Your Advertisement
ਕਰੋਨਾਵਾਇਰਸ: ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ ਢੁੱਕੀ

ਪੈਰਿਸ/ਤਹਿਰਾਨ/ਲੰਡਨ/ਰੋਮ - ਕਰੋਨਾਵਾਇਰਸ ਕਰਕੇ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ (16,961) ਢੁੱਕ ਗਈ ਹੈ। ਖ਼ਬਰ ਏਜੰਸੀ ਏਐੱਫਪੀ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ 175 ਮੁਲਕਾਂ ਤੇ ਰਿਆਸਤਾਂ ਵਿੱਚ ਹੁਣ ਤਕ ਕਰੋਨਾਵਾਇਰਸ 3,86,360 ਕੇਸ ਦਰਜ ਹੋ ਚੁੱਕੇ ਹਨ। ਬਹੁਤੇ ਮੁਲਕ ਹੁਣ ਨਮੂਨਿਆਂ ਦੇ ਹੀ ਟੈਸਟ ਕਰ ਰਹੇ ਹਨ, ਜਿੱਥੇ ਮਰੀਜ਼ ਦਾ ਹਸਪਤਾਲ ਵਿੱਚ ਦਾਖ਼ਲ ਹੋਣਾ ਲਾਜ਼ਮੀ ਹੈ। ਇਸ ਦੌਰਾਨ ਇਰਾਨ ਨੇ ਅੱਜ ਐਲਾਨ ਕੀਤਾ ਕਿ ਮੁਲਕ ਵਿੱਚ 122 ਨਵੀਆਂ ਮੌਤਾਂ ਨਾਲ ਕਰੋਨਾਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1934 ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਕਿਆਨੌਸ਼ ਜਹਾਂਪੌਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 1762 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਸ ਲਾਗ ਨਾਲ ਪੀੜਤ ਲੋਕਾਂ ਦੀ ਗਿਣਤੀ 24,811 ਹੋ ਗਈ ਹੈ।

ਮੌਤਾਂ ਦੀ ਗਿਣਤੀ ਪੱਖੋਂ ਇਟਲੀ, ਚੀਨ ਤੇ ਸਪੇਨ ਮਗਰੋਂ ਇਰਾਨ ਚੌਥਾ ਮੁਲਕ ਹੈ। ਸਰਕਾਰ ਵੱਲੋਂ ਘਰਾਂ ਵਿੱਚ ਰਹਿਣ ਦੀ ਅਪੀਲ ਦੇ ਬਾਵਜੂਦ ਅਜੇ ਵੀ ਵੱਡੀ ਗਿਣਤੀ ਲੋਕ ਸੜਕਾਂ ’ਤੇ ਵਿਚਰ ਰਹੇ ਹਨ। ਇਸ ਦੌਰਾਨ ਕਈ ਸਰਕਾਰੀ ਮੁਲਾਜ਼ਮਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਆਖ ਦਿੱਤਾ ਗਿਆ ਹੈ। ਸਪੇਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 514 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੌਤਾਂ ਦੀ ਕੁੱਲ ਗਿਣਤੀ 2696 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਕੇਸਾਂ ਦੀ ਗਿਣਤੀ 20 ਫੀਸਦ ਦੇ ਵਾਧੇ ਨਾਲ 39,673 ਹੋ ਗਈ ਹੈ।
ਮਿਆਂਮਾਰ ਵਿੱਚ ਸੋਮਵਾਰ ਦੇਰ ਰਾਤ ਨੂੰ ਨੋਵੇਲ ਕਰੋਨਾਵਾਇਰਸ ਦੇ ਦੋ ਪਲੇਠੇ ਕੇਸ ਸਾਹਮਣੇ ਆਏ ਹਨ। ਮਿਆਂਮਾਰ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੀੜਤਾਂ ਵਿੱਚੋਂ 36 ਸਾਲਾ ਤੇ 26 ਸਾਲਾ ਦੋ ਵਿਅਕਤੀ ਸ਼ਾਮਲ ਹਨ, ਜੋ ਕ੍ਰਮਵਾਰ ਅਮਰੀਕਾ ਤੇ ਬਰਤਾਨੀਆ ਤੋਂ ਪਰਤੇ ਹਨ। ਦੋਵਾਂ ਦੇ ਨਮੂਨੇ ਪਾਜ਼ੇਟਿਵ ਪਾਏ ਗਏ ਹਨ। ਉਧਰ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਐਲਾਨੀਆਂ ਤਿੰਨ ਹਫ਼ਤਿਆਂ ਦੀ ਸਖ਼ਤ ਪੇਸ਼ਬੰਦੀਆਂ ਦੇ ਬਾਵਜੂਦ ਮੁਲਕ ਦੀਆਂ ਜ਼ਮੀਨਦੋਜ਼ ਗੱਡੀਆਂ ਵਿੱਚ ਮੁਸਾਫ਼ਰਾਂ ਦਾ ਘੜਮੱਸ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਕੋਵਿਡ-19 ਕਰਕੇ ਮੁਲਕ ਵਿੱਚ ਮੌਤਾਂ ਦੀ ਗਿਣਤੀ ਵਧ ਕੇ 335 ਹੋ ਗਈ ਹੈ। ਜੌਹਨਸਨ ਨੇ ਟੈਲੀਵਿਜ਼ਨ ’ਤੇ ਦੇਸ਼ਵਾਸੀਆਂ ਦੇ ਨਾਂ ਸੁਨੇਹੇ ਵਿਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਪਾਬੰਦੀਆਂ ਨੂੰ ਅਮਲ ਵਿੱਚ ਲਿਆਉਣ ਲਈ ਪੁਲੀਸ ਨੂੰ ਵਿਸ਼ੇਸ਼ ਤਾਕਤਾਂ ਦੇਣ ਦਾ ਐਲਾਨ ਕੀਤਾ ਸੀ। ਟਰਾਂਸਪੋਰਟ ਮੰਤਰੀ ਗੈਂਟ ਸ਼ੈਪਸ ਨੇ ਟਵੀਟ ਕਰਕੇ ਲੋਕਾਂ ਨੂੰ ਸੰਭਵ ਹੋ ਸਕੇ ਤਾਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਸ਼ੈਪਸ ਨੇ ਕਿਹਾ, ‘ਅੱਜ ਸਵੇਰੇ ਨੱਕੋ-ਨੱਕ ਭਰੀਆਂ ਗੱਡੀਆਂ ਵੇਖ ਕੇ ਫ਼ਿਕਰਮੰਦੀ ਵੱਧ ਗਈ ਹੈ। ਸਲਾਹ ਸ਼ੀਸ਼ੇ ਵਾਂਗ ਸਪਸ਼ਟ ਹੈ: ਘਰਾਂ ਵਿੱਚ ਰਹੋ। ਜਾਨਾਂ ਬਚਾਉਣ ਦਾ ਇਹੀ ਤਰੀਕਾ ਹੈ।’ ਇਸ ਦੌਰਾਨ ਇਟਲੀ ਵਿੱਚ ਡੇਟਾ ਇਕੱਤਰ ਕਰਨ ਵਾਲੀ ਇਕ ਏਜੰਸੀ ਦੇ ਮੁਖੀ ਨੇ ਅੱਜ ਦਾਅਵਾ ਕੀਤਾ ਕਿ ਇਟਲੀ ਵਿੱਚ ਕਰੋਨਾਵਾਇਰਸ ਦੀ ਮਾਰ ਹੇਠ ਆਉਣ ਵਾਲੇ ਅਸਲ ਕੇਸ ਅਧਿਕਾਰਕ ਗਿਣਤੀ ਜੋ ਕਿ ਲਗਪਗ 64000 ਹੈ, ਤੋਂ ਦਸ ਗੁਣਾ ਵੱਧ ਹਨ।
ਸੱਜਰੇ ਅੰਕੜਿਆਂ ਦੀ ਮੰਨੀਏ ਤਾਂ ਪਿਛਲੇ ਇਕ ਮਹੀਨੇ ਦੌਰਾਨ 6077 ਲੋਕ ਲਾਗ ਦੀ ਭੇਟ ਚੜ੍ਹ ਗਏ ਹਨ, ਜਦੋਂਕਿ ਚੀਨ ਵਿੱਚ ਇਸ ਤੋਂ ਦੁੱਗਣੀਆਂ ਮੌਤਾਂ ਹੋਈਆਂ ਹਨ।

ਚੀਨ ਵੱਲੋਂ 8 ਅਪਰੈਲ ਤੋਂ ਤਾਲਾਬੰਦੀ ਖ਼ਤਮ ਕਰਨ ਦੀ ਤਿਆਰੀ
ਪੇਈਚਿੰਗ/ਵੂਹਾਨ: ਚੀਨ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰੀ ਹੁਬੇਈ ਸੂਬੇ, ਜਿਸ ਨੂੰ ਕਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਧੁਰਾ ਕਿਹਾ ਜਾਂਦਾ ਹੈ, ਵਿੱਚ ਪਿਛਲੇ ਤਿੰਨ ਮਹੀਨੇ ਤੋਂ ਜਾਰੀ ਮੁਕੰਮਲ ਤਾਲਾਬੰਦੀ ਨੂੰ 8 ਅਪਰੈਲ ਤਕ ਖ਼ਤਮ ਕਰ ਦੇਵੇਗਾ। ਸੂਬੇ ਦੀ ਮੁਕੰਮਲ ਤਾਲਾਬੰਦੀ ਕਰਕੇ 5.6 ਕਰੋੜ ਲੋਕ ਘਰਾਂ ਵਿੱਚ ਪਾਬੰਦੀਆਂ ਅਧੀਨ ਹਨ। ਉਧਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੋਰਨਾਂ ਮੁਲਕਾਂ ਵਿੱਚ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਕਰਕੇ ਚੀਨ ਵਿੱਚ ਕੋਵਿਡ-19 ਮੁੜ ਦਸਤਕ ਦੇ ਸਕਦਾ ਹੈ। ਇਸ ਦੌਰਾਨ ਵੂਹਾਨ, ਜਿੱਥੇ ਕਰੋਨਾਵਾਇਰਸ ਦੇ ਕੇਸ ਸਭ ਤੋਂ ਪਹਿਲਾਂ ਦਸੰਬਰ ਵਿੱਚ ਸਾਹਮਣੇ ਆਏ ਸਨ, ਨੇ ਸੋਮਵਾਰ ਨੂੰ ਕੋਵਿਡ-19 ਦੇ ਨਵੇਂ ਕੇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਪੰਜ ਦਿਨਾਂ ਦੌਰਾਨ ਚੀਨ ਵਿੱਚ ਕਿਸੇ ਨਵੇਂ ਕੇਸ ਦੀ ਕੋਈ ਖ਼ਬਰ ਨਹੀਂ ਸੀ। ਹੁਬੇਈ ਸੂਬੇ ਤੇ ਵੂਹਾਨ ਸ਼ਹਿਰ ਦੀ ਕੁੱਲ ਆਬਾਦੀ 5.6 ਕਰੋੜ ਹੈ, ਜੋ 23 ਜਨਵਰੀ ਤੋਂ ਤਾਲਾਬੰਦੀ ਅਧੀਨ ਹੈ।
No Comment posted
Name*
Email(Will not be published)*
Website