Your Advertisement
ਕਰੋਨਾ: ਪੰਜਾਬ ਮੁਕੰਮਲ ਬੰਦ; ਭਾਰਤ ਬੰਦ ਦੀ ਤਿਆਰੀ

* ਨਵਾਂ ਸ਼ਹਿਰ ’ਚ ਸਭ ਤੋਂ ਵੱਧ 14 ਮਾਮਲੇ
* ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵੀ ਜ਼ਰੂਰੀ ਸੇਵਾਵਾਂ ’ਚ ਸ਼ਾਮਲ
* ਪੂਰੇ ਸੂਬੇ ’ਚ ਧਾਰਾ 144
* ਡੀਜੀਪੀ ਨੂੰ ਵਾਧੂ ਫੋਰਸ ਤਾਇਨਾਤ ਕਰਨ ਦੇ ਹੁਕਮ
* ਪਾਬੰਦੀਆਂ ਦੀ ਮਿਆਦ ਅਪਰੈਲ ਤੱਕ ਵਧਣ ਦੇ ਆਸਾਰ
* ਕੈਪਟਨ ਵੱਲੋਂ ਸਨਅਤਕਾਰਾਂ ਨੂੰ ਕਾਮਿਆਂ ਦੀ ਤਨਖਾਹ ਨਾ ਕੱਟਣ ਦੀ ਅਪੀਲ

ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ‘ਕਰੋਨਾਵਾਇਰਸ’ (ਕੋਵਿਡ-19) ਦੇ ਖ਼ਤਰੇ ਨੂੰ ਦੇਖਦਿਆਂ ਸਮੁੱਚੇ ਸੂਬੇ ਵਿੱਚ ਕਾਰੋਬਾਰ, ਬਾਜ਼ਾਰ ਅਤੇ ਜਨਤਕ ਖੇਤਰ ਦੀ ਟਰਾਂਸਪੋਰਟ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪੂਰੇ ਸੂਬੇ ਵਿਚ ਧਾਰਾ 144 ਲਾ ਦਿੱਤੀ ਗਈ ਹੈ ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਰੋਕ ਲਾ ਦਿੱਤੀ ਗਈ ਹੈ। ਡੀਜੀਪੀ ਨੂੰ ਵਾਧੂ ਪੁਲੀਸ ਫੋਰਸ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਮੈਡੀਕਲ ਸਟੋਰ, ਹਸਪਤਾਲ, ਰਾਸ਼ਨ, ਸਬਜ਼ੀਆਂ, ਫ਼ਲ ਆਦਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ (ਡਿਜੀਟਲ ਮੀਡੀਆ) ਨੂੰ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ 31 ਮਾਰਚ ਤੋਂ ਬਾਅਦ ਸਥਿਤੀ ਦੀ ਸਮੀਖ਼ਿਆ ਕਰਕੇ ਬੰਦ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦੀ ਮਿਆਦ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ। ਕਰੋਨਾਵਾਇਰਸ ਦਾ ਸੂਬੇ ਵਿੱਚ ਪਸਾਰਾ ਵਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਅੱਜ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 5 ਮਾਮਲੇ ਸਿਰਫ਼ ਨਵਾਂਸ਼ਹਿਰ ਜ਼ਿਲ੍ਹੇ ਨਾਲ ਹੀ ਸਬੰਧਤ ਹਨ। ਦੁਆਬੇ ਦੇ ਇਸ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 14 ਹੈ। ਪਠਵਾਲਾ ਦੇ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਇਸ ਪਿੰਡ ਵਿੱਚ ਹੀ 10 ਦੇ ਕਰੀਬ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਇੱਕ, ਹੁਸ਼ਿਆਰਪੁਰ ਜ਼ਿਲ੍ਹੇ ਦੇ 2 ਅਤੇ ਮੁਹਾਲੀ ਜ਼ਿਲ੍ਹੇ ਦੇ 4 ਅਤੇ ਜਲੰਧਰ ਦੇ ਇੱਕ ਵਿਅਕਤੀਆਂ ਸਮੇਤ ਕੁੱਲ 21 ਜਣੇ ਇਸ ਸਮੇਂ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖ਼ਤਰਨਾਕ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਸਕਦੀ ਹੈ। ਵਿਭਾਗ ਨੂੰ 22 ਵਿਅਕਤੀਆਂ ਦੇ ਲਏ ਗਏ ਨਮੂਨਿਆਂ ਦੇ ਨਤੀਜੇ ਦਾ ਇੰਤਜ਼ਾਰ ਹੈ। ਸਰਕਾਰ ਵੱਲੋਂ ਕੋਵਿਡ-19 ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਲਈ ਸ਼ਨਿਚਰਵਾਰ ਹੋਰ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਹੋਰ ਬਿਹਤਰ ਅੰਤਰ-ਵਿਭਾਗੀ ਤਾਲਮੇਲ ਬਣਾਇਆ ਜਾ ਸਕੇ। ਪੰਜਾਬ ਵਿੱਚ ਇਸ ਸਮੇਂ ਸ਼ੱਕੀ ਮਰੀਜ਼ਾਂ ਦੀ ਗਿਣਤੀ 55 ਹੈ ਜਦਕਿ 1155 ਵਿਅਕਤੀਆਂ ਨੂੰ ਘਰਾਂ ਅੰਦਰ ਹੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਸੋਮਵਾਰ ਤੋਂ ਗੈਰਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ, ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਐਸੋਸੀਏਸ਼ਨ ਆਦਿ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਦੁੱਧ, ਭੋਜਨ, ,ਦਵਾਈਆਂ ਆਦਿ ਸਬਜ਼ੀਆਂ ਅਤੇ ਫਲਾਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਆਟੇ ਦੀਆਂ ਮਿੱਲਾਂ, ਪਸ਼ੂਆਂ ਦੀ ਫੀਡ, ਫੂਡ ਪ੍ਰੋਸੈਸਿੰਗ, ਮੈਡੀਕਲ ਫਾਰਮਾ, ਆਦਿ ਸਮੇਤ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਵਿਚ ਲੱਗੇ ਫੈਕਟਰੀਆਂ ਮਜ਼ਦੂਰਾਂ ’ਤੇ ਇਹ ਸ਼ਰਤ ਜਬਰਨ ਲਾਗੂ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਾਰੋਬਾਰੀਆਂ ਦੀਆਂ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਕਾਰਜਸ਼ੀਲ ਬੰਦ ਕਰਨ ਦੀਆਂ ਵਿਧੀਆਂ ਲੱਭਣ ਲਈ ਰਾਬਤਾ ਕਰਨਗੇ ਅਤੇ ਉਨ੍ਹਾਂ ਨੂੰ ਤਨਖ਼ਾਹ ’ਚ ਕਟੌਤੀ ਕੀਤਿਆਂ ਲੇਬਰ ਦਾ ਮੁਆਵਜ਼ਾ ਦੇਣ ਲਈ ਰੂਪ-ਰੇਖਾ ਤਿਆਰ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਤਾਲਾਬੰਦੀ ਦੌਰਾਨ ਉਹ ਆਪਣੇ ਕਾਮਿਆਂ ਦੀ ਤਨਖਾਹਾਂ ਨਾ ਕੱਟਣ।
ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਾਜ਼ੇਟਿਵ ਮਾਮਲੇ ਜੋ ਕਿ ਵਿਦੇਸ਼ੀ ਯਾਤਰਾ ਨਾਲ ਜੁੜੇ ਹੋਏ ਹਨ ਜਾਂ ਵਿਦੇਸ਼ਾਂ ਤੋਂ ਆਏ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿਚ ਆਇਆਂ ਨਾਲ ਸਬੰਧਤ ਹਨ, ਉਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ‘ਗ੍ਰਹਿ ਕੁਆਰੰਟੀਨ’ (ਵਿਅਕਤੀ ਨੂੰ ਵੱਖ ਕਰ ਕੇ ਰੱਖਣਾ) ਦੀ ਜ਼ਰੂਰਤ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਜਿਸ ਨਾਲ ਕੋਵਿਡ-19 ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਟਲ, ਰੈਸਟੋਰੈਂਟ ਦੀ ਤੁਰੰਤ ਜਾਂਚ ਕਰਨ ਅਤੇ ਜਿੱਥੇ ਕਿਤੇ ਵੀ ਜ਼ਰੂਰੀ ਹੋਵੇ ਕੁਆਰੰਟੀਨ ਲਾਗੂ ਕਰਨ ਲਈ ਕਿਹਾ। ਸ਼ਨਿਚਰਵਾਰ ਸਵੇਰੇ ਤੋਂ ਜਨਤਕ ਆਵਾਜਾਈ ਪਹਿਲਾਂ ਹੀ ਬੰਦ ਹੋ ਚੁੱਕੀ ਹੈ ਜੋ ਅਗਲੇ ਹਫ਼ਤੇ ਵੀ ਅਗਲੇ ਆਦੇਸ਼ਾਂ ਤੱਕ ਬੰਦ ਰਹੇਗੀ। ਜਦਕਿ ਮਾਲ ਵਾਹਨਾਂ ’ਤੇ ਕੋਈ ਪਾਬੰਦੀ ਨਹੀਂ ਤੇ ਸਪਲਾਈ ਲਾਈਨਾਂ ਨੂੰ ਕਾਰਜਸ਼ੀਲ ਢੰਗ ਨਾਲ ਚਾਲੂ ਰੱਖਿਆ ਜਾਵੇਗਾ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਰੋਕ ਦਿੱਤੀ ਗਈ ਹੈ। ਮੁੱਖ ਸਕੱਤਰ ਨੇ ਪਰਿਵਾਰ ਦੇ ਮੈਂਬਰਾਂ ਨੂੰ ‘ਆਈਸੋਲੇਟ’ (ਵੱਖ ਕੀਤੇ ਗਏ) ਕੀਤੇ ਵਿਅਕਤੀ ਖ਼ਾਸਕਰ ਬਜ਼ੁਰਗਾਂ ਜਾਂ ਰੋਗ ਵਾਲੇ ਲੋਕਾਂ ਤੋਂ ਉਚਿਤ ਦੂਰੀ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਪੁਲੀਸ ਦੀ ਸਹਾਇਤਾ ਲਈ ਚੰਗੇ ਸਰੀਰ ਵਾਲੇ ਨੌਜਵਾਨਾਂ ਨੂੰ ਠੀਕਰੀ ਪਹਿਰਾ ਲਾਉੁਣ ਲਈ ਵੀ ਕਿਹਾ ਗਿਆ ਹੈ।
ਤਾਲਮੇਲ ਲਈ ਕੰਟਰੋਲ ਰੂਮ ਸਥਾਪਿਤ
ਚੰਡੀਗੜ੍ਹ (ਬਲਵਿੰਦਰ ਜੰਮੂ): ਪੰਜਾਬ ਭਰ ਵਿਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ ਪਰ ਪੰਜ ਦੀ ਬਜਾਏ 10 ਵਿਅਕਤੀਆਂ ’ਤੇ ਹੀ ਲਾਗੂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਅਤੇ ਸਥਿਤੀ ’ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹਿਆਂ ਅਤੇ ਸੂਬੇ ਵਿਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਕਰਫਿਊ ਲਾਗੂ ਨਹੀਂ ਕੀਤਾ ਗਿਆ ਪਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਬੰਦ ਦੌਰਾਨ ਪਾਬੰਦੀਆਂ ਜਾਰੀ ਰਹਿਣਗੀਆਂ। ਮੈਡੀਕਲ ਸਹੂਲਤਾਂ, ਪਾਣੀ, ਬਿਜਲੀ, ਮਿਊਂਸਿਪਲ ਸੇਵਾਵਾਂ. ਬੈਂਕ ਤੇ ਏਟੀਐਮਜ਼, ਮੀਡੀਆ, ਇੰਟਰਨੈੱਟ, ਖਾਣ-ਪੀਣ ਦੇ ਸਾਮਾਨ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਪੰਜਾਬ ਵਾਸੀਆਂ ਵੱਲੋਂ ਵੀ ਭਰਪੂਰ ਹੁੰਗਾਰਾ
ਚੰਡੀਗੜ੍ਹ: ਪੰਜਾਬ ਵਿੱਚ ਅੱਜ ‘ਜਨਤਾ ਕਰਫਿਊ’ ਨੂੰ ਲੋਕਾਂ ਨੇ ਮੁਕੰਮਲ ਸਮਰਥਨ ਦਿੱਤਾ। ਸਵੇਰ ਦਿਨ ਚੜ੍ਹਨ ਤੋਂ ਲੈ ਕੇ ਹੀ ਲੋਕਾਂ ਨੇ ਘਰਾਂ ਤੋਂ ਬਾਹਰ ਨਿੱਕਲਣ ਦਾ ਯਤਨ ਨਹੀਂ ਕੀਤਾ। ਸ਼ਹਿਰੀ ਖੇਤਰਾਂ ਵਿੱਚ ਇੱਕੋ ਦੁੱਕਾ ਥਾਵਾਂ ’ਤੇ ਲੋਕਾਂ ਨੇ ਜ਼ਰੂਰੀ ਕੰਮਾਂ ਲਈ ਬਾਹਰ ਆਏ। ਪੁਲੀਸ ਵੱਲੋਂ ‘ਜਨਤਾ ਕਰਫਿਊ’ ਨੂੰ ਸਫ਼ਲ ਬਨਾਉਣ ਲਈ ਭਾਵੇਂ ਸਖ਼ਤੀ ਨਹੀਂ ਸੀ ਕੀਤੀ ਗਈ ਪਰ ਸੜਕਾਂ ਚੱਲਣ ਵਾਲੇ ਰਾਹਗੀਰਾਂ ਨੂੰ ਪੁਲੀਸ ਮੁਲਾਜ਼ਮਾਂ ਦੇ ਸਵਾਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਪੰਜਾਬ ਵਾਸੀਆਂ ਨੇ ਪੂਰਾ ਸਮਰਥਨ ਦਿੱਤਾ। ਇੱਥੋਂ ਤੱਕ ਕਿ ਪਿੰਡਾਂ ਵਿੱਚ ਵੀ ਲੋਕੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਆਏ। ਇਸ ਜਨਤਾ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਖਾਸ ਕਰ ਮੈਡੀਕਲ ਸਟੋਰ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਪੰਜਾਬ ਸਰਕਾਰ ਵੱਲੋਂ ਵੀ ਪ੍ਰਧਾਨ ਮੰਤਰੀ ਦੀ ਅਪੀਲ ਦੇ ਮੱਦੇਨਜ਼ਰ ‘ਜਨਤਾ ਕਰਫਿਊ’ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ। ਸੜਕਾਂ ’ਤੇ ਆਮ ਵਾਹਨ ਵੀ ਦਿਖਾਈ ਨਹੀਂ ਦਿੱਤੇ ਤੇ ਸੰਨਾਟਾ ਛਾਇਆ ਹੋਇਆ ਸੀ।
ਸੂਬਾ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਸੂਚੀ ਜਾਰੀ
ਪੰਜਾਬ ਸਰਕਾਰ ਨੇ ਜ਼ਰੂਰੀ ਵਸਤੂਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਕਿ ਜ਼ਰੂਰੀ ਵਸਤੂਆਂ ਐਕਟ 1955 ਦੀਆਂ ਧਾਰਾਵਾਂ ਅਨੁਸਾਰ ਲਾਗੂ ਕੀਤੀ ਗਈ ਹੈ। ਜ਼ਰੂਰੀ ਚੀਜ਼ਾਂ ਵਿੱਚ ਮਾਸਕ ਅਤੇ ਸੈਨੇਟਾਈਜ਼ਰ ਸ਼ਾਮਲ ਹਨ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੁਝ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਐਲਾਨਿਆ ਗਿਆ ਹੈ। ਇਨ੍ਹਾਂ ਵਿਚ ਕਰਿਆਨੇ ਦੀ ਸਪਲਾਈ, ਪੀਣ ਵਾਲੇ ਪਦਾਰਥਾਂ ਦੀ ਸਪਲਾਈ, ਤਾਜ਼ੇ ਫ਼ਲਾਂ ਅਤੇ ਸਬਜ਼ੀਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਸ਼ਾਮਲ ਹੈ। ਚਾਰੇ ਦੀ ਸਪਲਾਈ, ਪ੍ਰੋਸੈਸਡ ਖਾਣ ਪੀਣ ਵਾਲੀਆਂ ਵਸਤਾਂ ਦੀ ਸਪਲਾਈ ਕਰਨ ਵਾਲੀਆਂ ਸਾਰੀਆਂ ਫੂਡ ਪ੍ਰੋਸੈਸਿੰਗ ਇਕਾਈਆਂ, ਨਾਮਜ਼ਦ ਪੈਟਰੋਲ/ਡੀਜ਼ਲ/ਸੀਐਨਜੀ ਪੰਪਾਂ/ਡਿਸਪੈਂਸਿੰਗ ਯੂਨਿਟਾਂ ’ਤੇ ਪੈਟਰੋਲ, ਡੀਜ਼ਲ, ਸੀ.ਐਨ.ਜੀ ਦੀ ਵੰਡ, ਝੋਨੇ, ਦੁੱਧ ਪਲਾਂਟ, ਡੇਅਰੀ ਯੂਨਿਟ, ਚਾਰੇ ਵਾਲੀਆਂ ਥਾਵਾਂ ਅਤੇ ਪਸ਼ੂਆਂ ਦੇ ਵਾੜੇ, ਚੌਲ ਸ਼ੈਲਰ ਸ਼ਾਮਲ ਹਨ। ਇਸ ਦੇ ਨਾਲ ਹੀ ਐਲਪੀਜੀ (ਘਰੇਲੂ ਅਤੇ ਵਪਾਰਕ), ਮੈਡੀਕਲ ਸਟੋਰ ਤੋਂ ਲੋੜੀਂਦੀਆਂ ਦਵਾਈਆਂ ਦੀ ਸਪਲਾਈ, ਸਿਹਤ ਸੇਵਾਵਾਂ, ਮੈਡੀਕਲ ਅਤੇ ਸਿਹਤ ਦੇ ਉਪਕਰਨਾਂ ਦਾ ਨਿਰਮਾਣ, ਦੂਰਸੰਚਾਰ ਅਪਰੇਟਰ ਅਤੇ ਸੰਚਾਰ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੁਆਰਾ ਨਿਯੁਕਤ ਕੀਤੀਆਂ ਗਈਆਂ ਏਜੰਸੀਆਂ, ਬੀਮਾ ਕੰਪਨੀਆਂ, ਬੈਂਕ ਅਤੇ ਏਟੀਐਮ, ਡਾਕਘਰ, ਗੋਦਾਮਾਂ ਵਿੱਚ ਪ੍ਰਾਪਤੀ ਲਈ ਕਣਕ ਅਤੇ ਚੌਲਾਂ ਦੀ ਲੋਡਿੰਗ ਅਤੇ ਅਨਲੋਡਿੰਗ ਅਤੇ/ਜਾਂ ਕੇਂਦਰੀ ਪੂਲ/ਡੀਸੀਪੀ /ਓਐਮਐਸਐਸ ਦੇ ਵਿਰੁੱਧ ਰਵਾਨਗੀ, ਅਨਾਜ, ਬਾਰਦਾਨੇ, ਪੀਪੀ ਬੈਗਾਂ ਦੀ ਖ਼ਰੀਦ ਅਤੇ ਸਟੋਰੇਜ ਲਈ ਲੋੜੀਂਦੀਆਂ ਵਸਤਾਂ/ਜ਼ਰੂਰੀ ਸੇਵਾਵਾਂ ਦੀ ਸਟੋਰੇਜ ਅਤੇ ਲੋੜੀਂਦੇ ਸਟਾਕ ਲਈ ਜ਼ਰੂਰੀ ਵਸਤਾਂ, ਕਰੇਟ, ਤਰਪਾਲਾਂ ਦੇ ਕਵਰ, ਜਾਲ, ਸਲਫਾਸ, ਕੀਟਨਾਸ਼ਕਾਂ, ਆਦਿ, ਕੰਬਾਈਨ ਹਾਰਵੈਸਟਰ ਦੀ ਵਰਤੋਂ ਕਣਕ ਦੀ ਕਟਾਈ ਲਈ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਖੇਤੀਬਾੜੀ ਦੇ ਸੰਦ ਬਣਾਉਣ ਵਾਲੀਆਂ ਇਕਾਈਆਂ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਹਨ।
‘ਇਕਾਂਤਵਾਸ’ ਸਬੰਧੀ ਸਖ਼ਤ ਹਦਾਇਤਾਂ
ਮੁੱਖ ਸਕੱਤਰ ਨੇ ਕਿਹਾ ਕਿ ਗੁਆਂਢੀਆਂ ਨੂੰ ਸੁਰੱਖਿਅਤ ਰੱਖਣ ਅਤੇ ਜਾਣਕਾਰੀ ਦੇਣ ਲਈ ‘ਇਕਾਂਤਵਾਸ’ ਵਿਅਕਤੀਆਂ ਦੇ ਘਰਾਂ ਦੇ ਬਾਹਰ ਸਟਿੱਕਰ ਚਿਪਕਾਇਆ ਜਾਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਲਾਜ਼ਮੀ ਕੁਆਰੰਟੀਨ ਤੋਂ ਪਹਿਲਾਂ ਆਏ ਲੋਕਾਂ ਨੂੰ ਸਿਹਤ ਟੀਮਾਂ ਨੂੰ ਹਰ ਰੋਜ਼ ਆਪਣੀ ਸਿਹਤ ਦੀ ਸਥਿਤੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਕੁਆਰੰਟੀਨ ਲਾਗੂ ਕਰਨਾ ਚਾਹੀਦਾ ਹੈ। ਕਰਨ ਅਵਤਾਰ ਸਿੰਘ ਨੇ ਕਿਹਾ ਕਿ ਸਾਰੇ ਕੇਸਾਂ ਜਿਵੇਂ ਕਿ ਗੁੰਮ ਹੋਏ ਕੇਸਾਂ ਸਮੇਤ ਸਾਰੀ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਰਪੰਚ/ਨੰਬਰਦਾਰ/ਵਾਰਡ ਕੌਂਸਲਰ/ ਚੌਕੀਦਾਰ ਆਦਿ ਦੁਆਰਾ ਅਜਿਹੇ ਯਾਤਰੀਆਂ ਬਾਰੇ ਨੇੜਲੇ ਥਾਣੇ/ਚੌਂਕੀ ਨੂੰ ਤੁਰੰਤ ਸੂਚਿਤ ਕਰਨਾ ਅਤੇ ਘਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜਾਣਕਾਰੀ ਨਾ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਨਵੀਂ ਦਿੱਲੀ -ਭਾਰਤ ਵਿੱਚ ਅੱਜ ਇੱਕੋ ਦਿਨ ਵਿੱਚ ਤਿੰਨ ਸੱਜਰੀਆਂ ਮੌਤਾਂ ਮਗਰੋਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਰਕਤ ਵਿੱਚ ਆਉਂਦਿਆਂ ਦੇਸ਼ ਭਰ ਦੇ ਉਨ੍ਹਾਂ 82 ਜ਼ਿਲ੍ਹਿਆਂ ਦੀ ਮੁਕੰਮਲ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਕਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਤਾਲਾਬੰਦੀ ਦਾ ਫ਼ੈਸਲਾ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਤੇ ਕੈਬਨਿਟ ਸਕੱਤਰ ਮੌਜੂਦ ਸਨ। ਜਿਹੜੇ ਜ਼ਿਲ੍ਹਿਆਂ ਵਿਚ ਤਾਲਾਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ ’ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਉਤਰਾਖੰਡ, ਹਰਿਆਣਾ, ਪੰਜਾਬ, ਕਰਨਾਟਕ, ਤਾਮਿਲ ਨਾਡੂ ਤੇ ਕੇਰਲਾ ਦੇ ਜ਼ਿਲ੍ਹੇ ਸ਼ਾਮਲ ਹਨ। ਕਈ ਰਾਜ ਸਰਕਾਰਾਂ ਇਸ ਬਾਰੇ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕੀਆਂ ਹਨ। ਸਥਿਤੀ ਦੇ ਜਾਇਜ਼ੇ ਮਗਰੋਂ ਰਾਜ ਸਰਕਾਰਾਂ ਤਾਲਾਬੰਦੀ ਦੀ ਸੂਚੀ ਵਿੱਚ ਹੋਰ ਜ਼ਿਲ੍ਹਿਆਂ ਨੂੰ ਵੀ ਸ਼ਾਮਲ ਕਰ ਸਕਦੀਆਂ ਹਨ। ਨਾਗਾਲੈਂਡ ਨੇ ਐਤਵਾਰ ਅੱਧੀ ਰਾਤ ਤੋਂ ਅਣਮਿੱਥੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਅੱਜ ਹੋਈਆਂ ਮੌਤਾਂ ਦੇ ਇਹ ਨਵੇਂ ਕੇਸ ਬਿਹਾਰ, ਗੁਜਰਾਤ ਤੇ ਮਹਾਰਾਸ਼ਟਰ ਤੋਂ ਰਿਪੋਰਟ ਹੋਏ ਹਨ। ਬਿਹਾਰ ਤੇ ਗੁਜਰਾਤ ਵਿੱਚ ਕਰੋਨਵਾਇਰਸ ਕਰਕੇ ਇਹ ਪਹਿਲੀ ਜਦੋਂਕਿ ਮਹਾਰਾਸ਼ਟਰ ਵਿੱਚ ਦੂਜੀ ਮੌਤ ਹੈ। ਇਸ ਦੌਰਾਨ ਆਈਸੀਐਮਆਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 81 ਸੱਜਰੇ ਕੇਸਾਂ ਨਾਲ ਕੋਵਿਡ-19 ਕੇਸਾਂ ਦੀ ਗਿਣਤੀ ਵਧ ਕੇ 396 ਹੋ ਗਈ ਹੈ। ਇਸ ਦੇ ਨਾਲ ਹੀ ਮੁਸਾਫ਼ਰ ਰੇਲਗੱਡੀਆਂ ਤੇ ਅੰਤਰਰਾਜੀ ਬੱਸ ਸੇਵਾਵਾਂ ਨੂੰ 31 ਮਾਰਚ ਤਕ ਬੰਦ ਕਰ ਦਿੱਤਾ ਹੈ। ਸਿਹਤ ਮੰਤਰਾਲੇ ਨੇ ਰਾਜਾਂ ਨੂੰ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਆਖ ਦਿੱਤਾ ਹੈ। ਪਟਨਾ ਦੇ ਏਮਜ਼ ਹਸਪਤਾਲ ਦੇ ਸੁਪਰਡੈਂਟ ਸੀ.ਐੱਮ.ਸਿੰਘ ਨੇ ਕਿਹਾ ਕਿ ਜਿਸ ਮਰੀਜ਼ ਦੀ ਮੌਤ ਹੋਈ ਹੈ, ਉਹ ਕਤਰ ਤੋਂ ਪਰਤਿਆ ਸੀ। 38 ਸਾਲਾ ਇਹ ਸ਼ਖ਼ਸ ਮੁੰਗੇਰ ਜ਼ਿਲ੍ਹੇ ਦਾ ਵਸਨੀਕ ਦੱਸਿਆ ਜਾਂਦਾ ਹੈ ਤੇ ਉਸ ਨੂੰ ਗੁਰਦੇ ਨਾਲ ਸਬੰਧਤ ਰੋਗ ਕਰਕੇ ਸ਼ੁੱਕਰਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਮੰਤਰਾਲੇ ਨੇ ਹਾਲਾਂਕਿ ਅਜੇ ਤਕ ਇਹ ਪੁਸ਼ਟੀ ਨਹੀਂ ਕੀਤੀ ਕਿ ਇਸ ਮੌਤ ਦਾ ਕਰੋਨਾਵਾਇਰਸ ਨਾਲ ਕੋਈ ਲਾਗਾ ਦੇਗਾ ਹੈ ਜਾਂ ਨਹੀਂ। ਉਧਰ ਮਹਾਰਾਸ਼ਟਰ ਵਿੱਚ ਕਰੋਨਾਵਾਇਰਸ ਕਰਕੇ ਫੌਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਦੋ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਮੁੰਬਈ ਦੇ ਐੱਚ.ਐੱਨ.ਰਿਲਾਇੰਸ ਹਸਪਤਾਲ ਵਿੱਚ ਦਾਖ਼ਲ 63 ਮਰੀਜ਼ ਦੀ ਮੌਤ ਹੋ ਗਈ। ਪੀੜਤ ਨੂੰ ਸ਼ਨਿੱਚਰਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਤੀਜੀ ਮੌਤ ਗੁਜਰਾਤ ਦੇ ਸੂਰਤ ਤੋਂ ਰਿਪੋਰਟ ਹੋਈ ਹੈ, ਜਿੱਥੇ 67 ਸਾਲਾ ਵਿਅਕਤੀ ਨੇ ਵਾਇਰਸ ਦੀ ਲਾਗ ਕਰਕੇ ਦਮ ਤੋੜ ਦਿੱਤਾ।
ਇਸ ਦੌਰਾਨ ਅੱਜ ਦੇਸ਼ ਭਰ ਵਿੱਚ ‘ਜਨਤਾ ਕਰਫਿਊ’ ਤਹਿਤ ਲੋਕ ਨੇ ਘਰਾਂ ਵਿੱਚ ਰਹਿ ਕੇ ਵਾਇਰਸ ਦੇ ਫੈਲਾਅ ਦੀ ਕੜੀ ਨੂੰ ਤੋੜਨ ਵਿੱਚ ਅਹਿਮ ਯੋਗਦਾਨ ਪਾਇਆ। ਆਈਸੀਐਮਆਰ ਨੇ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਨੋਵੇਲ ਕਰੋਨਵਾਇਰਸ ਦੀ ਗਿਣਤੀ ਵਧ ਕੇ 396 ਹੋ ਗਈ ਹੈ। ਇਨ੍ਹਾਂ ਵਿੱਚ ਸ਼ੱਕੀ ਮਰੀਜ਼ ਤੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲੇ ਵੀ ਸ਼ਾਮਲ ਹਨ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਕਿਹਾ ਕਿ 22 ਮਾਰਚ ਸਵੇਰੇ ਦਸ ਵਜੇ ਤਕ 16,109 ਵਿਅਕਤੀਆਂ ਦੇ ਸਾਰਸ-ਕੋਵ2 ਟੈਸਟ ਲਈ 16,999 ਨਮੂਨੇ ਲਏ ਜਾ ਚੁੱਕੇ ਹਨ। 396 ਦੇ ਅੰਕੜੇ ਵਿੱਚ 41 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਜਿਹੜੀਆਂ ਸੱਤ ਮੌਤਾਂ ਹੋਈਆਂ ਹਨ, ਉਹ ਦਿੱਲੀ, ਕਰਨਾਟਕ, ਪੰਜਾਬ ਤੇ ਮਹਾਰਾਸ਼ਟਰ (ਦੋ), ਬਿਹਾਰ ਤੇ ਗੁਜਰਾਤ ਤੋੋਂ ਰਿਪੋਰਟ ਹੋਈਆਂ ਹਨ। ਉਧਰ ਮੰਤਰਾਲੇ ਨੇ ਕਿਹਾ ਕਿ ਕੁੱਲ 360 ਕੇਸਾਂ ਵਿੱਚੋਂ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 329 ਹੈ ਜਦੋਂਕਿ 24 ਹੋਰਨਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ ਮੌਤਾਂ ਦੀ ਗਿਣਤੀ ਸੱਤ ਹੈ। ਉਧਰ ਅਸਾਮ ਵਿੱਚ ਸਾਢੇ ਚਾਰ ਸਾਲਾ ਬੱਚੀ ਜਿਸ ਨੂੰ ਪਹਿਲਾਂ ਸ਼ੁਰੂਆਤ ਵਿੱਚ ਪਾਜ਼ੇਟਿਵ ਪਾਇਆ ਗਿਆ ਸੀ, ਦਾ ਦੂਜਾ ਟੈਸਟ ਨੈਗੇਟਿਵ ਆਉਣ ਨਾਲ ਸੂਬੇ ਨੇ ਰਾਹਤ ਦਾ ਸਾਹ ਲਿਆ ਹੈ। ਸੂਬੇ ਦੇ ਸਿਹਤ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਰਿਪੋਰਟ ਦੀ ਕਾਪੀ ਟਵੀਟ ਨਾਲ ਨੱਥੀ ਕਰਦਿਆਂ ਕਿਹਾ, ‘ਚਾਰ ਸਾਲਾ ਬੱਚੀ ਦਾ ਜੋਰਹਾਟ ਮੈਡੀਕਲ ਕਾਲਜ ਤੇ ਆਰਐੱਮਆਰਸੀ ਡਿਬਰੂਗੜ੍ਹ ਵਿੱਚ ਕਰਵਾਇਆ ਦੂਜਾ ਟੈਸਟ ਨੈਗੇਟਿਵ ਆਇਆ ਹੈ। ਹੁਣ ਤਕ ਅਸਾਮ ਵਿੱਚ ਕੋਈ ਵੀ ਟੈਸਟ ਪਾਜ਼ੇਟਿਵ ਨਹੀਂ ਪਾਇਆ ਗਿਆ।’ ਉਧਰ ਪੱਛਮੀ ਬੰਗਾਲ ਸਰਕਾਰ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕੋਲਕਾਤਾ ਸਮੇਤ ਸੂਬੇ ਦੇ ਕਈ ਹੋਰ ਖੇਤਰ ਸੋਮਵਾਰ ਸ਼ਾਮ ਪੰਜ ਵਜੇ ਤੋਂ 27 ਮਾਰਚ ਤਕ ਬੰਦ ਰਹਿਣਗੇ। ਮਹਾਰਾਸ਼ਟਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 67 ਹੋ ਗਈ ਹੈ, ਜਿਨ੍ਹਾਂ ਵਿੱਚ ਤਿੰਨ ਵਿਦੇਸ਼ੀ ਵੀ ਸ਼ਾਮਲ ਹਨ। ਕੇਰਲਾ ਵਿੱਚ 52, ਦਿੱਲੀ ਵਿੱਚ 29, ਯੂਪੀ ਵਿੱਚ 27, ਤਿਲੰਗਾਨਾ ਵਿੱਚ 22, ਰਾਜਸਥਾਨ ਵਿੱਚ 24, ਹਰਿਆਣਾ ਵਿੱਚ 21, ਕਰਨਾਟਕ ਵਿੱਚ 26, ਪੰਜਾਬ ਵਿੱਚ 21, ਲੱਦਾਖ ਵਿੱਚ 13, ਗੁਜਰਾਤ 18, ਤਾਮਿਲ ਨਾਡੂ 7, ਚੰਡੀਗੜ੍ਹ ਤੇ ਆਂਧਰਾ ਪ੍ਰਦੇਸ਼ 5-5, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਪੱਛਮੀ ਬੰਗਾਲ ’ਚ ਚਾਰ ਚਾਰ ਕੇਸ ਰਿਪੋਰਟ ਹੋਏ ਹਨ। ਉੱਤਰਾਖੰਡ ਵਿੱਚ 3, ਬਿਹਾਰ, ਓੜੀਸਾ ਤੇ ਹਿਮਾਚਲ ਪ੍ਰਦੇਸ਼ ਵਿੱਚ ਦੋ ਦੋ ਕੇਸ ਹਨ। ਪੁੱਡੂਚੇਰੀ ਤੇ ਛੱਤੀਸਗੜ੍ਹ ਵਿੱਚ ਇਕ ਇਕ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਹਵਾਈ ਅੱਡਿਆਂ ’ਤੇ 15,17,327 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਗਈ ਹੈ।
ਆਈਸੀਐੱਮਆਰ ਨੇ ਕਿਹਾ ਕਿ ਉਸ ਨੇ ਨਮੂਨਿਆਂ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ, ਪਰ ਕੌਂਸਲ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਟੈਸਟਾਂ ਮੌਕੇ ਕੋਈ ਹਫ਼ੜਾ-ਦਫੜੀ ਨਹੀਂ ਮਚਾਈ ਜਾ ਰਹੀ ਤੇ ਸਾਰਾ ਕੰਮ ਪੂਰੇ ਵਿਵੇਕ ਨਾਲ ਹੋ ਰਿਹੈ। ਕੌਂਸਲ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਰਣਨੀਤੀ ਮੁਤਾਬਕ ਉਨ੍ਹਾਂ ਮਰੀਜ਼ਾਂ ਦੇ ਹੀ ਟੈਸਟ ਕੀਤੇ ਜਾਣਗੇ, ਜਿਨ੍ਹਾਂ ਵਿੱਚ ਲੱਛਣ ਨਜ਼ਰ ਆਉਣਗੇ। ਇਸ ਦੌਰਾਨ ਦਸ ਲੱਖ ਅਮਲੇ ਦੀ ਨਫ਼ਰੀ ਵਾਲੇ ਨੀਮ ਫੌਜੀ ਬਲਾਂ ਦੀ ਆਮਦੋਰਫ਼ਤ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ ਤੇ ਬਲਾਂ ਨੂੰ 5 ਅਪਰੈਲ ਤਕ ਆਪਣੇ ਮੌਜੂਦਾ ਟਿਕਾਣਿਆਂ ’ਤੇ ਬਣੇ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਗੰਭੀਰ ਸੰਕਟ ਨਾਲ ਸਾਹਮਣਾ, ਅੰਦਰ ਰਹੋ ਤੇ ਸਿਹਤਮੰਦ ਰਹੋ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਜਨਤਾ ਕਰਫ਼ਿਊ’ ਤੋਂ ਪਹਿਲਾਂ ਕਰੀਬ 30 ਮਿੰਟ ਲੋਕਾਂ ਨੂੰ ਸੰਬੋਧਨ ਕੀਤਾ। ਕਰਫ਼ਿਊ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ‘ਹੁਣ ਤੋਂ ਕੁਝ ਮਿੰਟਾਂ ਬਾਅਦ ਜਨਤਾ ਕਰਫ਼ਿਊ ਸ਼ੁਰੂ ਹੋਵੇਗਾ। ਆਓ ਅਸੀਂ ਸਾਰੇ ਇਸ ਦਾ ਹਿੱਸਾ ਬਣੀਏ। ਇਸ ਨਾਲ ਕੋਵਿਡ-19 ਨਾਲ ਲੜਨ ਦੀ ਸਮਰੱਥਾ ’ਚ ਵਾਧਾ ਹੋਵੇਗਾ।’ ਉਨ੍ਹਾਂ ਕਿਹਾ ਕਿ ‘ਹੁਣ ਚੁੱਕੇ ਜਾਣ ਵਾਲੇ ਕਦਮਾਂ ਨਾਲ ਭਵਿੱਖ ’ਚ ਇਸ ਸੰਕਟ ਨਾਲ ਨਜਿੱਠਣ ਵਿਚ ਆਸਾਨੀ ਹੋਵੇਗੀ। ਅੰਦਰ ਰਹੋ ਤੇ ਸਿਹਤਮੰਦ ਰਹੋ।’ ਉਨ੍ਹਾਂ ਲੋਕਾਂ ਨੂੰ ਅੰਦਰ ਰਹਿਣ ਤੇ ਜਿੰਨਾ ਹੋ ਸਕੇ ਘਰੋਂ ਹੀ ਕੰਮ ਕਰਨ ਲਈ ਕਿਹਾ। ਮੋਦੀ ਨੇ ਕਿਹਾ ਕਿ ਐਨਾ ਗੰਭੀਰ ਸੰਕਟ ਸੰਸਾਰ ਨੇ ਕਦੇ ਨਹੀ ਦੇਖਿਆ।
ਰੇਲ ਸੇਵਾ ਪੂਰੇ ਮੁਲਕ ’ਚ 31 ਮਾਰਚ ਤੱਕ ਬੰਦ
ਨਵੀਂ ਦਿੱਲੀ: ਰੇਲਵੇ ਨੇ ਵੱਡਾ ਕਦਮ ਚੁੱਕਦਿਆਂ ਆਪਣੀਆਂ ਸਾਰੀਆਂ 13,523 ਯਾਤਰੀ ਰੇਲਗੱਡੀਆਂ ਅੱਜ ਤੋਂ 31 ਮਾਰਚ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਸ ਦੌਰਾਨ ਸਿਰਫ਼ ਮਾਲ ਗੱਡੀਆਂ ਹੀ ਚੱਲਣਗੀਆਂ। ਇਸ ਗੱਲ ਦਾ ਵੱਡਾ ਭੈਅ ਹੈ ਕਿ ਜੇ ਕੋਈ ਕਰੋਨਾ ਪੀੜਤ ਯਾਤਰਾ ਕਰਦਾ ਹੈ ਤਾਂ ਬੀਮਾਰੀ ਨੂੰ ਵੱਡੇ ਪੱਧਰ ’ਤੇ ਫ਼ੈਲਾ ਸਕਦਾ ਹੈ। ਇਸ ਦੌਰਾਨ ਉਪ ਨਗਰੀ ਰੇਲ ਸੇਵਾ ਵੀ ਠੱਪ ਰਹੇਗੀ। ਰੇਲਵੇ ਨੇ ਸ਼ਨਿਚਰਵਾਰ ਨੂੰ ਤਿੰਨ ਘਟਨਾਵਾਂ ਰਿਪੋਰਟ ਕੀਤੀਆਂ ਹਨ। ਇਨ੍ਹਾਂ ’ਚ ਸ਼ਾਮਲ ਕਈ ਜਣਿਆਂ ਨੂੰ ਇਕਾਂਤ ਵਿਚ ਰਹਿਣ ਲਈ ਕਿਹਾ ਗਿਆ ਹੈ ਤੇ 12 ਜਣੇ ਪਾਜ਼ੇਟਿਵ ਪਾਏ ਗਏ ਹਨ। ਰੇਲਵੇ ਨੇ ਸ਼ੁੱਕਰਵਾਰ ਨੂੰ ਹੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਸਨ। ਮੰਤਰਾਲੇ ਮੁਤਾਬਕ 31 ਮਾਰਚ ਅੱਧੀ ਰਾਤ ਤੱਕ ਮਾਲ ਗੱਡੀ ਨੂੰ ਛੱਡ ਕੋਈ ਰੇਲਗੱਡੀ ਨਹੀਂ ਚੱਲੇਗੀ। ਫ਼ੈਸਲੇ ਵਿਚ ਕਿਹਾ ਗਿਆ ਹੈ ਕਿ 31 ਮਾਰਚ ਤੱਕ ਯਾਤਰੀ ਰੇਲਗੱਡੀਆਂ, ਪ੍ਰੀਮੀਅਮ ਗੱਡੀਆਂ, ਮੇਲ ਤੇ ਐਕਸਪ੍ਰੈੱਸ ਰੇਲਗੱਡੀਆਂ, ਉਪ ਨਗਰੀ ਗੱਡੀਆਂ, ਕੋਲਕਾਤਾ ਮੈਟਰੋ ਰੇਲ, ਕੌਂਕਣ ਰੇਲਵੇ ਨਹੀਂ ਚੱਲਣਗੀਆਂ। ਜਿਹੜੀਆਂ ਗੱਡੀਆਂ 22 ਮਾਰਚ ਨੂੰ ਸੁਵੱਖਤੇ ਚਾਰ ਵਜੇ ਨਿਕਲ ਚੁੱਕੀਆਂ ਹਨ, ਉਹ ਆਪਣੇ ਮਿੱਥੇ ਸਥਾਨ ’ਤੇ ਪਹੁੰਚਣਗੀਆਂ। ਇਨ੍ਹਾਂ ਗੱਡੀਆਂ ਦੇ ਮੁਸਾਫ਼ਰਾਂ ਲਈ ਯਾਤਰਾ ਦੌਰਾਨ ਤੇ ਸਟੇਸ਼ਨ ਉਤੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਯਾਤਰੀ ਬੁੱਕ ਕੀਤੀਆਂ ਟਿਕਟਾਂ ਲਈ 21 ਜੂਨ ਤੱਕ ਰਿਫੰਡ ਲੈ ਸਕਦੇ ਹਨ। ਸਾਰੇ ਰੇਲ ਅਜਾਇਬ ਘਰ ਤੇ ਵਿਰਾਸਤੀ ਗੈਲਰੀਆਂ ਵੀ 15 ਅਪਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਰੇਲਗੱਡੀਆਂ ’ਚ ਕੁਝ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ਨਾਲ ਸਥਿਤੀ ਖ਼ਤਰਨਾਕ ਬਣ ਗਈ ਹੈ।

No Comment posted
Name*
Email(Will not be published)*
Website