ਬੰਗਾਲ ’ਚ ਕੇਂਦਰੀ ਏਜੰਸੀਆਂ ’ਤੇ ਹੋ ਰਹੇ ਨੇ ਹਮਲੇ: ਮੋਦੀ

ਬੰਗਾਲ ’ਚ ਕੇਂਦਰੀ ਏਜੰਸੀਆਂ ’ਤੇ ਹੋ ਰਹੇ ਨੇ ਹਮਲੇ: ਮੋਦੀ

ਜਲਪਾਇਗੁੜੀ/ਨਵਾਦਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਤ੍ਰਿਣਾਮੂਲ ਕਾਂਗਰਸ ਪੱਛਮੀ ਬੰਗਾਲ ਵਿੱਚ ਭ੍ਰਿਸ਼ਟਾਚਾਰ ਤੇ ਹਿੰਸਾ ਦੀ ਖੁੱਲ੍ਹੀ ਛੁੱਟੀ ਚਾਹੁੰਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਕੇਂਦਰੀ ਏਜੰਸੀਆਂ ਨੂੰ ਸੂਬੇ ਵਿੱਚ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਅੱਜ ਪੱਛਮੀ ਬੰਗਾਲ ਦੇ ਜਲਪਾਇਗੁੜੀ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਤਰ੍ਹਾਂ ਉਨ੍ਹਾਂ ਬਿਹਾਰ ਦੇ ਨਵਾਦਾ ’ਚ ਵੀ ਰੈਲੀ ਨੂੰ ਸੰਬੋਧਨ ਕੀਤਾ।ਪੱਛਮੀ ਬੰਗਾਲ ਦੇ ਜਲਪਾਇਗੁੜੀ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਤ੍ਰਿਣਾਮੂਲ ਕਾਂਗਰਸ ਸੂਬੇ ਵਿੱਚ ਭ੍ਰਿਸ਼ਟਾਚਾਰ ਤੇ ਹਿੰਸਾ ਦੀ ਖੁੱਲ੍ਹੀ ਛੁੱਟੀ ਚਾਹੁੰਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਕੇਂਦਰੀ ਏਜੰਸੀਆਂ ਨੂੰ ਸੂਬੇ ਵਿੱਚ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਦੀ ਦੀ ਟਿੱਪਣੀ ਇੱਕ ਦਿਨ ਪਹਿਲਾਂ ਐੱਨਆਈਏ ਦੀ ਇੱਕ ਟੀਮ ’ਤੇ ਭੀੜ ਵੱਲੋਂ ਕੀਤੇ ਗਏ ਕਥਿਤ ਹਮਲਿਆਂ ਤੋਂ ਬਾਅਦ ਆਈ ਹੈ। ਉਨ੍ਹਾਂ ਕਿਹਾ, ‘ਤ੍ਰਿਣਾਮੂਲ ਕਾਂਗਰਸ ਸਰਕਾਰ ਬੰਗਾਲ ’ਚ ਲੁੱਟ-ਖੋਹ ਅਤੇ ਦਹਿਸ਼ਤ ਲਈ ਪੂਰੀ ਛੋਟ ਚਾਹੁੰਦੀ ਹੈ। ਆਪਣੇ ਜਬਰੀ ਵਸੂਲੀ ਕਰਨ ਵਾਲੇ ਅਤੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਲਈ ਟੀਐੱਮਸੀ ਕੇਂਦਰੀ ਜਾਂਚ ਏਜੰਸੀਆਂ ’ਤੇ ਹਮਲੇ ਕਰਵਾਉਂਦੀ ਹੈ ਜਦੋਂ ਉਹ ਇੱਥੇ ਕੰਮ ਕਰਦੇ ਹਨ।’ ਉਨ੍ਹਾਂ ਕਿਹਾ ਕਿ ਟੀਐੱਮਸੀ ਕਾਨੂੰਨ ਤੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਟੀਐੱਮਸੀ ਸਰਕਾਰ ’ਤੇ ਸੂਬੇ ’ਚ ਗਰੀਬਾਂ ਲਈ ਕੇਂਦਰੀ ਯੋਜਨਾਵਾਂ ਦੇ ਅਮਲ ’ਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਣ ਦੇ ਰਹੀ। ਉਨ੍ਹਾਂ ਕਿਹਾ ਕਿ ਈਡੀ ਨੇ ਬੰਗਾਲ ’ਚ ਭ੍ਰਿਸ਼ਟਾਚਾਰ ਦੇ ਵੱਖ ਵੱਖ ਕੇਸਾਂ ਵਿੱਚ ਟੀਐੱਮਸੀ ਦੇ ਭ੍ਰਿਸ਼ਟ ਆਗੂਆਂ ਦੀ ਤਿੰਨ ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਇਸੇ ਤਰ੍ਹਾਂ ਬਿਹਾਰ ਦੇ ਨਵਾਦਾ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਚੋਣਾਂ ਲਈ ਪਾਰਟੀ ਵੱਲੋਂ ਜਾਰੀ ਮੈਨੀਫੈਸਟੋ ਵਿੱਚ ‘ਤੁਸ਼ਟੀਕਰਨ ਦੀ ਰਾਜਨੀਤੀ’ ਦੀ ਬਦਬੂ ਆ ਰਹੀ ਹੈ ਤੇ ਇਹ ਅਜਿਹਾ ਹੈ ਜਿਵੇਂ ਇਸ ਨੂੰ ਮੁਸਲਿਮ ਲੀਗ ਲਿਆਈ ਹੋਵੇ ਅਤੇ ਇਸ ਦੇ ਆਗੂਆਂ ਦੇ ਬਿਆਨ ਕੌਮੀ ਅਖੰਡਤਾ ਤੇ ਸਨਾਤਨ ਧਰਮ ਪ੍ਰਤੀ ਦੁਸ਼ਮਣੀ ਦਾ ਪ੍ਰਗਟਾਵਾ ਕਰਦੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਉਸ ‘ਜੰਗਲ ਰਾਜ’ ਨੂੰ ਯਾਦ ਕੀਤਾ ਜੋ ਉਸ ਸਮੇਂ ਕਾਇਮ ਸੀ ਜਦੋਂ ਸੂਬੇ ਵਿੱਚ ਕਾਂਗਰਸ-ਆਰਜੇਡੀ ਗੱਠਜੋੜ ਦਾ ਰਾਜ ਸੀ। ਉਨ੍ਹਾਂ ਮੁੱਖ ਮੰਤਰੀ ਵਜੋਂ ਚੀਜ਼ਾਂ ਬਦਲਣ ਲਈ ਆਪਣੇ ਸਹਿਯੋਗੀ ਨਿਤੀਸ਼ ਕੁਮਾਰ ਅਤੇ ਸੁਸ਼ੀਲ ਕੁਮਾਰ ਮੋਦੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ, ‘ਕਾਂਗਰਸ ਨੇ ਜੋ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਉਸ ’ਤੇ ਮੁਸਲਿਮ ਲੀਗ ਦੀ ਛਾਪ ਦਿਖਾਈ ਦੇ ਰਹੀ ਹੈ। ਇਸ ਨੇ ਚੋਣ ਮੈਨੀਫੈਸਟੋ ਨਹੀਂ ਬਲਕਿ ਤੁਸ਼ਟੀਕਰਨ ਦਾ ਐਲਾਨਨਾਮਾ ਜਾਰੀ ਕੀਤਾ ਹੈ।’ ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਲਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਨਿਸ਼ਾਨੇ ’ਤੇ ਲਿਆ ਜਿਨ੍ਹਾਂ ਪਿੱਛੇ ਜਿਹੇ ਧਾਰਾ 370 ਹਟਾਏ ਜਾਣ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਉਨ੍ਹਾਂ ਕਿਹਾ, ‘ਕਾਂਗਰਸ ਦੇ ਕੌਮੀ ਪ੍ਰਧਾਨ ਦਾ ਅਹੁਦਾ ਕੋਈ ਛੋਟਾ ਨਹੀਂ ਹੈ। ਉਹ ਕਹਿੰਦੇ ਹਨ ਕਿ ਸੰਵਿਧਾਨ ਦੀ ਧਾਰਾ 370 ਦਾ ਰਾਜਸਥਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਟੁੱਕੜੇ ਟੁੱਕੜੇ ਗੈਂਗ ਦੀ ਮਾਨਸਿਕਤਾ ਹੈ। ਉਨ੍ਹਾਂ ਦੇ ਵਿਚਾਰ ਰਾਜਸਥਾਨ ਤੇ ਬਿਹਾਰ ਦੇ ਸੁਰੱਖਿਆ ਕਰਮੀਆਂ ਦਾ ਅਪਮਾਨ ਹਨ ਜਿਨ੍ਹਾਂ ਨੇ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਨਾਲ ਲੜਦੇ ਹੋਏ ਜਾਨ ਗੁਆਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਤਿਰੰਗੇ ’ਚ ਲਿਪਟੀਆਂ ਹੋਈਆਂ ਵਾਪਸ ਆਈਆਂ।’ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਸੰਵਿਧਾਨ ਬਾਰੇ ਬਹੁਤ ਗੱਲ ਕਰਦਾ ਹੈ ਪਰ ਉਨ੍ਹਾਂ ਦੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਜੰਮੂ ਕਸ਼ਮੀਰ ’ਚ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਕੀਤਾ। ਇਹ ਕੰਮ ਮੋਦੀ ਨੂੰ ਕਿਉਂ ਕਰਨਾ ਪਿਆ।