ਚੰਡੀਗੜ੍ਹ ਤੋਂ ਕਿਰਨ ਖੇਰ ਦੀ ਥਾਂ ਸੰਜੇ ਟੰਡਨ ਬਣੇ ਭਾਜਪਾ ਦੇ ਉਮੀਦਵਾਰ

ਚੰਡੀਗੜ੍ਹ ਤੋਂ ਕਿਰਨ ਖੇਰ ਦੀ ਥਾਂ ਸੰਜੇ ਟੰਡਨ ਬਣੇ ਭਾਜਪਾ ਦੇ ਉਮੀਦਵਾਰ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਥਾਂ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ।ਹਿਮਾਚਲ ਪ੍ਰਦੇਸ਼ ਲਈ ਪਾਰਟੀ ਦੇ ਸਹਿ-ਇੰਚਾਰਜ ਟੰਡਨ (60) ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਮਰਹੂਮ ਬਲਰਾਮਜੀ ਦਾਸ ਟੰਡਨ ਦੇ ਪੁੱਤਰ ਹਨ ਅਤੇ ਜੋ ਜਨ ਸੰਘ ਦੇ ਬਾਨੀ ਮੈਂਬਰਾਂ ’ਚੋਂ ਇੱਕ ਸਨ ਅਤੇ ਬਾਅਦ ਵਿੱਚ ਪੰਜਾਬ ਭਾਜਪਾ ਦੇ ਮੁਖੀ ਵੀ ਰਹੇ। ਸੰਜੇ ਟੰਡਨ ਨੇ ਚੰਡੀਗੜ੍ਹ ਤੋਂ ਟਿਕਟ ਦੇਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਵੱਲੋਂ ਪੇਸ਼ ਚੋਣ ਚੁਣੌਤੀ ਨੂੰ ਖਾਰਜ ਕਰਦਿਆਂ ਕਿਹਾ, ‘ਰਾਜਨੀਤੀ ਰਸਾਇਣ ਵਿਗਿਆਨ ’ਤੇ ਚਲਦੀ ਹੈ, ਗਣਿਤ ’ਤੇ ਨਹੀਂ।’ ਅਦਾਕਾਰਾ ਕਿਰਨ ਖੇਰ ਨੇ ਟੰਡਨ ਨੂੰ ਟਿਕਟ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਕਿਰਨ ਖੇਰ ਪਹਿਲੀ ਵਾਰ 2014 ’ਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣੀ ਸੀ। ਉਨ੍ਹਾਂ 2019 ’ਚ ਚੰਡੀਗੜ੍ਹ ਤੋਂ ਮੁੜ ਜਿੱਤ ਹਾਸਲ ਕੀਤੀ ਸੀ।ਖੇਰ ਨੇ ਐਕਸ ’ਤੇ ਲਿਖਿਆ, ‘ਸੰਜੇ ਟੰਡਨ ਨੂੰ ਚੰਡੀਗੜ੍ਹ ਚੋਣ ਹਲਕੇ ਤੋਂ ਭਾਜਪਾ ਉਮੀਦਵਾਰ ਚੁਣੇ ਜਾਣ ’ਤੇ ਵਧਾਈ। ਅੱਗੇ ਦੀ ਮੁਹਿੰਮ ਲਈ ਤੁਹਾਨੂੰ ਸ਼ੁਭ ਕਾਮਨਾਵਾਂ।’ ਇਸ ਪੋਸਟ ਦੇ ਨਾਲ ਹੀ ਉਨ੍ਹਾਂ ਆਪਣੀ ਸੰਜੇ ਟੰਡਨ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ। ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਟੰਡਨ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਹੈ। ਪਾਰਟੀ ਨੇ ਮੈਨੂੰ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਨਾਮਜ਼ਦ ਕਰਕੇ ਇੱਕ ਮੌਕਾ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਸਮੇਤ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਪਿਛਲੇ 40 ਸਾਲਾਂ ਤੋਂ ਕਿਸੇ ਨਾਲ ਕਿਸੇ ਢੰਗ ਨਾਲ ਚੰਡੀਗੜ੍ਹ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਉਨ੍ਹਾਂ ਦੀ ਸੇਵਾ ਲਈ ਕੋਈ ਕਸਰ ਨਹੀਂ ਛੱਡਾਂਗਾ।’