Your Advertisement
ਦਿੱਲੀ ਹਿੰਸਾ: ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ

ਉੱਤਰ-ਪੂਰਬੀ ਦਿੱਲੀ ਵਿੱਚ ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚ 48 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਅੱਜ ਵੀ ਦੰਗਾਕਾਰੀਆਂ ਨੂੰ ਡੱਕਣ ਵਿੱਚ ਨਾਕਾਮ ਰਹੀ। ਦੰਗਾਕਾਰੀਆਂ ਨੇ ਦੁਕਾਨਾਂ ਲੁੱਟੀਆਂ ਤੇ ਮਗਰੋਂ ਇਨ੍ਹਾਂ ਨੂੰ ਅੱਗ ਲਾ ਦਿੱਤੀ। ਦਿੱਲੀ ਪੁਲੀਸ ਨੇ ਦੇਰ ਰਾਤ ਉੱਤਰ ਪੂਰਬੀ ਦਿੱਲੀ ਦੇ ਚਾਰ ਖੇਤਰਾਂ- ਭਜਨਪੁਰਾ, ਮੌਜਪੁਰ, ਖੁਰੇਜੀ ਖ਼ਾਸ ਤੇ ਚਾਂਦ ਬਾਗ਼ ਵਿੱਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ, ਗ੍ਰਹਿ ਮੰਤਰਾਲਾ ਵੱਲੋਂ 1985 ਬੈਚ ਦੇ ਆਈਪੀਐੱਸ ਅਧਿਕਾਰੀ ਐੱਸ.ਐੱਨ.ਸ੍ਰੀਵਾਸਤਵਾ ਨੂੰ ਦਿੱਲੀ ਦਾ ਵਿਸ਼ੇਸ਼ ਕਮਿਸ਼ਨਰ (ਅਮਨ ਤੇ ਕਾਨੂੰਨ) ਲਾਏ ਜਾਣ ਤੋਂ ਫੌਰੀ ਮਗਰੋਂ ਕੀਤੇ ਗਏ ਹਨ। ਇਸ ਦੌਰਾਨ ਐਨਐਸਏ ਅਜੀਤ ਡੋਵਾਲ ਨੇ ਰਾਤ 11:15 ਵਜੇ ਸੀਲਮਪੁਰ ’ਚ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਤੇ ਡੀਸੀਪੀ (ਉੱਤਰੀ ਪੂਰਬੀ) ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਧਰ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਸ਼ਨਿੱਚਰਵਾਰ ਰਾਤ ਤੋਂ ਸ਼ਾਹੀਨ ਬਾ਼ਗ਼ ਦੀ ਤਰਜ਼ ’ਤੇ ਧਰਨਾ ਲਾਈ ਬੈਠੀਆਂ 500 ਦੇ ਕਰੀਬ ਧਰਨਾਕਾਰੀ ਔਰਤਾਂ ਨੇ ਧਰਨਾ ਚੁੱਕ ਦਿੱਤਾ ਹੈ। ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ‘50 ਫ਼ੀਸਦ ਤੋਂ ਵੱਧ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ
ਉੱਤਰ-ਪੂਰਬੀ ਦਿੱਲੀ ਵਿਚ ਅੱਜ ਵੀ ਹਿੰਸਾ ਹੋਈ ਤੇ ਸਾੜ-ਫੂਕ ਕਾਰਨ ਕਈ ਥਾਂ ਆਸਮਾਨ ਗੂੜੇ ਧੂੰਏਂ ਦਾ ਗੁਬਾਰ ਚੜ੍ਹਿਆ ਰਿਹਾ। ਭੀੜਾਂ ਬਿਨਾਂ ਰੋਕ-ਟੋਕ ਗਲੀਆਂ ਵਿੱਚ ਘੁੰਮਦੀਆਂ ਰਹੀਆਂ, ਪੱਥਰਬਾਜ਼ੀ ਹੋਈ, ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਸਥਾਨਕ ਲੋਕਾਂ ਨੂੰ ਧਮਕਾਇਆ ਗਿਆ। ਦੰਗਾਕਾਰੀਆਂ ਨੇ ਗੋਕੁਲਪੁਰੀ ਵਿਚ ਦੋ ਫਾਇਰ ਟੈਂਡਰਾਂ ਨੂੰ ਅੱਗ ਲਾ ਦਿੱਤੀ। ਮੌਜਪੁਰ ਦੇ ਬਿਲਕੁਲ ਵਿਚਾਲੇ ਭੀੜ ਨੇ ਅੱਗ ਲਾਉਣ ਦੇ ਨਾਅਰੇ ਲਾ-ਲਾ ਕੇ ਇਕ ਮੋਟਰਸਾਈਕਲ ਫੂਕ ਦਿੱਤਾ। ਉੱਤਰ-ਪੂਰਬੀ ਦਿੱਲੀ ਦੇ ਬਹੁਤੇ ਇਲਾਕਿਆਂ ਦੀਆਂ ਗਲੀਆਂ ਪੱਥਰਾਂ, ਇੱਟਾਂ ਤੇ ਸੜੇ ਟਾਇਰਾਂ ਨਾਲ ਭਰੀਆਂ ਪਈਆਂ ਹਨ ਜੋ ਹਿੰਸਾ ਤੇ ਖ਼ੂਨ-ਖ਼ਰਾਬੇ ਨੂੰ ਬਿਨਾਂ ਕੁਝ ਕਹੇ ਬਿਆਨ ਕਰ ਰਹੀਆਂ ਹਨ। ਜ਼ਖ਼ਮੀਆਂ ਵਿਚ 48 ਤੋਂ ਵੱਧ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਕੌਮੀ ਰਾਜਧਾਨੀ ਨੇ ਅਜਿਹਾ ਦ੍ਰਿਸ਼ ਦਹਾਕਿਆਂ ਤੋਂ ਨਹੀਂ ਦੇਖਿਆ, ਗੁੱਸੇ ਨਾਲ ਭਰੇ-ਪੀਤੇ ਸਮੂਹ ਡਾਂਗਾਂ, ਪੱਥਰਾਂ ਤੇ ਰਾਡਾਂ ਨਾਲ ਮੌਜਪੁਰ ਦੀਆਂ ਸੜਕਾਂ ’ਤੇ ਲੋਕਾਂ ਨੂੰ ਕੁੱਟ ਰਹੇ ਹਨ। ਈ-ਰਿਕਸ਼ਾ ਤੇ ਹੋਰ ਵਾਹਨਾਂ ’ਤੇ ਵੀ ਉਹ ਆਪਣਾ ਗੁੱਸਾ ਕੱਢ ਰਹੇ ਹਨ। ਕਈ ਪੱਤਰਕਾਰਾਂ ਦੀ ਵੀ ਖਿੱਚ-ਧੂਹ ਕੀਤੀ ਗਈ ਹੈ ਤੇ ਵਾਪਸ ਜਾਣ ਲਈ ਕਿਹਾ ਗਿਆ ਹੈ। ਸਕੂਲ ਬੰਦ ਹਨ ਤੇ ਡਰੇ ਹੋਏ ਲੋਕ ਘਰਾਂ ਅੰਦਰ ਰਹਿਣ ਨੂੰ ਹੀ ਆਪਣਾ ਭਲਾ ਸਮਝ ਰਹੇ ਹਨ। ਗਲੀਆਂ ਵਿਚ ਘੁੰਮ ਰਹੀਆਂ ਭੀੜਾਂ ਦੇ ਚਿਹਰਿਆਂ ’ਤੇ ਪਾਬੰਦੀ ਦੇ ਹੁਕਮਾਂ ਦਾ ਵੀ ਕੋਈ ਭੈਅ ਨਜ਼ਰ ਨਹੀਂ ਆ ਰਿਹਾ। ਸੀਏਏ ਪੱਖੀ ਤੇ ਵਿਰੋਧੀਆਂ ਵਿਚਾਲੇ ਟਕਰਾਅ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਤੇ ਭਜਨਪੁਰਾ ਇਲਾਕੇ ਵਿਚ ਫੈਲਿਆ ਹੋਇਆ ਹੈ। ਚਾਂਦਬਾਗ ਤੇ ਮੌਜਪੁਰ ਇਲਾਕਿਆਂ ’ਚ ਮੰਗਲਵਾਰ ਨੂੰ ਵੀ ਹਿੰਸਾ ਹੋਈ। ਨੀਮ ਫ਼ੌਜੀ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਅੱਥਰੂ ਗੈਸ ਦੀ ਵੀ ਵਰਤੋਂ ਕੀਤੀ। ਮੌਜਪੁਰ ਵਿਚ ਭੀੜਾਂ ਦੀ ਗਿਣਤੀ ਤਾਇਨਾਤ ਸੁਰੱਖਿਆ ਕਰਮੀਆ ਨਾਲੋਂ ਕਿਤੇ ਵੱਧ ਹੈ। ਅੱਗ ਬੁਝਾਉਂਦਿਆਂ 3 ਫਾਇਰ ਕਰਮੀ ਵੀ ਫੱਟੜ ਹੋਏ ਹਨ। ਪਿਸਤੌਲ ਲਹਿਰਾਉਂਦੇ ਨਜ਼ਰ ਆਏ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਹਾਲੇ ਤੱਕ ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਹੈ। ਦਿੱਲੀ ਪੁਲੀਸ ਨੇ ਅੱਜ ਭਜਨਪੁਰਾ ਤੇ ਖੁਰੇਜੀ ਖਾਸ ਇਲਾਕੇ ’ਚ ਫਲੈਗ ਮਾਰਚ ਕੀਤਾ। ਭਜਨਪੁਰਾ ’ਚ ਅੱਜ ਇਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ ਤੇ ਇਨ੍ਹਾਂ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਫ਼ਾਇਦਾ ਨਹੀਂ ਹੋਵੇਗਾ। ਉਹ ਆਪਣੇ ਸਾਥੀ ਮੰਤਰੀਆਂ ਨਾਲ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਪੁੱਜੇ ਤੇ ਪ੍ਰਾਰਥਨਾ ਕੀਤੀ। ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤਿੰਦਰ ਜੈਨ ਨਾਲ ਜੀਟੀਬੀ ਹਸਪਤਾਲ ਵੀ ਗਏ ਤੇ ਜ਼ਖ਼ਮੀਆਂ ਨੂੰ ਮਿਲੇ। ਸਿਸੋਦੀਆ ਨੇ ਕਿਹਾ ਕਿ ਜਾਪਦਾ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਦੰਗਾਕਾਰੀ ਦਿੱਲੀ ਦੇ ਨਹੀਂ ਹਨ। ਕੇਜਰੀਵਾਲ ਵੱਲੋਂ ਹਿੰਸਾਗ੍ਰਸਤ ਇਲਾਕਿਆਂ ਦੇ ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਗਈ। ਉਨ੍ਹਾਂ ਮੈਜਿਸਟਰੇਟਾਂ ਨੂੰ ਸ਼ਾਂਤੀ ਮਾਰਚ ਕੱਢਣ ਤੇ ਸ਼ਾਂਤੀ ਬੈਠਕਾਂ ਕਰਨ ਲਈ ਕਿਹਾ ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਣ। ਉਨ੍ਹਾਂ ਪੁਲੀਸ ਦੀ ਹੋਰ ਤਾਇਨਾਤੀ ਤੇ ਦਿੱਲੀ ਦੀਆਂ ਹੱਦਾਂ ਬੰਦ ਕਰਨ ਦੀ ਮੰਗ ਕੀਤੀ। ਦਿੱਲੀ ਹਾਈ ਕੋਰਟ ਨੇ ਹਿੰਸਾ ਦੇ ਮੱਦੇਨਜ਼ਰ ਸੀਬੀਐੱਸਈ ਨੂੰ ਪ੍ਰਭਾਵਿਤ ਇਲਾਕਿਆਂ ’ਚ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਜਾਂ ਪ੍ਰੀਖਿਆ ਕੇਂਦਰ ਤਬਦੀਲ ਕਰਨ ਬਾਰੇ ਜਲਦੀ ਫ਼ੈਸਲਾ ਲੈਣ ਲਈ ਕਿਹਾ ਹੈ

No Comment posted
Name*
Email(Will not be published)*
Website