ਕੈਨੇਡਾ ਵਿਚ ਵਧੀਕੀ, ਨਫ਼ਰਤ ਤੇ ਭੈਅ ਲਈ ਕੋਈ ਥਾਂ ਨਹੀਂ

ਕੈਨੇਡਾ ਵਿਚ ਵਧੀਕੀ, ਨਫ਼ਰਤ ਤੇ ਭੈਅ ਲਈ ਕੋਈ ਥਾਂ ਨਹੀਂ

ਟੋਰਾਂਟੋ-ਟਰੂਡੋ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਸਰਕੁਲੇਟ ਇਕ ਵੀਡੀਓ ਦੇ ਹਵਾਲੇ ਨਾਲ ਅੱਜ ਕਿਹਾ ਕਿ ਕੈਨੇਡਾ ਵਿੱਚ ਵਧੀਕੀ, ਨਫ਼ਰਤ ਤੇ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਇਸ ਵੀਡੀਓ ਵਿੱਚ ਕੈੈਨੇਡਾ ’ਚ ਰਹਿੰਦੇ ਹਿੰਦੂਆਂ ਨੂੰ ਮੁਲਕ ਛੱਡਣ ਲਈ ਕਿਹਾ ਗਿਆ ਹੈ। ਕੈਨੇਡਾ ਦੇ ਲੋਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਜਿਹੀ ਵੀਡੀਓ ਦੀ ਸਰਕੁਲੇਸ਼ਨ ਅਪਮਾਨਜਨਕ ਅਤੇ ਨਫ਼ਰਤ ਭਰੀ ਹੈ ਅਤੇ ਸਾਰੇ ਕੈਨੇਡੀਅਨਾਂ ਤੇ ‘ਜਿਨ੍ਹਾਂ ਕਦਰਾਂ-ਕੀਮਤਾਂ ਨੂੰ ਅਸੀਂ ਪਿਆਰ ਕਰਦੇ ਹਾਂ’ ਦਾ ਅਪਮਾਨ ਹੈ। ਵਿਭਾਗ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਕੈਨੇਡਾ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।’’ ਵਿਭਾਗ ਨੇ ਕਿਹਾ, ‘‘ਵਧੀਕੀ, ਨਫ਼ਰਤ, ਤੇ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਲਈ ਇਸ ਮੁਲਕ ਵਿਚ ਕੋਈ ਥਾਂ ਨਹੀਂ ਹੈ ਤੇ ੲਿਨ੍ਹਾਂ ਦਾ ਇਕੋ ਇਕ ਮਕਸਦ ਸਾਡੇ ਵਿਚ ਵੰਡੀਆਂ ਪਾਉਣਾ ਹੈ। ਅਸੀਂ ਸਾਰੇ ਕੈਨੇਡੀਅਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਦੂਜੇ ਦਾ ਸਤਿਕਾਰ ਕਰਨ ਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ। ਕੈਨੇਡੀਅਨ ਆਪਣੇ ਭਾਈਚਾਰੇ ਵਿਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ।’’ ਇਸ ਤੋਂ ਪਹਿਲਾਂ ਇੰਡੋ- ਕੈਨੇਡੀਅਨ ਕਾਨੂੰਨਸਾਜ਼ ਚੰਦਰ ਆਰੀਆ ਨੇ ‘ਅਤਿਵਾਦ ਨੂੰ ਵਡਿਆਉਣ’ ਤੇ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ ਸੀ। ਕੈਨੇਡਾ ਦਾ ਲੋਕ ਸੁਰੱਖਿਆ ਮੰਤਰੀ ਡੋਮੀਨਿਕ ਲੀਬਲੈਂਕ ਨੇ ਕਿਹਾ ਕਿ ਸਾਡੇ ਕੈਨੇਡੀਅਨ ਆਪਣੇ ਭਾਈਚਾਰਿਆਂ ਵਿਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ।