Your Advertisement
ਪੰਜਾਬ ਕਾਂਗਰਸ ਦੇ ਕਈ ਆਗੂ ਭਾਜਪਾ ਚ ਆਉਣ ਲਈ ਕਾਹਲੇ: ਮਲਿਕ

ਜੈ ਪ੍ਰਕਾਸ਼ ਨੱਢਾ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਣਨ ਉਪਰੰਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦੌਰੇ ਦੀ ਸ਼ੁਰੂਆਤ ਖਾਲਸਾ ਪੰਥ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ।

ਦੂਜੇ ਪਾਸੇ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਕਾਂਗਰਸ ਦੇ ਬੁਹਗਿਣਤੀ ਆਗੂ ਭਾਜਪਾ ’ਚ ਆਉਣ ਲਈ ਕਾਹਲੇ ਹਨ। ਸ੍ਰੀ ਨੱਢਾ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ। ਇਸ ਮੌਕੇ ਨੱਢਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰ ਕੇ ਕੁਰਬਾਨੀਆਂ ਕੀਤੀਆਂ ਜਿਸ ਕਰਕੇ ਉਹ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ।

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗਠਜੋੜ ਰਹੇਗਾ ਜਾਂ ਨਹੀਂ ਉਹ ਉਸ ਬਾਰੇ ਅੱਜ ਕੋਈ ਉੱਤਰ ਨਹੀਂ ਦੇਣਗੇ। ਸਥਾਨਕ ਪਾਵਰਕੌਮ ਵਿਸ਼ਰਾਮ ਘਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਡੀ ਗਿਣਤੀ ਆਗੂ ਅੱਜ ਭਾਜਪਾ ਵਿੱਚ ਆਉਣ ਲਈ ਕਾਹਲੇ ਹੀ ਨਹੀਂ ਹਨ ਬਲਕਿ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ 2022 ਆਉਂਦੇ-ਆਉਂਦੇ ਡੁੱਬਦੇ ਜਹਾਜ਼ ਨੂੰ ਸਾਰੇ ਹੀ ਛੱਡ ਜਾਣਗੇ।

ਅਕਾਲੀ-ਭਾਜਪਾ ਦੇ ਰਿਸ਼ਤਿਆਂ ਦਰਮਿਆਨ ਆਈ ਖਟਾਸ ਬਾਰੇ ਹੋ ਰਹੀ ਬਿਆਨਬਾਜ਼ੀ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਸਬੰਧ ਸੁਖਾਵੇਂ ਹਨ। ਉਨ੍ਹਾਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੌਰਾਨ ਚਾਰੇ ਸੀਟਾਂ ਜਿੱਤਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਕੋਈ ਏਜੰਡਾ ਨਹੀਂ ਹੈ ਜਿਸ ਕਰਕੇ ਉਹ ਕੋਝੇ ਹਥਕੰਡੇ ਅਪਣਾ ਰਹੀ ਹੈ।

No Comment posted
Name*
Email(Will not be published)*
Website