ਕਾਂਗਰਸ ਪਾਰਟੀ ਨੇ ਫ਼ਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ

ਕਾਂਗਰਸ ਪਾਰਟੀ ਨੇ ਫ਼ਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ- ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਅੱਜ ਦੂਜੀ ਸੂਚੀ ਜਾਰੀ ਕਰਕੇ ਪੰਜਾਬ ਦੇ ਦੋ ਰਾਖਵੇਂ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ਵਿਚ ਛੇ ਉਮੀਦਵਾਰ ਐਲਾਨੇ ਗਏ ਸਨ। ਦੇਰ ਸ਼ਾਮ ਜਾਰੀ ਸੂਚੀ ਅਨੁਸਾਰ ਕਾਂਗਰਸ ਨੇ ਹਲਕਾ ਫ਼ਰੀਦਕੋਟ (ਰਾਖਵਾਂ) ਤੋਂ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦੋਂ ਕਿ ਹਲਕਾ ਹੁਸ਼ਿਆਰਪੁਰ (ਰਾਖਵਾਂ) ਤੋਂ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਪਾਰਟੀ ਨੇ ਦੂਜੀ ਸੂਚੀ ਵਿਚ ਦੋ ਮਹਿਲਾਵਾਂ ਨੂੰ ਟਿਕਟਾਂ ਦੇ ਕੇ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਈ ਹੈ।ਪਾਰਟੀ ਨੇ ਫ਼ਰੀਦਕੋਟ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ ਅਤੇ ਉਪਰੋਕਤ ਦੋਵੇਂ ਹਲਕਿਆਂ ਤੋਂ ਦਲ ਬਦਲੂ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਹੈ। ਫ਼ਰੀਦਕੋਟ ਹਲਕੇ ਤੋਂ ਪਾਰਟੀ ਨੇ ਸਥਾਨਕ ਉਮੀਦਵਾਰ ਨੂੰ ਤਰਜੀਹ ਦਿੱਤੀ ਹੈ। ਅਮਰਜੀਤ ਕੌਰ ਸਾਹੋਕੇ ਦਾ ਪਿੰਡ ਸਾਹੋਕੇ ਹੈ ਜੋ ਕਿ ਮਹਾਨ ਕਵੀ ਬਾਬੂ ਰਜਬ ਅਲੀ ਦਾ ਜੱਦੀ ਪਿੰਡ ਹੈ। ਕਾਂਗਰਸ ਨੇ ਪੰਜਾਬ ਦੇ ਚਾਰੋਂ ਰਾਖਵੇਂ ਹਲਕਿਆਂ ਤੋਂ ਟਿਕਟਾਂ ਦੀ ਵੰਡ ਦਾ ਕੰਮ ਮੁਕੰਮਲ ਕਰ ਲਿਆ ਹੈ। ਪਹਿਲੀ ਸੂਚੀ ਵਿਚ ਕਾਂਗਰਸ ਨੇ ਜਲੰਧਰ ਤੋਂ ਚਰਨਜੀਤ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਕਾਂਗਰਸ ਹੁਣ ਤੱਕ ਅੱਠ ਉਮੀਦਵਾਰ ਐਲਾਨ ਚੁੱਕੀ ਹੈ ਜਦੋਂ ਕਿ ਬਾਕੀ ਪੰਜ ਹਲਕਿਆਂ ’ਤੇ ਪੇਚ ਫਸਦਾ ਨਜ਼ਰ ਆ ਰਿਹਾ ਹੈ। ਸੰਭਾਵਨਾ ਦੇ ਉਲਟ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਟਿਕਟ ਦਾ ਐਲਾਨ ਦੂਜੀ ਸੂਚੀ ਵਿਚ ਨਹੀਂ ਹੋ ਸਕਿਆ ਹੈ। ਕਾਂਗਰਸ ਨੇ ਹਲਕਾ ਖਡੂਰ ਸਾਹਿਬ, ਅਨੰਦਪੁਰ ਸਾਹਿਬ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਹਲਕਾ ਲੁਧਿਆਣਾ ਤੋਂ ਅਜੇ ਆਪਣੇ ਉਮੀਦਵਾਰ ਐਲਾਨਣੇ ਹਨ। ਰਾਣਾ ਗੁਰਜੀਤ ਸਿੰਘ ਆਪਣੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਵੀ ਟਿਕਟ ਦੇ ਚਾਹਵਾਨ ਹਨ। ਗੁਰਦਾਸਪੁਰ ਹਲਕੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਦੇ ਨਾਮ ਦੀ ਚਰਚਾ ਹੈ। ਕੇਂਦਰੀ ਚੋਣ ਕਮੇਟੀ ਦੀ ਐਤਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਦੇ ਸੱਤ ਹਲਕਿਆਂ ਦੇ ਉਮੀਦਵਾਰਾਂ ’ਤੇ ਮੰਥਨ ਹੋਇਆ ਸੀ, ਪਰ ਅੱਜ ਦੋ ਹਲਕਿਆਂ ਤੋਂ ਹੀ ਟਿਕਟਾਂ ਐਲਾਨੀਆਂ ਗਈਆਂ ਹਨ। ਖਡੂਰ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਖ਼ੁਦ ਹੀ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਹੈ। ਗੋਮਰ ਨੇ 2014 ਵਿਚ ‘ਆਪ’ ਉਮੀਦਵਾਰ ਵਜੋਂ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ ਅਤੇ ਉਹ 2.13 ਲੱਖ ਵੋਟ ਹਾਸਲ ਕਰਕੇ ਤੀਜੇ ਨੰਬਰ ’ਤੇ ਰਹੇ ਸਨ। ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਟ ਯਾਮਿਨੀ ਗੋਮਰ ਨੇ ਦਸੰਬਰ 2016 ਵਿਚ ‘ਆਪ’ ਨੂੰ ਅਲਵਿਦਾ ਆਖ ਕੇ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ। ਫ਼ਰੀਦਕੋਟ ਤੋਂ ਉਮੀਦਵਾਰ ਐਲਾਨੀ ਅਮਰਜੀਤ ਕੌਰ ਸਾਹੋਕੇ ਨੇ 2013 ਵਿਚ ਅਧਿਆਪਕਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਮੈਂਬਰੀ ਦੀ ਚੋਣ ਲੜੀ ਅਤੇ ਇਹ ਚੋਣ ਜਿੱਤ ਕੇ ਉਹ 2013-18 ਵਿਚ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਅਰਪਰਸਨ ਵੀ ਰਹੀ। ਅਕਾਲੀ ਦਲ ਨੇ ਅਮਰਜੀਤ ਕੌਰ ਸਾਹੋਕੇ ਨੂੰ 2017 ਵਿਚ ਹਲਕਾ ਜਗਰਾਓਂ ਤੋਂ ਚੋਣ ਲੜਾਈ ਪ੍ਰੰਤੂ ਉਹ ਚੋਣ ਹਾਰ ਗਏ। ਸ਼੍ਰੋਮਣੀ ਅਕਾਲੀ ਦਲ ਨੇ 2022 ਵਿਚ ਸਾਹੋਕੇ ਨੂੰ ਟਿਕਟ ਤੋਂ ਨਾਂਹ ਕਰ ਦਿੱਤੀ ਜਿਸ ਮਗਰੋਂ ਸਾਹੋਕੇ ਨੇ 2022 ਵਿਚ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ।