ਪੰਜਾਬ ਦੀ ਸਿਆਸਤ ’ਚ ਮੁੜ ਸਰਗਰਮ ਹੋਵੇਗੀ ਲੋਕ ਭਲਾਈ ਪਾਰਟੀ

ਪੰਜਾਬ ਦੀ ਸਿਆਸਤ ’ਚ ਮੁੜ ਸਰਗਰਮ ਹੋਵੇਗੀ ਲੋਕ ਭਲਾਈ ਪਾਰਟੀ

ਜੈਤੋ - ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਵਾਲੀ ਲੋਕ ਭਲਾਈ ਪਾਰਟੀ ਸਤੰਬਰ ਮਹੀਨੇ ਗੁਰੂ ਕੀ ਢਾਬ ਮੇਲੇ ’ਤੇ ਕਾਨਫਰੰਸ ਕਰਕੇ ਮੁੜ ਤੋਂ ਪੰਜਾਬ ਦੀ ਸਿਆਸਤ ’ਚ ਸਰਗਰਮ ਹੋਵੇਗੀ। ਸੀਨੀਅਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਦੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਜਦੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਮੁੱਦੇ ਰਹਿਤ ਰਾਜਨੀਤੀ ਕਰਕੇ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਕਰ ਰਹੀਆਂ ਹੋਣ ਤਾਂ ਅਜਿਹੇ ’ਚ ਪੰਜਾਬੀਆਂ ਨੂੰ ਸਹੀ ਦਿਸ਼ਾ ਦੇਣਾ ਲੋਕ ਭਲਾਈ ਪਾਰਟੀ ਆਪਣਾ ਫ਼ਰਜ਼ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਨੂੰ ਢਾਹ ਲਾ ਰਿਹਾ ਹੈ ਅਤੇ ਹੋਂਦ ਬਚਾਉਣ ’ਚ ਲੱਗੇ ਅਕਾਲੀ ਦਲ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਰਾਮੂਵਾਲੀਆ ਨੇ ਕਿਹਾ ਕਿ ਸ਼ਾਨਾਮੱਤੇ ਇਤਿਹਾਸ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਯੋਗ ਆਗੂ ਨਾ ਹੋਣ ਕਰਕੇ ਇਹ ਦਿਨੋ-ਦਿਨ ਨਿਘਾਰ ਵੱਲ ਜਾ ਰਿਹਾ ਹੈ। ਉਨ੍ਹਾਂ ਸੁਆਲ ਕੀਤਾ ਕਿ ਸੰਤ ਫ਼ਤਿਹ ਸਿੰਘ, ਮਾਸਟਰ ਤਾਰਾ ਸਿੰਘ, ਮੋਹਨ ਸਿੰਘ ਤੁੜ ਤੋਂ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀਆਂ ਆਪਣੀਆਂ ਕਿਹੜੀਆਂ ਬੱਸਾਂ, ਕਿਹੜੇ ਸ਼ਾਪਿੰਗ ਮਾਲ ਜਾਂ ਹੋਟਲ ਸਨ। ਉਨ੍ਹਾਂ ਬਰਾਜ਼ੀਲ ਦੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਦੀਆਂ ਸਮੱਸਿਆਵਾਂ ਨੂੰ ਆਪਣੇ ਮੈਨੀਫੈਸਟੋ ਵਿਚ ਥਾਂ ਦੇਣ ਦੀ ਸ਼ਲਾਘਾ ਕਰਦਿਆਂ ਭਾਰਤੀ ਸਿਆਸਤਦਾਨਾਂ ਨੂੰ ਉਨ੍ਹਾਂ ਤੋਂ ਸੇਧ ਲੈਣ ਦੀ ਸਲਾਹ ਦਿੱਤੀ।