Your Advertisement
ਸ਼ਾਹੀਨ ਬਾਗ਼ ਨੇੜੇ ਬੈਰੀਕੇਡ ’ਤੇ ਪੈਟਰੋਲ ਬੰਬ ਸੁੱਟੇ

ਨਵੀਂ ਦਿੱਲੀ - ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ 15 ਦਸੰਬਰ ਤੋਂ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਲਗਾਤਾਰ ਚੱਲ ਰਹੇ ਧਰਨੇ ਨੇੜੇ ਪੈਟਰੋਲ ਬੰਬ ਸੁੱਟੇ ਗਏ, ਪਰ ਇਨ੍ਹਾਂ ਨਾਲ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਤੋਂ ਕੁਝ ਮੀਟਰ ਦੀ ਦੂਰੀ ’ਤੇ ਰੱਖੇ ਬੈਰੀਕੇਡਾਂ ’ਤੇ ਪੈਟਰੋਲ ਬੰਬ ਸੁੱਟੇ ਗਏ। ਹਾਲਾਂਕਿ ਖੇਤਰ ਦੇ ਵਧੀਕ ਡਿਪਟੀ ਕਮਿਸ਼ਨਰ (ਪੁਲੀਸ) ਕੁਮਾਰ ਗਿਆਨੇਸ਼ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਬੰਬ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕਰਨ ਲਈ ਨਹੀਂ ਸਨ। ਉਨ੍ਹਾਂ ਕਿਹਾ ਕਿ ਪੈਟਰੋਲ ਬੰਬ ਪ੍ਰਦਰਸ਼ਨਕਾਰੀਆਂ ਤੋਂ ਦੂਰ ਬੈਰੀਕੇਡਾਂ ’ਤੇ ਸੁੱਟਿਆ ਗਿਆ ਸੀ ਤੇ ਪੁਲੀਸ ਨੇ ਧਰਨੇ ਵਾਲੀ ਥਾਂ ਨੇੜਿਓਂ ਕੁਝ ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਬੈਰੀਕੇਡ ਨੇੜੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਦੇਖਿਆ ਗਿਆ ਹੈ ਤੇ ਤਫ਼ਸੀਲੀ ਜਾਂਚ ਲਈ ਸੀਸੀਟੀਵੀ ਫੁਟੇਜਾਂ ਦੀ ਘੋਖ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਕੀ ਬੋਤਲਾਂ ਵਿੱਚ ਕੱਚਾ ਤੇਲ ਸੀ ਜਾਂ ਉਥੇ ਕੁਝ ਹੋਰ ਰਸਾਇਣਾਂ ਦੀ ਵਰਤੋਂ ਕੀਤੀ ਗਈ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਜਲਣਸ਼ੀਲ ਚੀਜ਼ਾਂ ਵਾਲੀਆਂ ਬੋਤਲਾਂ ਸ਼ਾਹੀਨ ਬਾਗ਼ ਦੀਆਂ ਗਲੀਆਂ ਵਿੱਚੋਂ ਆਈਆਂ ਸਨ। ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਨੇੜੇ ਗੋਲੀ ਚਲਾਉਣ ਤੇ ਪਿਸਤੌਲ ਲਹਿਰਾਉਣ ਵਰਗੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ।
ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਦੌਰਾਨ ‘ਜਨਤਾ ਕਰਫਿਊ’ ਦਾ ਪਾਲਣ
ਨਵੀਂ ਦਿੱਲੀ: ਦੇਸ਼ ਭਰ ਵਿੱਚ ਦਿੱਤੇ ‘ਜਨਤਾ ਕਰਫਿਊ’ ਦੇ ਸੱਦੇ ਦਾ ਪਾਲਣ ਕਰਦੇ ਹੋਏ ਸ਼ਾਹੀਨ ਬਾਗ਼ ਦੀਆਂ ਪ੍ਰਦਰਸ਼ਨਕਾਰੀ ਔਰਤਾਂ ਨੇ ਅੱਜ ਧਰਨੇ ਵਾਲੀ ਥਾਂ ਰੱਖੇ ਤਖ਼ਤਪੋਸ਼ਾਂ ਉਪਰ ਆਪਣੀਆਂ ਚੱਪਲਾਂ ਧਰ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਇਹ ਔਰਤਾਂ 15 ਦਸੰਬਰ ਤੋਂ ਸੀਏਏ ਦੇ ਵਿਰੋਧ ’ਚ ਧਰਨਾ ਲਾਈ ਬੈਠੀਆਂ ਹਨ। ਚੇਤੇ ਰਹੇ ਕਿ ਲੰਘੇ ਦਿਨ ਸ਼ਾਹੀਨ ਬਾਗ਼ ਦੀਆਂ ਦਾਦੀਆਂ ਨੇ 22 ਮਾਰਚ ਦੇ ‘ਜਨਤਾ ਕਰਫ਼ਿਊ’ ਵਿੱਚ ਸ਼ਮੂਲੀਅਤ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਕਾਲੇ ਕਾਨੂੰਨ (ਸੀਏਏ) ਨੂੰ ਵਾਪਸ ਲਏ ਜਾਣ ਤਕ ਉਥੇ ਡਟੀਆਂ ਰਹਿਣਗੀਆਂ। ਪ੍ਰਦਰਸ਼ਨਕਾਰੀ ਔਰਤਾਂ ਕਰੋਨਾਵਾਇਰਸ ਦੀ ਪ੍ਰਵਾਹ ਕੀਤੇ ਬਿਨਾਂ ਧਰਨੇ ’ਤੇ ਬੈਠਣ ਲਈ ਬਜ਼ਿੱਦ ਹਨ, ਪਰ ਦਿੱਲੀ ਸਰਕਾਰ ਵੱਲੋਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਲਾਈ ਪਾਬੰਦੀ ਦੇ ਮੱਦੇਨਜ਼ਰ ਅੱਜ ਦਿਨ ਵੇਲੇ ਉੱਥੇ ਇਕੱਠ ਨਹੀਂ ਕੀਤਾ ਗਿਆ। ਧਰਨੇ ਵਾਲੀ ਥਾਂ ਗੱਤੇ ’ਤੇ ਲਿਖ ਕੇ ਨੋਟਿਸ ਲਾਇਆ ਗਿਆ ਕਿ ਰਾਤ 9 ਵਜੇ ਮਗਰੋਂ ਧਰਨਾ ਮੁੜ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀ ਮਹਿਲਾ ਹਿਨਾ ਨੇ ਕਿਹਾ ਕਿ ਐਲਾਨੇ ਨਿਯਮ ਦਾ ਪਾਲਣ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ। ਸੰਕੇਤਕ ਧਰਨੇ ਲਈ ਤਖ਼ਤਪੋਸ਼ਾਂ ’ਤੇ ਚੱਪਲਾਂ ਧਰੀਆਂ ਗਈਆਂ ਹਨ। ਇਹ ਤਖ਼ਤਪੋਸ਼ ਵੀ ਕਰੋਨਾ ਕਾਰਨ ਇਕ ਮੀਟਰ ਦੀ ਦੂਰੀ ਰੱਖਣ ਦੇ ਉਪਰਾਲੇ ਵਜੋਂ ਬੀਤੇ ਦਿਨਾਂ ਤੋਂ ਧਰੇ ਗਏ ਹਨ, ਜਿਨ੍ਹਾਂ ਉਪਰ ਦੋ-ਦੋ ਔਰਤਾਂ ਪ੍ਰਦਰਸ਼ਨ ਦੌਰਾਨ ਬੈਠ ਰਹੀਆਂ ਹਨ। ਧਰਨੇ ਉਪਰ ਇਕ ਵਿਅਕਤੀ ਨੂੰ 4 ਘੰਟੇ ਤਕ ਬੈਠਣ ਦੀ ਹੀ ਆਗਿਆ ਦਿੱਤੀ ਜਾ ਰਹੀ ਹੈ।

No Comment posted
Name*
Email(Will not be published)*
Website