ਹਾਂਗਜ਼ੂ-ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਤਕਨੀਕੀ ਅੜਚਨਾਂ ਅਤੇ ਹਮਵਤਨ ਕਿਸ਼ੋਰ ਜੇਨਾ ਤੋਂ ਮਿਲੀ ਸਖ਼ਤ ਚੁਣੌਤੀ ਤੋਂ ਉੱਭਰਦਿਆਂ ਇਸ ਸੈਸ਼ਨ ਦਾ ਆਪਣਾ ਸਰਵੋਤਮ 88.88 ਮੀਟਰ ਦਾ ਥਰੋਅ ਸੁੱਟ ਕੇ ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਦੀ 400 ਮੀਟਰ ਰਿਲੇਅ ਟੀਮ ਨੇ ਵੀ ਆਪਣਾ ਖ਼ਿਤਾਬ ਬਰਕਰਾਰ ਰੱਖਿਆ। ਭਾਰਤ ਨੇ ਅੱਜ ਕੁੱਲ 12 ਤਗ਼ਮੇ ਜਿੱਤੇ, ਜਨਿ੍ਹਾਂ ਵਿੱਚੋਂ ਸੱਤ ਟਰੈਕ ਅਤੇ ਫੀਲਡ ਵਿੱਚ ਮਿਲੇ। ਹੁਣ ਤੱਕ 81 ਤਗ਼ਮਿਆਂ ਨਾਲ ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਇਹ ਸਰਵੋਤਮ ਪ੍ਰਦਰਸਨ ਹੈ। ਪਿਛਲੀ ਵਾਰ ਜਕਾਰਤਾ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਨੀਰਜ ਚੋਪੜਾ ਦਾ ਸੋਨ ਤਗ਼ਮਾ ਪੱਕਾ ਮੰਨਿਆ ਜਾ ਰਿਹਾ ਸੀ ਪਰ ਇੱਕ ਸਮੇਂ ਜੇਨਾ ਨੇ 86.77 ਮੀਟਰ ਦੇ ਆਪਣੇ ਤੀਜੇ ਥਰੋਅ ਨਾਲ ਲੀਡ ਬਣਾ ਲਈ ਸੀ ਪਰ ਨੀਰਜ ਚੋਪੜਾ ਨੇ ਆਪਣੇ ਚੌਥੇ ਥਰੋਅ ’ਤੇ 88.88 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਲੀਡ ਬਣਾ ਲਈ। ਜੇਨਾ ਨੇ 87.54 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਜਿੱਤ ਮਗਰੋਂ ਭਾਰਤੀ ਦਲ ਖੁਸ਼ੀ ਵਿੱਚ ਖੀਵਾ ਹੁੰਦਾ ਦਿਖਾਈ ਦਿੱਤਾ। ਇਸ ਤੋਂ ਨੀਰਜ ਚੋਪੜਾ ਦਾ ਪਹਿਲਾ ਥਰੋਅ ਇਲੈੱਕਟ੍ਰਾਨਿਕ ਮਸ਼ੀਨ ਵਿੱਚ ਗੜਬੜ ਹੋਣ ਕਾਰਨ ਦਰਜ ਨਹੀਂ ਕੀਤਾ ਜਾ ਸਕਿਆ।