਰਾ ਖਾ ਰਹੇ ਸਨ। ਸ੍ਰੀ ਬੈਂਸ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਡੀਸੀ ਨੇ ਉਨ੍ਹਾਂ ਨੂੰ ਕਮਰੇ ਵਿਚ ਦੇਖਦਿਆਂ ਹੀ ਰੋਹ ਵਿਚ ਆ ਕੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਅੰਦਰ ਕਿਸ ਨੇ ਆਉਣ ਦਿੱਤਾ ਹੈ। ਡੀਸੀ ਨੇ ਉਨ੍ਹਾਂ ਨੂੰ ਕਮਰੇ ਵਿਚੋਂ ਬਾਹਰ ਜਾਣ ਲਈ ਕਿਹਾ। ਸ੍ਰੀ ਬੈਂਸ ਅਨੁਸਾਰ ਉਨ੍ਹਾਂ ਨੂੰ ਡੀਸੀ ਦਾ ਇਹ ਜ਼ਲੀਲ ਕਰਨਾ ਵਾਲਾ ਵਤੀਰਾ ਦੇਖ ਕੇ ਬੜੀ ਹੈਰਾਨੀ ਹੋਈ ਕਿ ਡੀਸੀ ਨੇ ਇਸ ਮਾਹੌਲ ਵਿਚ ਵੀ ਵਿਧਾਇਕ ਤੇ ਪੀੜਤ ਪਰਿਵਾਰ ਨੂੰ ਜ਼ਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸ੍ਰੀ ਬੈਂਸ ਨੇ ਕਿਹਾ ਕਿ ਫਿਰ ਉਨ੍ਹਾਂ ਨੂੰ ਮਜਬੂਰੀਵੱਸ ਕਹਿਣਾ ਪਿਆ ਕਿ ਡੀਸੀ ਸਾਹਿਬ ਇਹ ਕਮਰਾ ਸਰਕਾਰ ਦਾ ਹੈ, ਕਿਸੇ ਦੇ ਬਾਪ ਦਾ ਨਹੀਂ ਹੈ।

ਸ੍ਰੀ ਬੈਂਸ ਨੇ ਸਪੀਕਰ ਨੂੰ ਕਿਹਾ ਕਿ ਡੀਸੀ ਨੇ ਉਲਟਾ ਉਸ ਸਣੇ 20 ਜਣਿਆਂ ਵਿਰੁੱਧ ਝੂਠੀ ਐਫਆਰਆਈ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਸੀ ਨੇ ਅਜਿਹਾ ਕਰ ਕੇ ਚੁਣੇ ਹੋਏ ਨੁਮਾਇੰਦੇ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਹੈ, ਜਿਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਮੀਡੀਆ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਉਸ ਵਿਰੁੱਧ ਕੇਸ ਦਰਜ ਕਰਵਾ ਕੇ ਜੋ ਚੁਣੌਤੀ ਦਿੱਤੀ ਹੈ, ਉਹ ਉਸ ਦਾ ਡਟਵਾਂ ਜਵਾਬ ਦੇਣਗੇ। ਕੈਪਟਨ ਤੇ ਉਨ੍ਹਾਂ ਦੇ ਜਵਾਈ ਵਿਰੁੱਧ ਠੱਪ ਪਏ ਕੇਸਾਂ ਨੂੰ ਖੁਲ੍ਹਵਾਉਣ ਲਈ ਉਹ ਸਿੱਟੇ ਤਕ ਪੁੱਜਣ ਤਕ ਕਾਨੂੰਨੀ ਲੜਾਈ ਲੜਣਗੇ। ਸ੍ਰੀ ਬੈਂਸ ਨੇ ਕਿਹਾ ਕਿ ਉਸ ਨੂੰ ਕੈਪਟਨ ਦੀਆਂ ਜੇਲ੍ਹਾਂ ਤੇ ਹਵਾਲਾਤਾਂ ਦਾ ਕੋਈ ਡਰ ਨਹੀਂ ਹੈ।

No Comment posted
Name*
Email(Will not be published)*
Website