ਲੋਕਾਂ ਨਾਲ ਸਿਰਫ਼ ਝੂਠ ਬੋਲਦੀ ਹੈ ਭਾਜਪਾ: ਭਗਵੰਤ ਮਾਨ

ਲੋਕਾਂ ਨਾਲ ਸਿਰਫ਼ ਝੂਠ ਬੋਲਦੀ ਹੈ ਭਾਜਪਾ: ਭਗਵੰਤ ਮਾਨ

ਡਿਗਬੋਈ (ਅਸਾਮ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਸੁੱਟ ਸਕਦੀ ਹੈ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੀ। ਉਨ੍ਹਾਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਵਿਚਾਰ ਨਾਲ ਆਮ ਆਦਮੀ ਪਾਰਟੀ ਕੰਮ ਕਰਦੀ ਹੈ, ਉਹ ਦਿੱਲੀ ਤੇ ਪੰਜਾਬ ’ਚ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ, ‘ਅਸਾਮ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਗੁਰੂ ਨਾਨਕ ਦੇਵ ਅਤੇ ਗੁਰੂ ਤੇਗ ਬਹਾਦਰ ਅਸਾਮ ਆਏ ਸਨ। ਉਨ੍ਹਾਂ ਦੇ ਇੱਥੇ ਗੁਰਦੁਆਰਾ ਸਾਹਿਬਾਨ ਵੀ ਹਨ।’ ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਉਹ ਇੱਕ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਪਰ ਦੇਸ਼ ਭਰ ’ਚ ਹਜ਼ਾਰਾਂ ਲੋਕ ਹਨ ਜੋ ਪਾਰਟੀ ਦੇ ਸਿਧਾਤਾਂ ’ਤੇ ਚੱਲ ਰਹੇ ਹਨ।’ ਮਾਨ ਨੇ ਕਿਹਾ, ‘ਉਨ੍ਹਾਂ (ਭਾਜਪਾ) ਨੂੰ ਲੱਗਦਾ ਹੈ ਕਿ ਕੇਜਰੀਵਾਲ ਨੂੰ ਜੇਲ੍ਹ ਭੇਜ ਦੇਣ ਨਾਲ ‘ਆਪ’ ਖਤਮ ਹੋ ਜਾਵੇਗੀ ਪਰ ਉਹ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਕੈਦ ਕਰਨਗੇ?’ ਉਹ ਡਿਬਰੂਗੜ੍ਹ ਸੰਸਦੀ ਹਲਕੇ ਤੋਂ ‘ਆਪ’ ਉਮੀਦਵਾਰ ਮਨੋਜ ਧਨੋਵਰ ਦੇ ਹੱਕ ’ਚ ਰੈਲੀ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਝੂਠ ’ਤੇ ਝੂਠ ਬੋਲ ਰਹੀ ਹੈ ਪਰ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਅਜਿਹਾ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ 2015 ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਤਤਕਾਲੀ ਕਾਂਗਰਸ ਮੰਤਰੀ ਹਿਮੰਤ ਬਿਸਵਾ ਸਰਮਾ ਅਸਾਮ ਦੇ ਸਭ ਤੋਂ ਭ੍ਰਿਸ਼ਟ ਵਿਅਕਤੀ ਹਨ। ਮਾਨ ਨੇ ਕਿਹਾ, ‘ਹਾਲਾਂਕਿ ਸਰਮਾ (ਅਸਾਮ ਦੇ ਮੁੱਖ ਮੰਤਰੀ) ਹੁਣ ਬੇਦਾਗ ਹਨ ਕਿਉਂਕਿ ਉਹ ਭਾਜਪਾ ਦੀ ਵਾਸ਼ਿੰਗ ਮਸ਼ੀਨ ਅੰਦਰ ਦਾਖਲ ਹੋ ਚੁੱਕੇ ਹਨ ਪਰ ਉਹ ਕਦੋਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣਗੇ?’ ‘ਆਪ’ ਆਗੂ ਨੇ ਕਿਹਾ ਸਰਮਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਸਾਮ ਦੇ ਸਿੱਖਿਆ ਤੇ ਸਿਹਤ ਮੰਤਰੀ ਸਨ ਪਰ ਉਨ੍ਹਾਂ ਨੂੰ ਮਿਆਰੀ ਸਕੂਲ ਤੇ ਹਸਪਤਾਲ ਬਣਾਉਣ ਤੋਂ ਕਿਸ ਨੇ ਰੋਕਿਆ। ਉਨ੍ਹਾਂ ਕਿਹਾ, ‘ਮੈਨੂੰ ਦੱਸਿਆ ਗਿਆ ਹੈ ਕਿ ਅਸਾਮ ’ਚ ਅੱਠ ਹਜ਼ਾਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਕਿਉਂਕਿ ਉੱਥੇ ਕੋਈ ਵਿਦਿਆਰਥੀ ਨਹੀਂ ਸੀ। ਬੱਚੇ ਸਰਕਾਰੀ ਸਕੂਲਾਂ ’ਚ ਕਿਉਂ ਨਹੀਂ ਜਾ ਰਹੇ ਹਨ। ਕਿਉਂਕਿ ਇਨ੍ਹਾਂ ਦੀ ਖਰਾਬ ਹਾਲਤ ਕਾਰਨ ਮਾਪਿਆਂ ਦਾ ਭਰੋਸਾ ਖਤਮ ਹੋ ਗਿਆ ਹੈ।’ ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਤੇ ਪੰਜਾਬ ’ਚ ‘ਆਪ’ ਸਰਕਾਰ ਨੇ ਮਿਆਰੀ ਸਕੂਲ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ ਅਤੇ ਹੁਣ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ’ਚੋਂ ਕੱਢ ਕੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾ ਰਹੇ ਹਨ। ‘ਆਪ’ ਉਮੀਦਵਾਰਾਂ ਦੇ ਜਿੱਤਣ ’ਤੇ ਅਸਾਮ ’ਚ ਵੀ ਅਜਿਹਾ ਹੀ ਹੋਵੇਗਾ।’