ਅੰਡਰ-19: ਆਸਟਰੇਲੀਆ ਚੌਥੀ ਵਾਰ ਵਿਸ਼ਵ ਚੈਂਪੀਅਨ

ਅੰਡਰ-19: ਆਸਟਰੇਲੀਆ ਚੌਥੀ ਵਾਰ ਵਿਸ਼ਵ ਚੈਂਪੀਅਨ

ਬੈਨੋਨੀ (ਦੱਖਣੀ ਅਫਰੀਕਾ)-ਆਸਟਰੇਲੀਆ ਨੇ ਅੱਜ ਇੱਥੇ ਫਾਈਨਲ ’ਚ ਭਾਰਤ ਨੂੰ 79 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ। ਕੰਗਾਰੂ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਰਜਸ ਸਿੰਘ ਦੀਆਂ 55 ਦੌੜਾਂ ਅਤੇ ਓਲਿਵਰ ਪੀ. ਦੀਆਂ 46 ਦੌੜਾਂ ਸਦਕਾ 50 ਓਵਰਾਂ ’ਚ 7 ਵਿਕਟਾਂ ਗੁਆ ਕੇ 253 ਦੌੜਾਂ ਬਣਾਈਆਂ ਅਤੇ ਫਿਰ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 43.5 ਓਵਰਾਂ ’ਚ 174 ਦੌੜਾਂ ’ਤੇ ਹੀ ਆਊਟ ਕਰ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਆਸਟਰੇਲੀਆ ਦੇ ਮਾਹਲੀ ਬਰੈਡਮੈਨ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਰਿਕਾਰਡ ਨੌਵੀਂ ਵਾਰ ਖ਼ਿਤਾਬੀ ਮੁਕਾਬਲਾ ਖੇਡ ਰਹੀ ਭਾਰਤੀ ਟੀਮ ਵੱਲੋਂ ਜਿੱਤ ਲਈ 254 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ 77 ਗੇਂਦਾਂ ’ਤੇ 47 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਉਸ ਦਾ ਬਹੁਤਾ ਸਾਥ ਨਾ ਦੇ ਸਕੇ। ਇੱਕ ਸਮੇਂ ਭਾਰਤ ਨੇ 131 ਦੌੜਾਂ ’ਤੇ 8 ਵਿਕਟਾਂ ਗੁਆ ਦਿੱਤੀਆਂ ਸਨ। ਅੱਠਵੇਂ ਨੰਬਰ ’ਤੇ ਬੱਲੇਬਾਜ਼ ਮੁਰੂਗਨ ਅਭਿਸ਼ੇਕ ਨੇ 46 ਗੇਂਦਾਂ ’ਤੇ 42 ਦੌੜਾਂ ਦੀ ਪਾਰੀ ਖੇਡਦਿਆਂ ਜਿੱਤ ਲਈ ਪੂਰੀ ਵਾਹ ਲਈ ਪਰ ਉਹ ਟੀਮ ਦੀ ਹਾਰ ਨਾ ਟਾਲ ਸਕਿਆ। ਆਸਟਰੇਲੀਆ ਵੱਲੋਂ ਮਾਹਲੀ ਬਰੈਡਮੈਨ ਤੇ ਆਰ. ਮੈਕਮਿਲਨ ਨੇ ਤਿੰਨ-ਤਿੰਨ ਅਤੇ ਸੀ. ਵਿਡਲੇਰ ਨੇ ਦੋ ਵਿਕਟਾਂ ਲਈਆਂ ਜਦਕਿ ਚਾਰਲੀ ਐਂਡਰਸਨ ਨੂੰ ਇੱਕ ਵਿਕਟ ਮਿਲੀ। ਭਾਰਤੀ ਟੀਮ ਦੇ ਕਪਤਾਨ ਉਦੈ ਸਹਾਰਨ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 397 ਦੌੜਾਂ ਬਣਾਈਆਂ। ਟੂਰਨਾਮੈਂਟ ਵਿੱਚ ਸਭ ਤੋਂ ਵੱਧ 21 ਵਿਕਟਾਂ ਲੈਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਵੇਨਾ ਮਪਾਖਾ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਐਲਾਨਿਆ ਗਿਆ।