ਆਇਜ਼ੋਲ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਦੇਸ਼ ਦੇ 60 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ, ਜੋ ਕਿ ਭਾਜਪਾ ਨਾਲੋਂ ਵੱਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਮਿਜ਼ੋਰਮ ਦੀਆਂ ਦੋ ਮੁੱਖ ਮਾਰਟੀਆਂ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਅਤੇ ਵਿਰੋਧੀ ਧਿਰ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡਪੀਐੱਮ) ਨੂੰ ਇਸਾਈ ਬਹੁਗਿਣਤੀ ਵਾਲੇ ਸੂਬੇ ਵਿੱਚ ਪੈਰ ਜਮਾਉਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਮਿਜ਼ੋਰਮ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਬਜ਼ੁਰਗਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇਗੀ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਗੈਸ ਸਿਲੰਡਰ ਵੀ 750 ਰੁਪਏ ਵਿੱਚ ਦਿੱਤਾ ਜਾਵੇਗਾ। ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ 7 ਨਵੰਬਰ ਨੂੰ ਹੋਣੀਆਂ ਹਨ। ਰਾਹੁਲ ਗਾਂਧੀ ਨੇ ਆਇਜ਼ੋਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਅਤੇ ਆਰਐੱਸਐੱਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ, ‘‘ਦੇਸ਼ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਡੇ ਨਾਲੋਂ ਵੱਖਰਾ ਹੈ। ਅਸੀਂ ਵਿਕੇਂਦਰੀਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜਦਕਿ ਭਾਜਪਾ ਦਾ ਮੰਨਣਾ ਹੈ ਕਿ ਸਾਰੇ ਫ਼ੈਸਲੇ ਦਿੱਲੀ ਵਿੱਚ ਲਏ ਜਾਣੇ ਚਾਹੀਦੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਕਾਂਗਰਸ ਹੀ ਜਿੱਤੇਗੀ।ਉਨ੍ਹਾਂ ਭਾਜਪਾ ’ਤੇ ਦੇਸ਼ ਦੇ ਸਮੁੱਚੇ ਸੰਸਥਾਗਤ ਢਾਂਚੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਨੀਂਹ ਰੱਖਣ ਵਿੱਚ ਮਦਦ ਕੀਤੀ ਹੈ ਅਤੇ ਇਸ ਪੁਰਾਣੀ ਪਾਰਟੀ ਦਾ ਉਸ ਨੀਂਹ ਨੂੰ ਬਚਾਉਣ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ, “ਉੱਤਰ-ਪੂਰਬ ਦੇ ਕਈ ਸੂਬੇ ਭਾਜਪਾ ਅਤੇ ਆਰਐੱਸਐੱਸ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਹ ਤੁਹਾਡੀਆਂ ਧਾਰਮਿਕ ਆਸਥਾਵਾਂ ਦੀ ਬੁਨਿਆਦ ਲਈ ਖ਼ਤਰਾ ਹੈ। ਅਸੀਂ ਚਾਹੁੰਦੇ ਹਾਂ ਕਿ ਮਿਜ਼ੋਰਮ ਦੇ ਲੋਕ ਆਪਣੇ ਭਵਿੱਖ ਬਾਰੇ ਖੁਦ ਫੈਸਲੇ ਲੈਣ।’’ਇਸ ਦੌਰਾਨ ਉਨ੍ਹਾਂ ਭਾਜਪਾ ’ਤੇ ਮਿਜ਼ੋਰਮ ਵਿਚ ਪੈਰ ਜਮਾਉਣ ਲਈ ਐੱਮਐੱਨਐੱਫ ਅਤੇ ਜ਼ੈੱਡਪੀਐੱਮ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਐੱਮਐੱਨਐੱਫ ਸਿੱਧੇ ਤੌਰ ’ਤੇ ਭਾਜਪਾ ਨਾਲ ਜੁੜਿਆ ਹੋਇਆ ਹੈ, ਉੱਥੇ ਇਹ ਵੀ ਸਪੱਸ਼ਟ ਹੈ ਕਿ ਜ਼ੈੱਡਪੀਐੱਮ ਕੇਂਦਰ ਦੀ ਸੱਤਾਧਾਰੀ ਪਾਰਟੀ ਨਾਲ ਮੁਕਾਬਲਾ ਨਹੀਂ ਕਰ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਿਜ਼ੋਰਮ ਦੀ ਰਾਜਧਾਨੀ ਆਇਜ਼ੋਲ ਵਿੱਚ ਸਕੂਟਰ ਟੈਕਸੀ ਦੀ ਸਵਾਰੀ ਕੀਤੀ ਅਤੇ ਸ਼ਹਿਰ ਵਿੱਚ ਆਵਾਜਾਈ ਸਬੰਧੀ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਮਿਜ਼ੋਰਮ ਦੇ ਆਪਣੇ ਦੋ ਦਿਨਾਂ ਚੋਣ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਲਾਲ ਥਨਹਾਵਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਬਾ ਕਾਂਗਰਸ ਕਮੇਟੀ ਦੇ ਮੀਡੀਆ ਸੈੱਲ ਦੇ ਮੁਖੀ ਲਾਲਰੇਮਰੁਆਤਾ ਰੇਂਥਲੀ ਨੇ ਦੱਸਿਆ ਕਿ ਲਾਲ ਥਨਹਾਵਲਾ ਦੀ ਰਿਹਾਇਸ਼ ਤੋਂ ਵਾਪਸ ਆਉਂਦੇ ਸਮੇਂ ਰਾਹੁਲ ਗਾਂਧੀ ਨੇ ਦੋਪਹੀਆ ਟੈਕਸੀ ਲਈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਸੂਬੇ ਵਿੱਚ ਆਵਾਜਾਈ ਸਬੰਧੀ ਅਨੁਸ਼ਾਸਨ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇੱਕ ਦੂਜੇ ਦਾ ਸਤਿਕਾਰ ਕਰਨ ਦੇ ਇਸ ਸੱਭਿਆਚਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।