ਧੁੰਦ ਅਤੇ ਠੰਢ ਦੇ ਬਾਵਜੂਦ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਵੱਡੀ ਗਿਣਤੀ ਸੰਗਤ

ਧੁੰਦ ਅਤੇ ਠੰਢ ਦੇ ਬਾਵਜੂਦ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਵੱਡੀ ਗਿਣਤੀ ਸੰਗਤ

ਅੰਮ੍ਰਿਤਸਰ-ਧੁੰਦ ਤੇ ਠੰਢ ਦੇ ਬਾਵਜੂਦ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਵਾਸਤੇ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਇਹ ਸੰਗਤ ਨਵੇਂ ਵਰ੍ਹੇ ਦੀ ਆਮਦ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਘਰਾਂ ਨੂੰ ਰਵਾਨਾ ਹੋਵੇਗੀ। ਇਸ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਵੇਂ ਵਰ੍ਹੇ ਦੀ ਆਮਦ ’ਤੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਪਿਛਲੇ ਕੁਝ ਵਰ੍ਹਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਵੇਂ ਵਰ੍ਹੇ ਦੀ ਆਮਦ ਮੌਕੇ ਵੱਡੀ ਗਿਣਤੀ ਸੰਗਤ ਪੁੱਜਦੀ ਹੈ ਅਤੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਭਾਵੇਂ ਸ਼੍ਰੋਮਣੀ ਕਮੇਟੀ ਅੰਗਰੇਜ਼ੀ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੀ ਪਰ ਸੰਗਤ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਇੱਥੇ ਹਰਿਮੰਦਰ ਸਾਹਿਬ ਪੁੱਜਦੀ ਹੈ। ਕਈ ਵੱਡੇ ਸਿਆਸੀ ਤੇ ਸਮਾਜਿਕ ਆਗੂ ਵੀ ਪਰਿਵਾਰ ਸਣੇ ਰਾਤ 12 ਵਜੇ ਤੋਂ ਬਾਅਦ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪੁੱਜਦੇ ਹਨ। ਸੰਗਤ ਦੀ ਭਾਰੀ ਆਮਦ ਕਾਰਨ ਇੱਥੇ ਪਰਿਕਰਮਾ ਵਿੱਚ ਸੰਗਤ ਦਾ ਭਾਰੀ ਇਕੱਠ ਹੋ ਜਾਂਦਾ ਹੈ।ਅੱਜ ਵੀ ਸੰਗਤ ਸ਼ਾਮ ਤੋਂ ਹੀ ਹਰਿਮੰਦਰ ਸਾਹਿਬ ਵਿਖੇ ਪੁੱਜਣੀ ਸ਼ੁਰੂ ਹੋ ਗਈ ਸੀ ਅਤੇ ਦੇਰ ਰਾਤ ਨੂੰ ਸੰਗਤ ਦਾ ਭਾਰੀ ਇਕੱਠ ਹੋ ਗਿਆ। ਪ੍ਰਬੰਧਕਾਂ ਨੇ ਆਖਿਆ ਕਿ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ।ਇਸ ਤਰ੍ਹਾਂ ਸ਼ਹਿਰ ਵਿੱਚ ਪ੍ਰਮੁੱਖ ਇਲਾਕੇ ਲਾਰੈਂਸ ਰੋਡ ’ਤੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਨਾਕਾਬੰਦੀ ਕਰ ਕੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਪੁਲੀਸ ਨੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਵਾਸਤੇ ਅਜਿਹਾ ਕੀਤਾ ਪਰ ਪੁਲੀਸ ਦੀ ਸਖ਼ਤੀ ਕਾਰਨ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਹੀਂ ਪੁੱਜ ਸਕੇ। ਇਸ ਦੀ ਥਾਂ ਰਣਜੀਤ ਐਵੇਨਿਊ ਤੇ ਹੋਰਨਾਂ ਇਲਾਕਿਆਂ ਵਿੱਚ ਰੇਸਤਰਾਂ ਅਤੇ ਹੋਟਲਾਂ ਵਿੱਚ ਲੋਕਾਂ ਦਾ ਵਧੇਰੇ ਇਕੱਠ ਹੈ। ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਪਈ ਸੰਘਣੀ ਧੁੰਦ ਕਾਰਨ ਰੇਲ, ਸੜਕ ਟਰੈਫਿਕ ਪ੍ਰਭਾਵਿਤ ਹੋਣ ਦੇ ਨਾਲ-ਨਾਲ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ। ਰੇਲ ਅਤੇ ਸੜਕ ਟਰੈਫਿਕ ਪ੍ਰਭਾਵਿਤ ਹੋਣ ਨਾਲ ਸਾਮਾਨ ਦੀ ਡਿਲਿਵਰੀ ਸਹੀ ਸਮੇਂ ’ਤੇ ਨਹੀਂ ਹੋ ਰਹੀ ਤੇ ਬਹੁਤ ਸਾਰੇ ਲੋਕ ਸਮੇਂ ’ਤੇ ਆਪਣੀ ਮੰਜ਼ਿਲ ’ਤੇ ਨਹੀਂ ਪੁੱਜ ਰਹੇ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਇੱਥੇ ਜ਼ਿਆਦਾ ਧੁੰਦ ਪਈ ਹੈ। ਅੱਜ ਚੱਲੀ ਠੰਢੀ ਹਵਾ ਨਾਲ ਸ਼ੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਧੁੰਦ ਕਾਰਨ ਪਠਾਨਕੋਟ ਕੈਂਟ ਅਤੇ ਸਿਟੀ ਸਟੇਸ਼ਨ ’ਤੇ ਦੇਰੀ ਨਾਲ ਪੁੱਜਣ ਵਾਲੀਆਂ ਰੇਲ ਗੱਡੀਆਂ ਵਿੱਚ ਕੋਲਕਾਤਾ ਤੋਂ ਜੰਮੂਤਵੀ ਜਾਣ ਵਾਲੀ ਸਿਆਲਦਾਹ ਐਕਸਪ੍ਰੈਸ 1 ਘੰਟਾ ਦੇਰੀ ਨਾਲ, ਰਿਸ਼ੀਕੇਸ਼ ਤੋਂ ਕਟੜਾ ਜਾਣ ਵਾਲੀ ਹੇਮਕੁੰਟ ਐਕਸਪ੍ਰੈਸ 1.30 ਘੰਟੇ ਦੇਰੀ ਨਾਲ, ਪੁਣੇ ਤੋਂ ਜੰਮੂਤਵੀ ਜਾਣ ਵਾਲੀ ਜਿਹਲਮ ਐਕਸਪ੍ਰੈਸ 5 ਘੰਟੇ ਦੇਰੀ ਨਾਲ, ਅਜਮੇਰ ਤੋਂ ਜੰਮੂਤਵੀ ਜਾਣ ਵਾਲੀ ਪੂਜਾ ਸੁਪਰਫਾਸਟ 11 ਘੰਟੇ ਦੇਰੀ ਨਾਲ, ਦਿੱਲੀ ਤੋਂ ਕਟੜਾ ਜਾਣ ਵਾਲੀ ਜੰਮੂ ਮੇਲ 1 ਘੰਟਾ ਦੇਰੀ ਨਾਲ, ਜਬਲਪੁਰ ਤੋਂ ਜੰਮੂਤਵੀ ਜਾਣ ਵਾਲੀ ਮੂਰੀ ਐਕਸਪ੍ਰੈਸ 2 ਘੰਟੇ ਦੇਰੀ ਨਾਲ, ਬਨਾਰਸ ਤੋਂ ਜੰਮੂਤਵੀ ਜਾਣ ਵਾਲੀ ਬੇਗਮਪੁਰਾ 1 ਘੰਟਾ ਦੇਰੀ ਨਾਲ, ਕੋਲਕਾਤਾ ਤੋਂ ਜੰਮੂਤਵੀ ਜਾਣ ਵਾਲੀ ਹਿਮਗਿਰੀ ਸੁਪਰਫਾਸਟ 2.25 ਘੰਟੇ ਦੇਰੀ ਨਾਲ, ਡਾਕਟਰ ਅੰਬੇਡਕਰ ਨਗਰ ਤੋਂ ਕਟੜਾ ਜਾਣ ਵਾਲੀ ਮਾਲਵਾ ਸੁਪਰਫਾਸਟ 6 ਘੰਟੇ ਦੇਰੀ ਨਾਲ, ਜੰਮੂਤਵੀ ਤੋਂ ਵੇਰਾਵਲ ਜਾਣ ਵਾਲੀ ਸੋਮਨਾਥ ਐਕਸਪ੍ਰੈਸ 2 ਘੰਟੇ ਦੇਰੀ ਨਾਲ ਇੱਥੇ ਪੁੱਜੀ।