ਪ੍ਰਾਣ ਪ੍ਰਤਿਸ਼ਠਾ ਮੌਕੇ ਵੱਖ ਵੱਖ ਥਾਈਂ ਧਾਰਮਿਕ ਸਮਾਗਮ

ਪ੍ਰਾਣ ਪ੍ਰਤਿਸ਼ਠਾ ਮੌਕੇ ਵੱਖ ਵੱਖ ਥਾਈਂ ਧਾਰਮਿਕ ਸਮਾਗਮ

ਅੰਮ੍ਰਿਤਸਰ-ਅਯੁੱਧਿਆ ਵਿੱਚ ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਵੀ ਹਿੰਦੂ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਇਤਿਹਾਸਕ ਤੇ ਹੋਰ ਮੰਦਿਰਾਂ ਵਿੱਚ ਵਿਸ਼ੇਸ਼ ਸਜਾਵਟ ਕਰ ਕੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ। ਪ੍ਰਮੁੱਖ ਮਾਰਕੀਟਾਂ, ਚੌਕਾਂ ਅਤੇ ਲੋਕਾਂ ਵਲੋਂ ਘਰਾਂ ਦੀਆਂ ਛੱਤਾਂ ’ਤੇ ਵੀ ਭਗਵੇਂ ਰੰਗ ਦੇ ਝੰਡੇ ਲਗਾਏ ਗਏ ਹਨ। ਇਸੇ ਤਰ੍ਹਾਂ ਸਥਾਨਕ ਰਾਮ ਮੰਦਿਰ 100 ਫੀਟ ਰੋਡ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਸੁਲਤਾਨਵਿੰਡ ਰੋਡ ਦੇ ਵੱਖ-ਵੱਖ ਬਾਜ਼ਾਰਾਂ ਤੇ ਗਲੀਆਂ ਵਿੱਚੋਂ ਹੁੰਦੀ ਹੋਈ ਸ਼ਿਵ ਮੰਦਿਰ ਪਹੁੰਚ ਕੇ ਸਮਾਪਤ ਹੋਈ। ਇਸੇ ਤਰ੍ਹਾਂ ਹਾਲ ਬਾਜ਼ਾਰ ਤੋਂ ਇਤਿਹਾਸਕ ਦੁਰਗਿਆਨਾ ਮੰਦਿਰ ਤੱਕ ਸ਼ੋਭਾ ਯਾਤਰਾ ਕੱਢੀ ਗਈ। ਮਜੀਠਾ ਰੋਡ ’ਤੇ ਵੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਥਾਨਕ ਲਾਰੈਂਸ ਰੋਡ ’ਤੇ ਸ਼ਰਧਾਲੂ ਨੇ ਨੱਚ ਕੇ ਭਗਵਾਨ ਰਾਮ ਦਾ ਗੁਣਗਾਨ ਕੀਤਾ।ਅਟਾਰੀ (ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਅੱਜ ਅਟਾਰੀ ਬਾਜ਼ਾਰ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਰਾਮ ਭਗਤਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਦਾ ਅਟਾਰੀ ਬਾਜ਼ਾਰ ਵਿੱਚ ਥਾਂ-ਥਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਨੂੰ ਲੈ ਕੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਮਾਹੰਤ ਸਇਆ ਨਰਾਇਣ, ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ, ਮੰਡਲ ਪ੍ਰਧਾਨ ਵਿਜੈ ਵਰਮਾ, ਸਰਪੰਚ ਮਨਜੀਤ ਸਿੰਘ ਤੇ ਅਟਾਰੀ ਦੇ ਪਤਵੰਤੇ ਸ਼ਾਮਲ ਸਨ।ਦਸੂਹਾ (ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿੱਚ ਇੱਥੇ ਸਨਾਤਨ ਧਰਮ ਸਭਾ ਦਸੂਹਾ ਵੱਲੋਂ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਸਜਾਈ ਗਈ। ਇਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ, ਸਿਆਸੀ ਜਥੇਬੰਦੀਆਂ ਸਣੇ ਸੰਤ ਸਮਾਜ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਸ਼ਹਿਰ ਵਾਸੀਆਂ ਵੱਲੋਂ ਥਾਂ ਥਾਂ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਲਈ ਲੰਗਰ ਲਗਾਏ ਗਏ। ਇਸ ਮੌਕੇ ਹਲਕਾ ਵਿਧਾਇਕ ਕਰਮਬੀਰ ਘੁੰਮਣ, ਸਾਬਕਾ ਸੰਸਦੀ ਸਕੱਤਰ ਸੁਖਜੀਤ ਕੌਰ ਸ਼ਾਹੀ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਆਦਿ ਮੌਜੂਦ ਸਨ।ਸ਼ਾਹਕੋਟ (ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਹੋ ਰਹੇ ਸਮਾਗਮ ਦੀ ਖੁਸ਼ੀ ਵਿਚ ਸਥਾਨਕ ਕਸਬੇ ਵਿਚ ਧਾਰਮਿਕ ਜਥੇਬੰਦੀਆਂ ਵੱਲੋਂ ਸਮਾਗਮ ਕੀਤੇੇ ਜਾ ਰਹੇ ਹਨ। ਮੰਦਿਰਾਂ ’ਚ ਦੀਪ ਮਾਲਾ ਵੀ ਕੀਤੀ ਗਈ ਹੈ। ਆਰਐਸਐਸ ਵਰਕਰਾਂ ਵੱਲੋਂ ਰਾਮ ਮੰਦਿਰ ਦੀ ਤਸਵੀਰ ਵਾਲੀਆਂ ਝੰਡੀਆਂ ਦੁਕਾਨਾਂ, ਖੰਭਿਆਂ ਅਤੇ ਘਰਾਂ ਉੱਪਰ ਲਗਾਈਆਂ ਗਈਆਂ ਹਨ। ਸੰਘ ਅਤੇ ਭਾਜਪਾ ਦੇ ਵਰਕਰਾਂ ਤੋਂ ਲੈ ਕੇ ਸਾਧਾਰਨ ਹਿੰਦੂ ਪਰਿਵਾਰ ਵੀ ਸਮਾਗਮਾਂ ’ਚ ਸ਼ਮੂਲੀਅਤ ਕਰ ਰਹੇ ਹਨ।ਹਰੀ ਸੰਕੀਰਤਨ ਮੰਡਲੀ ਵੱਲੋਂ ਅੱਜ ਸ਼ੋਭਾ ਯਾਤਰਾ ਕੱਢੀ ਗਈ। ਸੁਧਾਰ ਕਲੱਬ ਸ਼ਾਹਕੋਟ ਵੱਲੋਂ ਅੱਜ ਰਾਮਗੜ੍ਹੀਆ ਚੌਕ ਵਿਚ ਲੰਗਰ ਲਗਾਇਆ ਗਿਆ। ਆੜ੍ਹਤੀਆਂ ਵੱਲੋਂ 22 ਜਨਵਰੀ ਨੂੰ ਦਾਣਾ ਮੰਡੀ ਸ਼ਾਹਕੋਟ ਵਿਚ ਕੀਰਤਨ ਕਰਵਾਇਆ ਜਾ ਰਿਹਾ ਹੈ। ਹਨੂੰਮਾਨ ਮੰਦਿਰ ਸ਼ਾਹਕੋਟ ਵੱਲੋਂ 22 ਜਨਵਰੀ ਨੂੰ ਲੰਗਰ ਲਗਾਇਆ ਜਾ ਰਿਹਾ ਹੈ।