Your Advertisement
ਬੁੱਧੀਜੀਵੀਆਂ ਦੇ ਵਫ਼ਦ ਨੂੰ ਕਸ਼ਮੀਰ ਜਾਣ ਤੋਂ ਰੋਕਿਆ
aਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਨਾਲ ਜੁੜੇ ਬੁੱਧੀਜੀਵੀਆਂ ਦੇ 12 ਮੈਂਬਰੀ ਵਫ਼ਦ ਨੇ ਅੱਜ ਕਸ਼ਮੀਰ ਵਾਦੀ ਵਿਚ ਜਾ ਕੇ ਉਥੋਂ ਦੇ ਲੋਕਾਂ ਦੀ ਸਾਰ ਲੈਣ ਲਈ ਹੰਭਲਾ ਮਾਰਿਆ ਪਰ ਇਸ ਵਫ਼ਦ ਨੂੰ ਮਾਧੋਪੁਰ ਹੈੱਡ ’ਤੇ ਪੰਜਾਬ ਪੁਲੀਸ ਵਲੋਂ ਰੋਕ ਦਿੱਤਾ ਗਿਆ ਅਤੇ ਜੰਮੂ ਕਸ਼ਮੀਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਆਗੂਆਂ ਦੀ ਪੁਲੀਸ ਨਾਲ ਤਕਰਾਰ ਵੀ ਹੋਈ ਅਤੇ ਰੋਸ ਵਿਖਾਵੇ ਤੇ ਨਾਅਰੇਬਾਜ਼ੀ ਮਗਰੋਂ ਉਹ ਪਰਤ ਆਏ। ਵਫ਼ਦ ਦੀ ਅਗਵਾਈ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਕਰ ਰਹੇ ਸਨ। ਉਨ੍ਹਾਂ ਨਾਲ ਬਲਵੰਤ ਸਿੰਘ ਖੇੜਾ, ਡਾ. ਪਿਆਰਾ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਡਾ. ਮੇਘਾ ਸਿੰਘ, ਖੁਸ਼ਹਾਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੋ. ਸ਼ਾਮ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ, ਕਰਨੈਲ ਸਿੰਘ, ਭਾਈ ਸਤਨਾਮ ਸਿੰਘ ਖੰਡਾ ਸ਼ਾਮਲ, ਖੁਸ਼ਹਾਲ ਸਿੰਘ ਸਨ।
ਵਫ਼ਦ ਅੱਜ ਸਵੇਰੇ ਅੰਮ੍ਰਿਤਸਰ ਤੋਂ ਸੜਕ ਰਸਤੇ ਜੰਮੂ ਕਸ਼ਮੀਰ ਜਾਣ ਵਾਸਤੇ ਰਵਾਨਾ ਹੋਇਆ ਸੀ ਪਰ ਉਨ੍ਹਾਂ ਨੂੰ ਲਖਨਪੁਰ ਬੈਰੀਅਰ ਤੋਂ ਪਹਿਲਾਂ ਹੀ ਮਾਧੋਪੁਰ ਹੈੱਡ ਵਿਖੇ ਰੋਕ ਲਿਆ ਗਿਆ। ਵਫ਼ਦ ਵਿਚ ਸ਼ਾਮਲ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿਚ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੁਲੀਸ ਬਲ ਤਾਇਨਾਤ ਸੀ। ਉਥੇ ਪਹੁੰਚਦਿਆਂ ਸਾਰ ਹੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਅਗਾਂਹ ਨਹੀਂ ਜਾਣ ਦਿੱਤਾ। ਰੋਸ ਵਜੋਂ ਵਫ਼ਦ ਨੇ ਮਾਧੋਪੁਰ ਹੈੱਡ ਵਿਖੇ ਦੋ ਘੰਟੇ ਲਈ ਧਰਨਾ ਦਿੱਤਾ ਅਤੇ ਪੰਜਾਬ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਗ੍ਰਿਫ਼ਤਾਰੀ ਲਈ ਵੀ ਆਪਣੇ ਆਪ ਨੂੰ ਪੇਸ਼ ਕੀਤਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ। ਮੀਡੀਆ ਨਾਲ ਗੱਲ ਕਰਦਿਆਂ ਡਾ. ਪਿਆਰਾ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਬਲਵੰਤ ਸਿੰਘ ਖੇੜਾ ਆਦਿ ਨੇ ਆਖਿਆ ਕਿ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਲੋਕ ਮੁਸ਼ਕਲ ਵਿਚ ਹਨ। ਧਾਰਾ 370 ਅਤੇ 35-ਏ ਖ਼ਤਮ ਕਰਨ ਮਗਰੋਂ ਵਾਦੀ ਵਿਚ ਰਹਿੰਦੇ ਲੋਕਾਂ ਨੂੰ ਘਰਾਂ ਵਿਚ ਬੰਦ ਕਰ ਦਿੱਤਾ ਗਿਆ ਹੈ, ਸੰਚਾਰ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਦੀਆਂ ਵਸਤਾਂ ਅਤੇ ਸੇਵਾਵਾਂ ਵੀ ਨਹੀਂ ਮਿਲ ਰਹੀਆਂ ਹਨ। ਬਿਮਾਰ ਲੋਕਾਂ ਨੂੰ ਇਲਾਜ ਦੀ ਸਹੂਲਤ ਵੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਸ਼ਮੀਰ ਵਾਦੀ ਵਿਚ ਇਕ ਗਰਭਵਤੀ ਔਰਤ ਦੀ ਹਸਪਤਾਲ ਵਿਚ ਹੋਈ ਮੌਤ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬੀ ਹੋਣ ਵਜੋਂ ਉਹ ਆਪਣੇ ਹਮਸਾਇਆਂ ਦੀ ਔਖੀ ਘੜੀ ਵਿਚ ਹਾਅ ਦਾ ਨਾਅਰਾ ਮਾਰਨ ਵਾਸਤੇ ਜੰਮੂ ਕਸ਼ਮੀਰ ਜਾ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜਬਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਅਜਿਹਾ ਪੰਜਾਬੀਆਂ ਨਾਲ ਪਹਿਲਾਂ ਹੋ ਚੁੱਕਾ ਹੈ, ਇਸ ਲਈ ਉਹ ਕਸ਼ਮੀਰੀਆਂ ਦੀ ਪੀੜ ਨੂੰ ਭਲੀ-ਭਾਂਤ ਮਹਿਸੂਸ ਕਰ ਸਕਦੇ ਹਨ।
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਵਲੋਂ ਮਤਾ ਪਾਸ ਕਰਕੇ ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35-ਏ ਦੀ ਬਹਾਲੀ, ਸਿਆਸੀ ਕੈਦੀਆਂ ਨੂੰ ਰਿਹਾਅ ਕਰਨ, ਸੁਰੱਖਿਆ ਦਸਤਿਆਂ ਨੂੰ ਵਾਪਸ ਸੱਦਣ, ਕੇਂਦਰ ਵਲੋਂ ਸਾਰੀਆਂ ਧਿਰਾਂ ਨਾਲ ਵਾਰਤਾ ਸ਼ੁਰੂ ਕਰਨ, ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਸਿਆਸੀ ਅਹੁਦਿਆਂ ਤੋਂ ਹਟਾਉਣ, ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ।
No Comment posted
Name*
Email(Will not be published)*
Website