ਕਹਾਣੀ 'ਬੇਟੀ'        

ਕਹਾਣੀ 'ਬੇਟੀ'        


ਘਰ ਵਿਚ ਰੌਣਕਾਂ ਸਨ, ਚਹਿਲ-ਪਹਿਲ ਸੀ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਮਿਸ਼ਠਾਨ ਬਣਾਏ ਜਾ ਰਹੇ ਸਲ। ਖੁਸ਼ੀ ਦਾ ਮਾਹੌਲ ਸੀ। ਸੇਵਾ ਮੁਕਤ ਫਲਾਈਨਗ ਅਫ਼ਸਰ ਦਰਸ਼ਨ ਸਿੰਘ ਦੇ ਘਰ ਉਸ ਦੀ ਬੇਟੀ ਡਾਕਟਰ ਮੇਜਰ ਲਤਾ ਆ ਰਹੀ ਸੀ। ਉਸ ਦਾ ਪਤੀ ਉਸ ਦੇ ਬੱਚੇ ਆ ਰਹੇ ਸਨ। ਲਗਭਗ ਦੋ ਦਿਨ ਟ੍ਰੇਨ ਦਾ ਸਫ਼ਰ ਤੈਅ ਕਰਕੇ ਦੂਸਰੇ ਰਾਜ ਤੋਂ ਉਨ੍ਹਾਂ ਆਉਣਾ ਸੀ। ਦਰਸ਼ਨ ਸਿੰਘ ਦਾ ਇਕਲੋਤਾ ਪੁੱਤਰ ਹਰਮੀਤ ਸਿੰਘ ਉਸ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਗਿਆ ਸੀ।
    ਕੱਲ ਰੱਖੜੀ ਸੀ। ਰੱਖੜੀ ਦਾ ਤਿਉਹਾਰ ਉਤੇ ਧੀਆਂ-ਭੈਣਾਂ ਵਿਸ਼ੇਸ਼ ਤੌਰ ’ਤੇ ਪਹੁੰਚਦੀਆਂ ਹਨ। ਮਾਂ-ਬਾਪ ਤੋਂ ਭਰਾਵਾਂ ਤੋਂ ਅਸੀਰਵਾਦ ਲੈਣ ਲਈ ਅਤੇ ਸ਼ੁਭਕਾਮਨਾਵਾਂ ਲੈਣ ਲਈ। ਅਪਣੇ ਪੇਕਿਆਂ ਦੀ ਖ਼ੈਰ ਮੰਗਦੀਆਂ ਹਨ ਧੀਆਂ, ਧੀਆਂ ਜੋ ਪੀੜੀਆਂ ਦੀ ਹੋਂਦ ਨੂੰ ਬਰਕਰਾਰ ਰੱਖਦੀਆਂ ਹਨ। ਜ਼ਮਾਨੇ ਦੀ ਹਰ ਇੱਕ ਸ਼ੈਅ ਤੋਂ ਪਵਿੱਤਰ ਪਿਆਰ ਨੇ ਧੀਆਂ। ਖਿੜਾਵਣ ਖ਼ੂਬਸੂਰਤ ਫੁੱਲ ਉਹ ਗੁਲਜ਼ਾਰ ਨੇ ਧੀਆਂ। ਧੀਆਂ ਘਰ ਦੀਆਂ ਰੌਣਕਾਂ, ਧੀਆਂ ਖਿੜ੍ਹਦੇ ਚਾਅ, ਰੀਝਾਂ ਦੇ ਫੁੱਲ ਹੁੰਦੀਆਂ ਹਨ ਧੀਆਂ।
    ਦਰਸ਼ਨ ਸਿੰਘ ਦੀ ਬੇਟੀ ਪਰਿਵਾਰ ਸਹਿਤ ਘਰ ਆ ਗਈ ਸੀ। ਤੇਲ ਚੋਇਆ ਗਿਆ। ਸਭ ਨੇ ਗਲੇ ਲਗਾਇਆ। ਖ਼ਾਣ-ਪੀਣ ਦੀ ਖੂਬ ਸੇਵਾ ਕੀਤੀ ਗਈ। ਬੱਚੇ ਨਾਨਾ-ਨਾਨੀ, ਮਾਮਾ-ਮਾਮੀ ਦੇ ਨਾਲ ਖੂਬ ਖੇਲ ਰਹੇ ਸਨ। ਦਰਸ਼ਨ ਸਿੰਘ ਦੀਆਂ ਦੋ ਬੇਟੀਆਂ ਸਨ। ਇਕ ਤਾਂ ਡਾਕਟਰ ਮੇਜਰ ਲਤਾ ਅਤੇ ਦੂਸਰੀ ਸਿਮਰਨ। ਦੂਸਰੀ ਬੇਟੀ ਵੀ ਚਾਵ੍ਹਾਂ-ਮਲ੍ਹਾਰਾਂ ਨਾਲ ਆ ਚੁੱਕੀ ਸੀ।
    ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਰੱਖੜੀ ਬੰਨੀ ਗਈ। ਦੋਵਾਂ ਭੈਣਾਂ ਨੇ ਰੱਖੜੀਆਂ ਬੰਨੀਆਂ। ਸ਼ੁਭ ਸ਼ਗਨ-ਵਿਹਾਰ ਸਭ ਕੀਤੇ ਗਏ। ਖੁਸ਼ੀ ਦੀ ਖੁਸ਼ਬੂ ਰਿਸ਼ਤਿਆਂ ਨੂੰ ਮਹਿਕਾਂ ਰਹੀ ਸੀ। ਕਈ ਰਿਸ਼ਤੇਦਾਰ ਅਤੇ ਦੋਸਤ ਮਹਿਮਾਨ ਵੀ ਇਸ ਖੁਸ਼ੀ ਵਿੱਚ ਸ਼ਾਮਿਲ ਸਨ।
    ਇੱਕ ਮਹਿਮਾਨ ਨੇ ਉਤਸੁਕਤਾ ਨਾਲ ਦਰਸ਼ਨ ਸਿੰਘ ਨੂੰ ਪੁੱਛਿਆ, ‘‘ ਸਰਦਾਰ ਸਾਹਿਬ ਗੁਸਤਾਖੀ ਮੁਆਫ਼, ਤੁਹਾਡੀ ਤਾਂ ਇਕ ਹੀ ਲੜਕੀ ਹੈ, ਪਰ ਇਹ ਦੂਸਰੀ ਲੜਕੀ ਵੀ ਤੁਹਾਡੀ ਹੀ ਹੈ?’’
    ਦਰਸ਼ਨ ਸਿੰਘ ਨੇ ਮੁਸਕੁਰਾਂਦੇ ਹੋਏ ਭਾਵੁਕ ਮੁਦਰਾ ਵਿਚ ਕਿਹਾ, ‘‘ਭਾਈ ਸਾਹਿਬ, ਰਿਸ਼ਤੇ ਭਗਵਾਨ ਦੁਆਰਾ ਬਣਾਏ ਜਾਂਦੇ ਹਨ। ਖੂਨ ਦੇ ਰਿਸ਼ਤਿਆਂ ਨਾਲੋਂ ਕਿਤੇ ਪਵਿੱਤਰ ਰਿਸ਼ਤੇ ਹੁੰਦੇ ਹਨ ਵਿਚਾਰਾ ਦੇ, ਸਾਂਝਾ ਦੇ, ਜ਼ਿੰਦਗੀ ਦੇ। ਕਈ ਰਿਸ਼ਤੇ ਐਸੇ ਹੁੰਦੇ ਹਨ, ਜਿੰਨ੍ਹਾਂ ਦਾ ਮੋਹ ਆਪਣਿਆਂ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਹੈ। ਕੁਦਰਤ ਕਿਸੇ ਦੀ ਕਿਸਮਤ ਵਿਚ ਕੀ ਦੇ ਦਵੇ, ਕਿਸੇ ਨੂੰ ਕੋਈ ਪਤਾ ਨਹੀਂ। ਕੀ ਖੋਹ ਲਵੇ ਕਿਸੇ ਨੂੰ ਕੋਈ ਪਤਾ ਨਹੀਂ। ਜੋ ਕੁਝ ਵੀ ਹੁੰਦਾ ਹੈ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਉਸ ਦੀ ਕਿਰਪਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ।
    ਦਰਸ਼ਨ ਸਿੰਘ ਨੇ ਉਸ ਮਹਿਮਾਨ ਨੂੰ ਦੱਸਦਿਆਂ ਕਿਹਾ ਕਿ, ‘‘ ਮੇਰਾ ਪੈਰ੍ਹ ਬਹੁਤ ਖਰਾਬ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਪੈਰ ਕੱਟਣਾ ਪੈਣਾ ਹੈ। ਜ਼ਿਆਦਾ ਖ਼ਰਾਬ ਹੋ ਗਿਆ ਹੈ। ਪਰ ਮੈਂ ਕਟਾਉਣਾ ਨਹੀਂ ਸੀ ਚਾਹੁੰਦਾ। ਆਖ਼ਿਰ ਮੈਂ ਮਿਲਟਰੀ ਹਸਪਤਾਲ ਵਿਚ ਦਾਖ਼ਿਲ ਹੋ ਗਿਅ। ਪੈਰ੍ਹ ਦੀ ਹਾਲਤ ਬਹੁਤ ਹੀ ਖ਼ਰਾਬ ਸੀ। ਪੈਰ੍ਹ ਦੀ ਤਲੀ ਹੇਠਾਂ ਫੋੜੇ ਵਾਂਗ ਗੰਦਾ ਮਾਦਾ ਭਰ ਚੁੱਕਾ ਸੀ, ਜੋ ਹੱਡੀ ਦਾ ਨੁਕਸਾਨ ਕਰ ਰਿਹਾ ਸੀ। ਮੈਂ ਮਿਲਟਰੀ ਹਸਪਤਾਲ ਦਾਖ਼ਿਲ ਸਾਂ। ਮੇਰੇ ਨਾਲ ਮੇਰੀ ਪਤਨੀ ਮੇਰੀ ਦੇਖਭਾਲ ਲਈ ਉਥੇ ਮੌਜੂਦ ਸੀ।
        ਅਪਰੇਸ਼ਨ ਤੋਂ ਕੁਝ ਘੰਟੇ ਪਹਿਲਾਂ ਮੇਰੇ ਪੈਰ੍ਹ ਵਿੱਚ ਏਨਾਂ ਜ਼ਿਆਦਾ ਦਰਦ ਹੋਇਆ ਕਿ ਮੇਰੀਆਂ ਚੀਕਾਂ ਨਿਕਲ ਗਈਆਂ ਅਤੇ ਮੈਂ ਇਕਦਮ ਬੇਹੋਸ਼ ਹੋ ਕੇ ਕੋਮਾਂ ਵਿੱਚ ਚਲਾ ਗਿਆ। ਉਸ ਵਕਤ ਸਿਰਫ਼ ਡਾਕਟਰ ਮੇਜਰ ਲਤਾ ਹੀ ਉਥੇ ਡਿਊਟੀ ’ਤੇ ਮੌਜੂਦ ਸੀ। ਅਚਾਨਕ ਆਕਸੀਜਨ ਦਾ ਸਿਲੰਡਰ ਵੀ ਨਾ ਚੱਲਿਆ। ਮੌਕੇ ’ਤੇ ਇਕੱਲੀ ਡਾਕਟਰ ਲਤਾ ਘਬਰਾ ਗਈ ਕਿ ਹੁਣ ਕੀ ਕੀਤਾ ਜਾਵੇ। ਮੇਰੀ ਪਤਨੀ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਵੀ ਘਬਰਾ ਗਈ।
        ਮੈਂ ਸਰਦਾਰ ਅਤੇ ਡਾ. ਲਤਾ ਇੱਕ ਕੱਟਰ ਹਿੰਦੂ ਪਰਿਵਾਰ ਦੀ ਲੜਕੀ। ਉਸ ਨੇ ਸੋਚਿਆ ਕਿ ਇਹ ਮਰੀਜ਼ ਪਲ ਛਿਨ ਵਿੱਚ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ। ਆਖ਼ਿਰ ਡਾ. ਲਤਾ ਨੇ ਪਲ-ਛਿਨ ਵਿਚ ਫ਼ੈਸਲਾ ਲਿਆ ਅਤੇ ਮੇਰੇ ਮੂੰਹ ਨਾਲ ਮੂੰਹ ਜੋੜ ਕੇ ਮੈਨੂੰ ਸਾਹ ਦੇਣਾ ਸ਼ੁਰੂ ਕਰ ਦਿੱਤਾ। ਮੇਰੀ ਛਾਤੀ ਦਬਾਈ ਗਈ ਡਾਕਟਰੀ ਨਿਯਮਾਂ ਅਨੁਸਾਰ। ਕੁਝ ਸਕਿੰਟਾਂ ਵਿਚ ਮੂੰਹ ਰਾਹੀਂ ਸਾਹ ਦੇਣ ਨਾਲ ਮੇਰਾ ਸਾਹ ਵਾਪਿਸ ਆ ਗਿਆ। ਮੈਂ ਮੌਤ ਦੇ ਮੂੰਹ ’ਚੋਂ ਬਚ ਗਿਆ। ਡਾ. ਲਤਾ ਮੇਰੇ ਲਈ ਭਗਵਾਨ ਬਣ ਕੇ ਆਈ। ਮੇਰੀ ਪਤਨੀ ਨੇ ਸਾਰਾ ਦ੍ਰਿਸ਼ ਵੇਖਿਆ ਤੇ ਉਸ ਨੇ ਡਾ. ਲਤਾ ਨੂੰ ਪਿਆਰ ਕੀਤਾ, ਸ਼ੁਕਰੀਆ ਅਦਾ ਕੀਤਾ ਤੇ ਕਿਹਾ ਬੇਟੀ ਤੇਰੀ ਵਜ੍ਹਾ ਕਰਕੇ ਮੇਰੇ ਪਤੀ ਨੂੰ ਜ਼ਿੰਦਗੀ ਮਿਲੀ ਹੈ। ਤੇਰਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ।
    ਡਾਕਟਰਾਂ ਨੇ ਦੱਸਿਆ ਕਿ ਅਗਰ ਤਿੰਨ ਮਿੰਟ ਦੇ ਵਿਚ-ਵਿਚ ਬਣਾਉਟੀ ਸਾਹ ਦੀ ਮਦਦ ਨਾ ਦਿੱਤੀ ਜਾਂਦੀ ਤਾਂ ਮਰੀਜ਼ ਦੀ ਮੌਤ ਜਾਂ ਯਾਦ-ਦਾਸ਼ਤ ਜਾ ਸਕਦੀ ਸੀ। ਇਸ ਸਾਰੀ ਘਟਨਾ ਦਾ ਜ਼ਿਕਰ ਮੇਰੀ ਪਤਨੀ ਨੇ ਮੇਰੇ ਨਾਲ ਕੀਤਾ। ਮੈਂ ਉਸ ਦਿਨ ਤੋਂ ਇਸ ਨੂੰ (ਡਾ. ਲਤਾ) ਨੂੰ ਆਪਣੀ ਬੇਟੀ ਮੰਨਦਾ ਹਾਂ।
    ਮੇਰਾ ਪੈਰ੍ਹ ਕੁਝ ਹਫ਼ਤਿਆਂ ਬਾਅਦ ਠੀਕ ਹੋ ਗਿਆ। ਉਸ ਦਿਨ ਤੋਂ ਡਾ. ਲਤਾ ਨੂੰ ਅਪਣੀ ਬੇਟੀ ਕਹਿੰਦਾ ਹਾਂ। ਜਿਸ ਨੇ ਮੌਕੇ’ਤੇ ਮੈਨੂੰ ਜ਼ਿੰਦਗੀ ਦਿੱਤੀ। ਹੁਣ ਉਹ ਮੈਨੂੰ ਪਰਿਵਾਰ ਸਹਿਤ ਬੇਟੀ ਬਣਕੇ ਮਿਲਦੀ ਹੈ। ਉਸ ਦੀ ਬਦਲੀ ਆਪਣੇ ਪ੍ਰਾਂਤ ਵਿਚ ਹੋ ਚੁੱਕੀ ਹੈ। ਜਿਸ ਕਰਕੇ ਉਹ ਹਰ ਸਾਲ ਰੱਖੜੀ ਤੇ ਹੋਰ ਤਿਉਹਾਰਾਂ ਰਸਮਾਂ ਤੋਂ ਦੁਖ-ਸੁਖ ਵਿੱਚ ਮੇਰੀ ਬੇਟੀ ਮੇਰਾ ਪਿਆਰ ਤੇ ਆਸਰਾ ਬਣਕੇ ਆਉਂਦੀ ਹੈ। ਹਾਂ, ਮੇਰੀ ਬੇਟੀ ਡਾਕਟਰ ਮੇਜਰ ਲਤਾ।
        
ਬਲਵਿੰਦਰ ਬਾਲਮ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋਬਾਈਲ : 98156-25409