ਮਾਨ ਸਰਕਾਰ ਦਾ ਕਿਸਾਨਾਂ ਨਾਲ ਵਧਦਾ ਵਿਵਾਦ ਪੰਜਾਬ ਦੇ ਹਿਤ ਵਿਚ ਨਹੀਂ!

ਮਾਨ ਸਰਕਾਰ ਦਾ ਕਿਸਾਨਾਂ ਨਾਲ ਵਧਦਾ ਵਿਵਾਦ ਪੰਜਾਬ ਦੇ ਹਿਤ ਵਿਚ ਨਹੀਂ!

- ਅਰਜਨ ਰਿਆੜ (ਮੱੁਖ ਸੰਪਾਦਕ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਬਿਆਨ ਦਿੰਦੇ ਹਨ ਤਾਂ ਸਿਰਾ ਹੀ ਕਰ ਦਿੰਦੇ ਹਨ ਅਤੇ ਸੁਣਨ ਵਾਲਾ ਅੱਸ਼-ਅੱਸ਼ ਕਰ ਉੱਠਦਾ ਹੈ। ਪਰ ਜਦੋਂ ਹਕੀਕੀ ਰੂਪ ਦੀ ਪੜਚੋਲ ਕੀਤੀ ਜਾਂਦੀ ਹੈ ਤਾਂ ‘ਣ’ ਖਾਲੀ ਵਾਲੀ ਗੱਲ ਦਿਖਾਈ ਦਿੰਦੀ ਹੈ। ਵੋਟਾਂ ਤੋਂ ਪਹਿਲਾਂ ਤਾਂ ਭਗਵੰਤ ਮਾਨ ਹੁਰਾਂ ਨੇ ਆਪਣੇ ਬਿਆਨਾਂ ਨਾਲ ਪੰਜਾਬ ਦੇ ਲੋਕਾਂ ਇਸ ਤਰ੍ਹਾਂ ਨਾਲ ਮੋਹ ਲਿਆ ਸੀ ਕਿ ਪੰਜਾਬੀਆਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਤੋਂ ਬਿਨਾਂ ਪੰਜਾਬ ਨੂੰ ਕੋਈ ਬਚਾਅ ਹੀ ਨਹੀਂ ਸਕਦਾ। ਇਹੀ ਰੁਝਾਨ ਵੋਟਾਂ ਤੱਕ ਜਾਰੀ ਰਿਹਾ ਅਤੇ ਪੰਜਾਬ ਦੇ ਲੋਕਾਂ ਨੇ ਇਕ ਪਾਸਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟਾਂ ਦੀ ਹਨ੍ਹੇਰੀ ਲਿਆ ਦਿੱਤੀ ਅਤੇ ਪੰਜਾਬ ਵਿਚ 92 ਸੀਟਾਂ ਨਾਲ ‘ਆਪ’ ਸਰਕਾਰ ਬਣਾ ਦਿੱਤੀ। ਇਕੱਲੇ ਮਾਲਵਾ ਖੇਤਰ ਨੇ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਤ ਦੁਆ ਦਿੱਤਾ। ਹੁਣ ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮਾਲਵਾ ਹੀ ਸਭ ਤੋਂ ਵੱਧ ਦੁਖੀ ਹੈ। ਪਹਿਲਾਂ ਪੰਜਾਬ ਸਰਕਾਰ ਦੇ ਆਉਂਦਿਆਂ ਹੀ ਮਾਲਵੇ ਦਾ ਹੀਰਾ ਗਾਇਕ ਸਰਦਾਰ ਨੌਜਵਾਨ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਇਹ ਗੱਲ ਇੱਥੇ ਤਾਂ ਕਰ ਰਹੇ ਹਾਂ ਕਿ ਜਦੋਂ ਪੰਜਾਬ ਸਰਕਾਰ ਨੇ ਵੀ.ਆਈ.ਪੀਜ਼ ਕੋਲੋਂ ਸਕਿਉਰਿਟੀ ਵਾਪਸ ਲਈ ਤਾਂ ਉਸਦੀ ਇਸ਼ਤਿਹਾਰਬਾਜ਼ੀ ਵੀ ਕਰ ਦਿੱਤੀ ਜਦਕਿ ਇਹ ਇਕ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ਹੈ ਅਤੇ ਇਸਨੂੰ ਜਨਤਕ ਨਹੀਂ ਕਰਨਾ ਚਾਹੀਦਾ। ਪਰ ਸਰਕਾਰ ਦੇ ਮੀਡੀਆ ਸਲਾਹਕਾ ਬਲਤੇਜ ਪੰਨੂੰ ਵਰਗੇ ਨੇ ਇਹ ਹੁੱਬ ਕੇ ਦੱਸ ਦਿੱਤਾ ਜਿਸ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਖੈਰ! ਸਾਡਾ ਵਿਸ਼ਾ ਅੱਜ ਇਹ ਨਹੀਂ, ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਪੰਜਾਬ ਉੱਤੇ ਇਸ ਵੇਲੇ ਹੜ੍ਹਾ ਦੇ ਰੂਪ ਵਿਚ ਕੁਦਰਤੀ ਮਾਰ ਪਈ ਹੋਈ ਹੈ ਤੇ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ ਕਿਸੇ ਦੀ ਕੁੱਕੜੀ ਵੀ ਮਰੀ ਤਾਂ ਉਸਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਅਮਲੀ ਰੂਪ ਵਿਚ ਮੁਆਵਜ਼ਾ ਨਾਲ ਮਿਲਣ ਕਾਰਨ ਕਿਸਾਨ ਹੌਲੀ-ਹੌਲੀ ਹਰਕਤ ਵਿਚ ਆਉਣ ਲੱਗ ਪਏ। ਉਹਨਾਂ ਵਲੋਂ ਸਰਕਾਰ ਵਿਰੱੁਧ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ। ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਪਹਿਲ ਦਿਖਾਉਂਦਿਆਂ ਸਰਕਾਰ ਅੱਗੇ ਮੰਗਾਂ ਰੱਖੀਆਂ ਗਈਆਂ ਪਰ ਸਰਕਾਰ ਵਲੋਂ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਨੂੰ ਪੁਲਿਸ ਦੀ ਲਾਠੀ ਦਾ ਸ਼ਿਕਾਰ ਬਣਾ ਦਿੱਤਾ। ਇਸੇ ਦੇ ਚੱਲਦਿਆਂ ਇਕ ਕਿਸਾਨ ਦੀ ਮੌਤ ਹੋ ਗਈ ਜਿਸ ਦਾ ਮਾਮਲਾ ਯਕੀਨਨ ਹੀ ਹੁਣ ਵਧੇਗਾ। ਭਗਵੰਤ ਮਾਨ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਉਹ ਪੁਲਿਸ ਬਲ ਦੇ ਦਮ ’ਤੇ ਕਿਸਾਨਾਂ ਦੀ ਅਵਾਜ਼ ਚੱੁਪ ਕਰਵਾ ਦੇਵੇਗਾ ਪਰ ਇਹ ਕੋਸ਼ਿਸ਼ ਮੋਦੀ ਸਰਕਾਰ ਵੀ ਕਰ ਕੇ ਦੇਖ ਚੁੱਕੀ ਹੈ ਇਸ ਤਰ੍ਹਾਂ ਹੋ ਨਹੀਂ ਸਕਿਆ। ਕਿਸਾਨਾਂ ਮਿੱਟੀ ਦੇ ਪੁੱਤਰ ਹਨ ਅਤੇ ਉਹ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਹਨ ਅਤੇ ਆਪਣੇ ਹੱਕ ਜ਼ਰੂਰ ਪ੍ਰਾਪਤ ਕਰਨਗੇ। ਸੰਗਰੂਰ ਜ਼ਿਲ੍ਹ ਦੇ ਲੌਂਗੋਵਾਲ ’ਚ ਜਿਹੜਾ ਪੁਲਿਸ ਵਲੋਂ ਲਾਠੀਚਾਰਜ ਹੋਇਆ ਹੈ ਉਹ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਜਿਵੇਂ ਬੇਅਦਬੀ ਕਾਂਡ ਵਿਚ ਗੋਲੀ ਕਾਂਡ ਅਜੇ ਤੱਕ ਬਾਦਲਾਂ ਨੂੰ ਭੂਤ ਬਣ ਕੇ ਚੁੰਬੜਿਆ ਹੋਇਆ ਹੈ ਉਵੇਂ ਵੀ ਲੌਂਗੋਵਾਲ ਲਾਠੀਚਾਰਜ ਵੀ ਭਗਵੰਤ ਮਾਨ ਲਈ ਇਕ ਚੁਣੌਤੀ ਬਣ ਸਕਦਾ ਹੈ। ਕਿਸਾਨਾਂ ਉੱਤੇ ਕੀਤੇ ਗਏ ਇਸ ਜਬਰ ਦਾ ਸਭ ਪਾਸਿਆਂ ਤੋਂ ਬਹੁਤ ਹੀ ਵਿਰੋਧੀ ਹੋ ਰਿਹਾ ਹੈ। ਸਮਾਂ ਰਹਿੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿਦ ਛੱਡਦਿਆਂ ਅੰਨਦਾਤਾ ਕਿਸਾਨਾਂ ਨੂੰ ਰਾਹਤ ਦਿੰਦਿਆਂ ਜਿੱਥੇ ਹੜ ਪੀੜਤਾਂ ਲਈ ਸਹਾਇਤਾ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਉੱਥੇ ਸੰਘਰਸ਼ ਵਿਚ ਮਾਰੇ ਗਏ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਹੀ ਹਾਲਾਤਾਂ ਉੱਪਰ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਦਹਾਕਿਆਂ ਤੱਕ ਸੱਤਾ ਉੱਤੇ ਕਾਬਜ ਰਹੀਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪੱਖੀ ਪ੍ਰਸ਼ਾਸ਼ਨ ਅਜੇ ਸੀਟਾਂ ਉੱਤੇ ਹੀ ਬੈਠਾ ਹੈ ਅਤੇ ਉਹ ਭਗਵੰਤ ਮਾਨ ਤੋਂ ਕੋਈ ਗਲਤ ਫੈਸਲਾ ਵੀ ਕਰਵਾ ਸਕਦਾ ਹੈ। ਇਸ ਲਈ ਹਰ ਹਾਲਤ ਵਿਚ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਕਿਸਾਨਾਂ ਦੇ ਵਿਰੋਧ ਨੂੰ ਰੋਕਣ ਲਈ ਕਦਮ ਉਠਾਉਣ, ਜੇਕਰ ਉਹ ਕਿਸਾਨਾਂ ਨੂੰ ਦਬਾਉਣ ਅਤੇ ਚੱੁਪ ਕਰਵਾਉਣ ਦੇ ਚੱਕਰ ਵਿਚ ਪੈ ਗਏ ਤਾਂ ਯਕੀਨਨ ਹੀ ਉਲਝ ਜਾਣਗੇ ਅਤੇ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਲਾ ਟਕਰਾਅ ਪੰਜਾਬ ਦੇ ਵਿਕਾਸ ਵਿਚ ਅੜਿੱਕਾ ਜ਼ਰੂਰ ਬਣੇਗਾ। ਆਸ ਕਰਦੇ ਹਾਂ ਕਿ ਭਗਵੰਤ ਮਾਨ ਸੂਝਵਾਨਤਾ ਦਿਖਾਉਂਦੇ ਹੋਏ ਇਹ ਮਾਮਲਾ ਸੰਵਿਧਾਨ ਢੰਗ ਨਾਲ ਹੱਲ ਕਰ ਲੈਣਗੇ। ਆਮੀਨ!