ਚੋਣ ਜ਼ਾਬਤਾ: ਪੰਜਾਬ ਭਰ ’ਚੋਂ 19 ਹਜ਼ਾਰ ਬੈਨਰ ਤੇ ਪੋਸਟਰ ਹਟਾਏ

ਚੋਣ ਜ਼ਾਬਤਾ: ਪੰਜਾਬ ਭਰ ’ਚੋਂ 19 ਹਜ਼ਾਰ ਬੈਨਰ ਤੇ ਪੋਸਟਰ ਹਟਾਏ

ਚੰਡੀਗੜ੍ਹ- ਚੋਣ ਜ਼ਾਬਤਾ ਲਾਗੂ ਹੁੰਦੇ ਹੀ ਅੱਜ ਪੰਜਾਬ ਭਰ ’ਚੋਂ ਸਰਕਾਰੀ ਤੇ ਜਨਤਕ ਥਾਵਾਂ ’ਤੇ ਲੱਗੇ ਕਰੀਬ 19 ਹਜ਼ਾਰ ਫਲੈਕਸ, ਬੈਨਰ ਅਤੇ ਪੋਸਟਰ ਉਤਾਰ ਦਿੱਤੇ ਗਏ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ, ਵਜ਼ੀਰਾਂ ਅਤੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਸਨ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ 24 ਘੰਟੇ ਦੇ ਅੰਦਰ-ਅੰਦਰ ਸਰਕਾਰੀ ਦਫ਼ਤਰਾਂ ਆਦਿ ਤੋਂ ਸਿਆਸੀ ਨਾਅਰੇ ਤੇ ਪੋਸਟਰਾਂ ਆਦਿ ਨੂੰ ਉਤਾਰਿਆ ਜਾਣਾ ਹੁੰਦਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫ਼ਤਰ ਕੋਲ ਸੂਬੇ ਭਰ ’ਚੋਂ ਚੋਣ ਜ਼ਾਬਤੇ ਦੀ ਪਾਲਣਾ ਦੀ ਪਹਿਲੀ ਰਿਪੋਰਟ ਪੁੱਜੀ ਹੈ।ਮਿਲੇ ਵੇਰਵਿਆਂ ਅਨੁਸਾਰ ਚੋਣ ਪ੍ਰਸ਼ਾਸਨ ਨੇ ਪੰਜਾਬ ਭਰ ਵਿੱਚ ਸਰਕਾਰੀ ਤੇ ਜਨਤਕ ਸੰਪਤੀ ’ਤੇ 21,878 ਫਲੈਕਸਾਂ, ਪੋਸਟਰਾਂ, ਬੈਨਰਾਂ ਅਤੇ ਨਾਅਰਿਆਂ ਆਦਿ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ’ਚੋਂ 18,645 ਫਲੈਕਸਾਂ ਆਦਿ ਨੂੰ ਉਤਾਰ ਦਿੱਤਾ ਗਿਆ ਹੈ। ਸ਼ਹਿਰਾਂ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਤਹਿਬਾਜ਼ਾਰੀ ਵਿੰਗ ਨੇ ਅੱਜ ਪੂਰਾ ਦਿਨ ਚੋਣ ਅਫਸਰਾਂ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਹੈ। ਲੁਧਿਆਣਾ ਸ਼ਹਿਰ ਵਿੱਚ ਇੱਕ ਸਾਬਕਾ ਕੌਂਸਲਰ ਅਤੇ ਉਸ ਦੇ ਪਰਿਵਾਰ ਨੇ ਇਸ ਮੁਹਿੰਮ ’ਤੇ ਇਤਰਾਜ਼ ਵੀ ਖੜ੍ਹੇ ਕੀਤੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਸੰਪਤੀਆਂ ’ਤੇ 4026 ਪੋਸਟਰਾਂ, ਬੈਨਰਾਂ ਅਤੇ ਫਲੈਕਸਾਂ ਆਦਿ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ’ਚੋਂ 3541 ਫਲੈਕਸਾਂ ਆਦਿ ਨੂੰ ਉਤਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਈ ਸ਼ਹਿਰਾਂ ਵਿੱਚ ਕੀਤੀ ਗਈ ਸਰਕਾਰ-ਵਪਾਰ ਮਿਲਣੀ ਦੇ ਫਲੈਕਸ ਕਈ ਸ਼ਹਿਰਾਂ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਜ਼ੀਰਾਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਵੀ ਸਿਆਸੀ ਆਗੂਆਂ ਦੀਆਂ ਤਸਵੀਰਾਂ ਨੂੰ ਹਟਾਇਆ ਗਿਆ ਹੈ।