ਸਿਟੀ ਬਿਊਟੀਫੁੱਲ ਦੀ ਹਵਾ ਮੁੜ ਗੰਧਲੀ ਹੋਈ

ਸਿਟੀ ਬਿਊਟੀਫੁੱਲ ਦੀ ਹਵਾ ਮੁੜ ਗੰਧਲੀ ਹੋਈ

ਚੰਡੀਗੜ੍ਹ-ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਹਵਾ ਗੰਧਲੀ ਹੋ ਗਈ ਹੈ। ਅੱਜ ਏਅਰ ਕੁਆਲਟੀ ਇੰਡੈਕਸ (ਏਕਿਊਆਈ) 250 ਦੇ ਕਰੀਬ ਪਹੁੰਚ ਗਿਆ ਹੈ। ਇੰਨਾ ਹੀ ਨਹੀਂ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਵਾ ਜ਼ਿਆਦਾ ਪ੍ਰਦੂਸ਼ਿਤ ਰਹੀ ਹੈ ਜਦੋਂਕਿ ਸ਼ਹਿਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਘੱਟ ਦਰਜ ਕੀਤੀ ਹੈ। ਦੂਜੇ ਪਾਸੇ, ਸ਼ਹਿਰ ਵਿੱਚ ਅੱਜ ਸਵੇਰ ਸਮੇਂ ਸੰਘਣੀ ਧੁੰਦ ਪਈ, ਜਿਸ ਦਾ ਅਸਰ ਸ਼ਾਮ ਤੱਕ ਦਿਖਾਈ ਦਿੱਤਾ। ਉਸ ਤੋਂ ਬਾਅਦ ਸ਼ਾਮ ਹੁੰਦਿਆਂ ਹੀ ਮੁੜ ਧੁੰਦ ਪੈਣ ਲੱਗ ਪਈ।ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮੁਹਾਲੀ ਦੇ ਨਾਲ ਲਗਦੇ ਇਲਾਕਿਆਂ ਵਿੱਚ ਹਵਾ ਵਾਧੂ ਦੂਸ਼ਿਤ ਪਾਈ ਜਾ ਰਹੀ ਹੈ। ਮੁਹਾਲੀ ਦੇ ਨਾਲ ਲਗਦੇ ਸੈਕਟਰ-53 ਤੇ ਹੋਰਨਾਂ ਇਲਾਕਿਆਂ ਵਿੱਚ ਏਕਿਊਆਈ 247 ’ਤੇ ਪਹੁੰਚ ਗਿਆ ਸੀ। ਸ਼ਹਿਰ ਦੇ ਸੈਕਟਰ-25 ਵਿੱਚ ਏਕਿਊਆਈ 145 ਅਤੇ ਸੈਕਟਰ-22 ਵਿੱਚ 242 ਦਰਜ ਕੀਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮਾਹਿਰਾਂ ਦਾ ਕਹਿਣਾ ਸੀ ਕਿ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਵਾਤਾਵਰਨ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ, ਪਰ ਹਾਲਾਤ ਉਲਟੇ ਹੁੰਦੇ ਜਾ ਰਹੇ ਹਨ।ਦੂਜੇ ਪਾਸੇ, ਸ਼ਹਿਰ ਵਿੱਚ ਦਸੰਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਠੰਢ ਨੇ ਵੀ ਜ਼ੋਰ ਫੜ ਲਿਆ ਹੈ। ਅੱਜ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਰਿਹਾ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ 3-4 ਦਿਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਪਰ ਦੁਪਹਿਰ ਸਮੇਂ ਮੱਧਮ ਧੁੱਪ ਚਮਕਣ ਕਰ ਕੇ ਲੋਕਾਂ ਨੇ ਠੰਢ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ। ਧੁੱਪ ਦੇ ਨਿਕਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਪਹੁੰਚੇ ਦਿਖਾਈ ਦਿੱਤੇ।ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਦੇ ਬਰਾਬਰ ਰਿਹਾ ਹੈ। ਸ਼ਹਿਰ ਵਿੱਚ ਠੰਢ ਦੇ ਵਧਣ ਕਰ ਕੇ ਗਰਮ ਕੱਪੜਾ ਵਪਾਰੀਆਂ ਦੇ ਚਿਹਰੇ ਵੀ ਖਿੜ ਗਏ ਹਨ। ਸਰਦੀ ਦੀ ਆਮਦ ਦੇ ਨਾਲ ਹੀ ਕੱਪੜੇ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗ ਗਈ।