iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ

iਨੱਝਰ ਕਾਂਡ: ਭਾਰਤ ਨੇ ਜਾਂਚ ’ਤੇ ਮੁੜ ਧਰੀ ਉਂਗਲ

ਓਟਵਾ-ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਕਥਤਿ ਸ਼ਮੂਲੀਅਤ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਲੈ ਕੇ ਓਟਵਾ ਨੂੰ ਲੋੜੀਂਦੇ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਹੈ। ਵਰਮਾ ਨੇ ਕੈਨੇਡਾ ਵੱਲੋਂ ਕੀਤੀ ਜਾਂਚ ਨੂੰ ਦਾਗ਼ਦਾਰ ਕਰਾਰ ਦਿੱਤਾ ਹੈ। ਵਰਮਾ ਨੇ ਬੀਤੇ ਸ਼ੁੱਕਰਵਾਰ ਗਲੋਬ ਤੇ ਮੇਲ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ‘ਇਸ ਕੇਸ ਵਿਚ ਅਜੇ ਤੱਕ ਕੋਈ ਵਿਸ਼ੇਸ਼ ਜਾਂ ਸਬੰਧਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ, ਜਿਸ ਨਾਲ ਜਾਂਚ ਵਿੱਚ ਕੋਈ ਮਦਦ ਮਿਲੇ।’’ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕੂਟਨੀਤਕ ਟਕਰਾਅ ਨੂੰ ਮੁਖਾਤਬਿ ਹੋਣ ਲਈ ਦੋਵੇਂ ਧਿਰਾਂ ਇਕ ਦੂਜੇ ਦੇ ਸੰਪਰਕ ਵਿੱਚ ਹਨ। ਹਾਲਾਂਕਿ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ‘ਪ੍ਰਭੂਸੱਤਾ ਤੇ ਸੰਵੇਦਨਸ਼ੀਲਤਾ’ ਇਕਤਰਫ਼ਾ ਨਹੀਂ ਹੋ ਸਕਦੀ। ਅਖ਼ਬਾਰ ਨੇ ਵਰਮਾ ਦੇ ਹਵਾਲੇ ਨਾਲ ਕਿਹਾ, ‘‘ਸਬੂਤ ਕਿੱਥੇ ਹਨ? ਇਸ ਜਾਂਚ ਦਾ ਨਤੀਜਾ ਕਿੱਥੇ ਹੈ? ਮੈਂ ਇਕ ਕਦਮ ਹੋਰ ਅੱਗੇ ਜਾਂਦਾ ਹਾਂ ਤੇ ਕਹਿੰਦਾ ਹਾਂ ਕਿ ਜਾਂਚ ਪਹਿਲਾਂ ਹੀ ਦਾਗ਼ਦਾਰ ਹੋ ਚੁੱਕੀ ਹੈ।’’ ਵਰਮਾ ਨੇ ਸ਼ਨਿਚਰਵਾਰ ਨੂੰ ਕਿਸੇ ਦਾ ਨਾਮ ਲਏ ਬਿਨਾਂ ਕਿਹਾ, ‘‘ਇਹ ਹਦਾਇਤਾਂ ਕਤਿੋਂ ਉਪਰੋਂ ਆਈਆਂ ਹਨ ਕਿ ਨਿੱਝਰ ਕਤਲ ਕਾਂਡ ਪਿੱਛੇ ਭਾਰਤ ਜਾਂ ਭਾਰਤੀ ਏਜੰਟਾਂ ਦਾ ਹੱਥ ਹੋਣ ਬਾਰੇ ਬਿਆਨ ਦਿੱਤਾ ਜਾਵੇ।’’ ਵਰਮਾ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਭਾਰਤ ਪਿਛਲੇ ਪੰਜ-ਛੇ ਸਾਲਾਂ ਦੌਰਾਨ ਓਟਵਾ ਨੂੰ 26 ਵਾਰ ਬੇਨਤੀ ਕਰ ਚੁੱਕਾ ਹੈ ਕਿ ਕੁਝ ਵੱਖਵਾਦੀਆਂ ਨੂੰ ਭਾਰਤ ਦੇ ਹਵਾਲੇ ਕਰੇ ਪਰ ਕੈਨੇਡਾ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕੈਨੇਡਾ ਵਿੱਚ ਖ਼ੁਦ ਨੂੰ ਅਤੇ ਹੋਰ ਭਾਰਤੀ ਕੂਟਨੀਤਕ ਸਟਾਫ਼ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਬਾਰੇ ਵੀ ਗੱਲ ਕੀਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ਵਿਚ ਦੇਸ਼ ਦੀ ਸੰਸਦ ਵਿਚ ਦਿੱਤੇ ਉਪਰੋਕਤ ਬਿਆਨ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੂਟਨੀਤਕ ਟਕਰਾਅ ਤੇ ਤਲਖੀ ਵੱਧ ਗਈ ਸੀ। ਨਿੱਝਰ ਦੀ ਇਸ ਸਾਲ ਜੂਨ ਵਿੱਚ ਸਰੀ ਦੇ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਰਤ ਨੇ ਨਿੱਝਰ ਨੂੰ 2020 ਵਿੱਚ ਦਹਿਸ਼ਤਗਰਦ ਐਲਾਨ ਦਿੱਤਾ ਸੀ। ਭਾਰਤ ਨੇ ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਹਾਸੋਹੀਣੇ’ ਤੇ ‘ਪ੍ਰੇਰਤਿ’ ਦੱਸ ਕੇ ਖਾਰਜ ਕਰ ਦਿੱਤਾ ਸੀ। ਭਾਰਤ ਨੇ ਮਗਰੋਂ ਕੈਨੇਡਾ ਸਥਤਿ ਆਪਣੇ ਸਫ਼ਾਰਤਖਾਨਿਆਂ ਤੋਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਸਨ। ਇਹੀ ਨਹੀਂ ਭਾਰਤ ਨੇ ਕੈਨੇਡਾ ਨੂੰ ਆਪਣੀ ਕੂਟਨੀਤਕ ਮੌਜੂਦਗੀ ਘਟਾਉਣ ਲਈ ਵੀ ਕਿਹਾ ਸੀ। ਕੈਨੇਡਾ ਨੇ ਆਪਣੇ 41 ਡਿਪਲੋਮੈਟ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਸੱਦ ਲਿਆ ਸੀ।